ਕਈ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ ਝੋਨੇ ਦੀ ਸਿੱਧੀ ਬਿਜਾਈ

78

588411__chona-1

ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਹੋਰਨਾਂ ਵਿਧੀਆਂ ਨਾਲੋਂ ਕਾਫ਼ੀ ਲਾਹੇਵੰਦ ਮੰਨੀ ਜਾ ਰਹੀ ਹੈ | ਝੋਨੇ ਦੀ ਸਿੱਧੀ ਬਿਜਾਈ ਦਾ ਢੰਗ ਬਹੁਤ ਪੁਰਾਣਾ ਹੈ, ਜਿਸ ਨੂੰ ਕਈ ਹੋਰ ਦੇਸ਼ਾਂ ਵਿਚ ਵੀ ਅਪਣਾਇਆ ਜਾਂਦਾ ਹੈ | ਪੰਜਾਬ ਅੰਦਰ ਇਸ ਢੰਗ ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਤੋਂ ਪ੍ਰਚਲਿਤ ਹੋਈ ਸੀ | ਜਿੱਥੇ ਸਾਲ 1997 ਦੌਰਾਨ ਖੇਤੀਬਾੜੀ ਵਿਭਾਗ ਨੇ ਇਕ ਏਕੜ ਰਕਬੇ ਵਿਚ ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰਵਾ ਕੇ ਇਸ ਮੁਹਿੰਮ ਦਾ ਤਜਰਬਾ ਕੀਤਾ ਸੀ | ਇਸ ਉਪਰੰਤ ਸਾਲ 2002 ਦੌਰਾਨ ਇਸੇ ਜ਼ਿਲ੍ਹੇ ਵਿਚ ਦਰਜਨ ਦੇ ਕਰੀਬ ਕਿਸਾਨਾਂ ਨੂੰ ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰਵਾਈ ਗਈ, ਜਿਸ ਦੇ ਕਾਫੀ ਸਾਰਥਿਕ ਨਤੀਜੇ ਵੀ ਸਾਹਮਣੇ ਆਏ | ਇਸ ਤਹਿਤ ਕਿਸਾਨਾਂ ਦਾ ਰੁਝਾਨ ਇਸ ਵਿਧੀ ਵੱਲ ਹੋਣ ਕਾਰਨ 2011 ਵਿਚ ਪੰਜਾਬ ਅੰਦਰ ਕਰੀਬ 2000 ਹੈਕਟੇਅਰ ਰਕਬਾ ਇਸ ਵਿਧੀ ਨਾਲ ਬੀਜੇ ਝੋਨੇ ਹੇਠ ਸੀ, ਜਦੋਂ ਕਿ 2012 ‘ਚ ਇਹੀ ਰਕਬਾ ਵਧ ਕੇ 20 ਹਜ਼ਾਰ ਹੈਕਟੇਅਰ ਤੱਕ ਪਹੁੰਚ ਗਿਆ | ਇਸ ਵਿਧੀ ਨਾਲ ਬੀਜੇ ਗਏ ਝੋਨੇ ਦੀ ਚੰਗੀ ਪੈਦਾਵਾਰ ਮਿਲਣ ਕਾਰਨ ਪਿਛਲੇ ਸਾਲ ਪੰਜਾਬ ਭਰ ਅੰਦਰ ਕਰੀਬ 50 ਹਜ਼ਾਰ ਹੈਕਟੇਅਰ ਰਕਬੇ ਵਿਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ | ਇਸ ਸਾਲ ਇਸ ਵਿਧੀ ਰਾਹੀਂ 3 ਲੱਖ 21 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਦਾ ਟੀਚਾ ਲੈ ਕੇ ਖੇਤੀਬਾੜੀ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਤੋਂ ਇਸ ਦੀ ਜ਼ੋਰ-ਸ਼ੋਰ ਨਾਲ ਸ਼ੁਰੂਆਤ ਕੀਤੀ ਗਈ ਹੈ | ਜਿਸ ਵਿਚ ਖ਼ੁਦ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਆਈ.ਏ.ਐਸ. ਦੇ ਇਲਾਵਾ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਮੰਗਲ ਸਿੰਘ ਸੰਧੂ ਸਮੇਤ ਕਈ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਇਸ ਵਿਧੀ ਨਾਲ ਝੋਨਾ ਬੀਜਣ ਦਾ ਰਸਮੀ ਆਗਾਜ਼ ਕੀਤਾ | ਇਸ ਉਪਰੰਤ ਸਮੁੱਚੇ ਪੰਜਾਬ ਅੰਦਰ ਖੇਤੀਬਾੜੀ ਵਿਭਾਗ ਹੇਠਲੇ ਪੱਧਰ ‘ਤੇ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ, ਤਾਂ ਕਿ ਝੋਨੇ ਦੀ ਪਨੀਰੀ ਲਗਾਉਣ ਦੀ ਬਜਾਏ ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰਵਾਈ ਜਾ ਸਕੇ | ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ: ਮੰਗਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਿਧੀ ਦਾ ਖਾਸ ਪਹਿਲੂ ਇਹ ਹੈ ਕਿ ਇਸ ਵਿਚ ਝੋਨੇ ਦੀ ਕਾਸ਼ਤ ਦੇ ਰਵਾਇਤੀ ਤਰੀਕੇ ਨਾਲੋਂ ਪਾਣੀ ਦੀ ਵੱਡੀ ਬੱਚਤ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਕਾਸ਼ਤ ਕੀਤੀ ਗਈ ਬਾਸਮਤੀ ਤੇ ਝੋਨੇ ਦੀ ਫ਼ਸਲ ਉੱਲੀ ਆਦਿ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੀ ਕਾਫ਼ੀ ਹੱਦ ਤੱਕ ਰੋਗ ਮੁਕਤ ਰਹਿੰਦੀ ਹੈ, ਕਿਉਂਕਿ ਦੂਜੇ ਤਰੀਕਿਆਂ ਨਾਲ ਕਾਸ਼ਤ ਕਰਨ ਲਈ ਪਨੀਰੀ ਪੁੱਟਣ ਵੇਲੇ ਪਨੀਰੀ ਦੀਆਂ ਜੜ੍ਹਾਂ ਟੁੱਟ ਜਾਂਦੀਆਂ ਹਨ, ਜਿਨ੍ਹਾਂ ਨੂੰ ਉੱਲੀ ਆਦਿ ਤੋਂ ਝਟਪਟ ਹੀ ਇਨਫੈਕਸ਼ਨ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਬਿਜਾਈ ਕਰਨ ‘ਤੇ ਪ੍ਰਤੀ ਏਕੜ ਖੇਤ ਵਿਚ 3 ਲੱਖ ਤੋਂ ਵੀ ਜ਼ਿਆਦਾ ਬੂਟੇ ਉੱਗਦੇ ਹਨ, ਜਦੋਂ ਕਿ ਰਵਾਇਤੀ ਤਰੀਕੇ ਨਾਲ ਲਗਾਏ ਗਏ ਝੋਨੇ ਦੇ ਪ੍ਰਤੀ ਏਕੜ ਵਿਚ 70-75 ਹਜ਼ਾਰ ਦੇ ਕਰੀਬ ਹੀ ਬੂਟੇ ਹੁੰਦੇ ਹਨ | ਹਰੇਕ ਬੂਟੇ ਦੀ ਮੁੱਖ ਸ਼ਾਖਾ ‘ਤੇ ਬਣੇ ਦਾਣਿਆਂ ਦਾ ਆਕਾਰ ਅਤੇ ਸਿਹਤ ਦੂਜੀਆਂ ਸ਼ਾਖਾਵਾਂ ਦੇ ਮੁਕਾਬਲੇ ਕਾਫ਼ੀ ਵਧੀਆ ਹੁੰਦਾ ਹੈ | ਇਸ ਲਈ ਸਿਹਤਮੰਦ ਬੂਟਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਵਿਧੀ ਰਾਹੀਂ ਬੀਜਾ ਗਈ ਫ਼ਸਲ ਦੀ ਪ੍ਰਤੀ ਏਕੜ ਪੈਦਾਵਾਰ ਵੀ ਚੰਗੀ ਨਿਕਲਦੀ ਹੈ |
ਖੇਤ ਦੀ ਤਿਆਰੀ ਦਾ ਢੰਗ ਅਤੇ ਸਮਾਂ
ਡਾ: ਮੰਗਲ ਸਿੰਘ ਸੰਧੂ ਨੇ ਦੱਸਿਆ ਕਿ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਵੀ ਕਰਨੀ ਚਾਹੀਦੀ ਹੈ ਅਤੇ ਇਸ ਮਕਸਦ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਾਫ਼ੀ ਲਾਹੇਵੰਦ ਰਹਿੰਦੀ ਹੈ | ਝੋਨੇ ਦੀਆਂ ਕਿਸਮਾਂ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ, ਜਦੋਂ ਕਿ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਲਈ ਜੂਨ ਦਾ ਦੂਜਾ ਪੰਦਰਵਾੜਾ ਢੁੱਕਵਾਂ ਮੰਨਿਆ ਜਾਂਦਾ ਹੈ | ਇਸ ਵਿਧੀ ਨੂੰ ਅਪਣਾਉਣ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਸੁਹਾਗਾ ਮਾਰਨ ਉਪਰੰਤ ਤਿਆਰ ਕਰਨਾ ਚਾਹੀਦਾ ਹੈ ਅਤੇ ਵੱਤਰ ਵਾਲੇ ਖੇਤ ਵਿਚ ਝੋਨੇ ਦਾ 8 ਤੋਂ 10 ਕਿੱਲੋ ਬੀਜ ਛੱਟਾ ਦੇ ਕੇ ਬੀਜਣਾ ਚਾਹੀਦਾ ਹੈ | ਜੇਕਰ ਖੇਤ ਵਿਚ ਵੱਤਰ ਨਾ ਹੋਏ ਤਾਂ ਬੀਜ ਦਾ ਛੱਟਾ ਦੇ ਕੇ ਮਗਰੋਂ ਵੀ ਪਾਣੀ ਲਗਾਇਆ ਜਾ ਸਕਦਾ ਹੈ | ਪਰ ਅਜਿਹੀ ਸਥਿਤੀ ਵਿਚ ਬੀਜ ਨੂੰ ਭਿਉਂ ਕੇ ਨਹੀਂ ਬੀਜਣਾ ਚਾਹੀਦਾ, ਕਿਉਂਕਿ ਭਿੱਜੇ ਬੀਜ ਨੂੰ ਛੱਟਾ ਦੇਣ ਉਪਰੰਤ ਪਾਣੀ ਨਾ ਲਗਾਏ ਜਾ ਸਕਣ ਦੀ ਸਥਿਤੀ ਵਿਚ ਬੀਜ ਖ਼ਰਾਬ ਵੀ ਹੋ ਸਕਦਾ ਹੈ | ਸਿਹਤਮੰਦ ਫ਼ਸਲ ਲਈ ਬੀਜ ਨੂੰ ਇਕ ਗਰਾਮ ਸਟ੍ਰੈਪਟੋਸਾਈਕਲੀਨ ਅਤੇ 5 ਗਰਾਮ ਸੈਰੀਸਨ ਨਾਲ 10 ਲੀਟਰ ਪਾਣੀ ਵਿਚ 4-5 ਘੰਟੇ ਵਿਚ ਡੁਬਾਉਣ ਉਪਰੰਤ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ | ਵੱਤਰ ਵਾਲੇ ਖੇਤ ਵਿਚ ‘ਸੀਡ ਡਰਿਲ’ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਕਤਾਰਾਂ ਵਿਚ 20 ਸੈਂਟੀਮੀਟਰ ਦਾ ਫ਼ਾਸਲਾ ਰੱਖਣਾ ਚਾਹੀਦਾ ਹੈ, ਜਦੋਂ ਕਿ ਬੀਜ ਦੀ ਡੂੰਘਾਈ 2 ਤੋਂ 3 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ |
ਨਦੀਨਾਂ ਦੀ ਰੋਕਥਾਮ
ਇਸ ਵਿਧੀ ਰਾਹੀਂ ਕਾਸ਼ਤ ਕੀਤੇ ਗਏ ਝੋਨੇ ਵਿਚ ਪਾਣੀ ਖੜ੍ਹਾ ਨਾ ਰੱਖੇ ਜਾਣ ਕਾਰਨ ਨਦੀਨ ਵੀ ਕਾਫ਼ੀ ਉੱਗ ਜਾਂਦੇ ਹਨ | ਇਨ੍ਹਾਂ ਦੀ ਅਗਾਊਾ ਰੋਕਥਾਮ ਕਰਨ ਲਈ ਬਿਜਾਈ ਦੇ ਦੋ ਦਿਨਾਂ ਅੰਦਰ ਇਕ ਲੀਟਰ ਸਟੌਾਪ 30 ਈ. ਸੀ. 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਖੇਤ ਵਿਚ ਸਪਰੇਅ ਕਰਨਾ ਚਾਹੀਦਾ ਹੈ | ਇਸ ਦੇ ਇਲਾਵਾ ਲੋੜ ਅਨੁਸਾਰ 30 ਦਿਨਾਂ ਬਾਅਦ 100 ਮਿਲੀਲਿਟਰ ਨੌਮਨੀ ਗੋਲਡ/ਵਾਸ਼ ਆਊਟ 10 ਐਸ. ਸੀ. (ਬਿਸਪਾਇਰੀਬੈਕ) ਜਾਂ 16 ਗਰਾਮ ਸੈਗਮੈਟ 50 ਡੀ. ਐਫ. ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਿਆ ਜਾ ਸਕਦਾ ਹੈ | ਫ਼ਸਲ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ‘ਤੇ ਨੋਮਨੀ ਗੋਲਡਨ ਨੂੰ ਤਰਜੀਹ ਦੇਣੀ ਚਾਹੀਦੀ ਹੈ | ਨਦੀਨਾਂ ਦੀ ਰੋਕਥਾਮ ਲਈ ਮੁਕੰਮਲ ਜਾਣਕਾਰੀ ਲੈਣ ਲਈ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਲਗਾਤਾਰ ਸਲਾਹ ਵੀ ਲੈਂਦੇ ਰਹਿਣਾ ਚਾਹੀਦਾ ਹੈ |
-ਉਪ-ਦਫ਼ਤਰ ਗੁਰਦਾਸਪੁਰ |
(source Ajit)