ਧਨਾਸਰੀ ਮਹਲਾ ੫ ॥ ਹਰਿ ਹਰਿ ਲੀਨੇ ਸੰਤ ਉਬਾਰਿ ॥ ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥ ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ॥ ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥ ਨਾਨਕ ਸਰਣਿ ਪਰਿਓ ਦੁਖ ਭੰਜਨ ਗੁਨ ਗਾਵੈ ਸਦਾ ਅਪਾਰਿ ॥ ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥ {ਅੰਂਗ 674}
ਅਰਥ: ਹੇ ਭਾਈ! ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਬਚਾਂਦਾ ਆ ਰਿਹਾ ਹੈ। ਜੇ ਕੋਈ ਮਨੁੱਖ ਪਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਨ ਦੀਆਂ ਸੋਚਾਂ ਸੋਚਦਾ ਹੈ, ਤਾਂ ਪਰਮਾਤਮਾ ਉਸੇ ਨੂੰ ਹੀ ਆਤਮਕ ਮੌਤੇ ਮਾਰ ਦੇਂਦਾ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਆਪ ਮਦਦਗਾਰ ਬਣਦਾ ਹੈ, ਉਸ ਦੇ ਨਿੰਦਕ (ਨਿੰਦਾ ਦੇ ਕੰਮ ਵਿਚ) ਹਾਰ ਖਾ ਕੇ ਭੱਜ ਜਾਂਦੇ ਹਨ। ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿਚ ਭਟਕ ਕੇ ਨਿੰਦਾ ਦੇ ਗੇੜ ਵਿਚ ਹੀ ਆਤਮਕ ਮੌਤ ਸਹੇੜ ਲੈਂਦੇ ਹਨ, ਤੇ ਫਿਰ ਅਨੇਕਾਂ ਜੂਨਾਂ ਵਿਚ ਜਾ ਪੈਂਦੇ ਹਨ।੧। ਹੇ ਨਾਨਕ! (ਆਖ–ਹੇ ਭਾਈ! ਜੇਹੜਾ ਮਨੁੱਖ) ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਪੈਂਦਾ ਹੈ, ਉਹ ਉਸ ਬੇਅੰਤ ਪ੍ਰਭੂ ਵਿਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਂਦਾ ਰਹਿੰਦਾ ਹੈ। ਪਰ ਉਸ ਦੀ ਨਿੰਦਾ ਕਰਨ ਵਾਲੇ ਮਨੁੱਖ ਦਾ ਮੂੰਹ ਦੁਨੀਆ ਦੇ ਦਰਬਾਰ ਵਿਚ ਅਤੇ ਦੀਨ ਦੇ ਦਰਬਾਰ ਵਿਚ (ਲੋਕ ਪਰਲੋਕ ਵਿਚ) ਕਾਲਾ ਹੁੰਦਾ ਹੈ (ਨਿੰਦਕ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ)।੨।੧੫।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in, WhatsApp: 98728-98928