ਐਤਵਾਰ 26 ਜੂਨ 2016 (13 ਹਾੜ ਸੰਮਤ 548 ਨਾਨਕਸ਼ਾਹੀ)
ਬਿਲਾਵਲੁ ਮਹਲਾ ੫ ॥ ਗੁਰ ਕਾ ਸਬਦੁ ਰਿਦੇ ਮਹਿ ਚੀਨਾ ॥ ਸਗਲ ਮਨੋਰਥ ਪੂਰਨ ਆਸੀਨਾ ॥੧॥ ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥ ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ ॥ਅੰਧ ਕੂਪ ਤੇ ਕਰੁ ਗਹਿ ਲੀਨਾ ॥ ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥ ਨੀਚਾ ਤੇ ਊਚ ਊਨ ਪੂਰੀਨਾ ॥ ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥ ਮਨ ਤਨ ਨਿਰਮਲ ਪਾਪ ਜਲਿ ਖੀਨਾ ॥ ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥{ਅੰਗ 804}
ਅਰਥ: ਹੇ ਭਾਈ! ਪਰਮਾਤਮਾ ਨੇ ਮੇਹਰ ਕਰ ਕੇ (ਜਿਨ੍ਹਾਂ ਸੰਤ ਜਨਾਂ ਨੂੰ) ਆਪਣਾ ਨਾਮ ਬਖ਼ਸ਼ਿਆ, ਉਹਨਾਂ ਸੰਤ ਜਨਾਂ ਦਾ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਗਿਆ।੧।ਰਹਾਉ। ਹੇ ਭਾਈ! (ਜਿਨ੍ਹਾਂ ਵਡ–ਭਾਗੀਆਂ ਨੇ) ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਿਚਾਰਿਆ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ੍ਹ ਗਈਆਂ।੧। ਹੇ ਭਾਈ! ਜਿਨ੍ਹਾਂ ਵਡ–ਭਾਗੀਆਂ ਨੂੰ ਪ੍ਰਭੂ ਨੇ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਹੱਥ ਫੜ ਕੇ ਕੱਢ ਲਿਆ, ਸਾਰੇ ਜਗਤ ਵਿਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ।੨। ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਆਤਮਕ ਜੀਵਨ ਦੇਣ ਵਾਲਾ ਅਤੇ ਬੜਾ ਸੁਆਦਲਾ ਹਰਿ–ਨਾਮ ਜਪਣਾ ਸ਼ੁਰੂ ਕਰ ਦਿੱਤਾ, ਉਹ ਨੀਵਿਆਂ ਤੋਂ ਉੱਚੇ ਬਣ ਗਏ, ਉਹ (ਪਹਿਲਾਂ ਗੁਣਾਂ ਤੋਂ) ਸੱਖਣੇ (ਗੁਣਾਂ ਨਾਲ) ਭਰ ਗਏ।੩। ਹੇ ਨਾਨਕ! ਆਖ-(ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਜੀ ਪ੍ਰਸੰਨ ਹੋ ਗਏ, ਉਹਨਾਂ ਦੇ ਮਨ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ।੪।੭।੧੨।
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | WhatsApp: 98728-98928