ਸੋਰਠਿ ਮਹਲਾ ੫ ॥ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ {ਅੰਗ 612}
ਅਰਥ: ਹੇ ਭਾਈ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ। ਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) ‘ਹਰੀ ਹਰੀ‘, ‘ਗੁਰੂ ਗੁਰੂ‘ ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਜੀ! ਮੇਰਾ ਨਾਮ “ਰਾਮ ਦਾ ਦਾਸ” ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ,ਭਗਤੀ ਦੀ ਦਾਤਿ ਦੇਹ)।ਰਹਾਉ।
ਹੇ ਭਾਈ! ਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ ਭੀ ਉਪਕਾਰ ਨਹੀਂ ਸਮਝਿਆ, ਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈ, ਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕ) ਦਾਤਾਂ ਦੇਣ ਵਾਲਾ ਹੈ, ਜੇਹੜਾ (ਸਭ ਜੀਵਾਂ ਨੂੰ) ਪਾਲਦਾ ਹੈ, ਸਦਾ(ਸਭ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ।੧।
ਹੇ ਭਾਈ! ਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰ–ਵੱਸਦਾ ਸਮਝ ਰਿਹਾ ਹਾਂ ਜੇਹੜਾ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਦਇਆ ਦਾ ਘਰ ਹੈ, ਜੇਹੜਾ ਸੁਖਾਂ ਦਾ ਸਮੁੰਦਰ ਹੈ, ਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈ, ਜੇਹੜਾ ਸਭ ਜੀਵਾਂ ਦੇ ਅੰਗ–ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂ) ਸੁਣਦਾ ਰਹਿੰਦਾ ਹੈ।੨।
ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ–ਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ? ਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ।੩।
ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ–ਸਮੁੰਦਰ ਤੋਂ) ਪਾਰ ਲੰਘ ਰਹੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।੪।੨।੧੩।