ਏਥੇ ਸੱਜਣ ਠੱਗ ਪਿਆਰੇ ਆ, ਬਣ ਕੌਡੇ ਫਿਰਦੇ ਸਾਰੇ ਆ, ਏਥੇ ਭਾਗੋ ਦੇ ਜ਼ੈਕਾਰੇ ਆ ਤੇ ਲਾਲੋ ਜਿਹੇ ਵਿਚਾਰੇ ਆ-ਸੁਰਜੀਤ ਕੌਰ ਬੈਲਜ਼ੀਅਮ

142

surjit-kaur

ਪਾ ਦੇ ਜੱਗ ਉੱਤੇ ਇੱਕ ਵਾਰੀ ਫ਼ੇਰਾ ਬਾਬਾ ਨਾਨਕਾ।
ਹੋ ਜਾਏ ਚੜ੍ਹਦੀ ਕਲਾ ‘ਚ ਜੱਗ ਤੇਰਾ ਬਾਬਾ ਨਾਨਕਾ।
ਏਥੇ ਸੱਜਣ ਠੱਗ ਪਿਆਰੇ ਆ, ਬਣ ਕੌਡੇ ਫਿਰਦੇ ਸਾਰੇ ਆ।
ਏਥੇ ਭਾਗੋ ਦੇ ਜ਼ੈਕਾਰੇ ਆ ਤੇ ਲਾਲੋ ਜਿਹੇ ਵਿਚਾਰੇ ਆ।
ਨੋਚ-ਨੋਚ ਕੇ ਖਾ ਜਾਣ ਸਭ ਨੂੰ ਕਾਬੂ ਆ ਜਾਏ ਜਿਹੜਾ ਬਾਬਾ ਨਾਨਕਾ।
ਪਾ ਦੇ ਜੱਗ ਉੱਤੇ ਇੱਕ ਵਾਰੀ………………………………………..
ਏਥੇ ਪਾਪ ਪ੍ਰਧਾਨ ਆ, ਮੁਸ਼ਕਲ ਵਿੱਚ ਹਰ ਜਾਨ ਆ।
ਏਥੇ ਸਸਤੇ ਅਰਮਾਨ ਆ, ਸਭ ਹੁੰਦੇ ਲਹੂ ਲੁਹਾਨ ਆ।
ਪਾਇਆ ਪਾਪੀਆਂ ਨੇ ਚਾਰੇ ਪਾਸੇ ਘੇਰਾ ਬਾਬਾ ਨਾਨਕਾ।
ਪਾ ਦੇ ਜੱਗ ਉੱਤੇ ਇੱਕ ਵਾਰੀ………………………………………..
ਘਰ-ਘਰ ਬੈਠੇ ਪਾਂਧੇ ਆ, ਸੱਚ ਤੋਂ ਸਾਰੇ ਵਾਂਝੇ ਆ।
ਤਨ ਤੇ ਰੋਜ਼ ਹੀ ਮਾਰਨ ਪੋਚਾ, ਮਨ ਨਾ ਫੇਰਦੇ ਮਾਂਜੇ ਆ।
ਅੱਖਾਂ ਮੂਹਰੇ ਚਾਨਣ ਭਾਲਣ ਮਨ ਵਿੱਚ ਰੱਖ ਹਨ੍ਹੇਰਾ ਬਾਬਾ ਨਾਨਕਾ।
ਪਾ ਦੇ ਜੱਗ ਉੱਤੇ ਇੱਕ ਵਾਰੀ………………………………………..
ਮਰਦਾਨਾ ਰਬਾਬ ਵਜਾਵੇ ਨਾ, ਕੋਈ ਬਾਲੇ ਨੂੰ ਗਲ਼ ਲਾਵੇ ਨਾ।
ਕੰਡਿਆਲੀ ਦੁਨੀਆਂ ਲਈ ਲੱਕੜ ਦੀ ਜੁੱਤੀ, ਕੋਈ ਵੀ ਪੈਰੀਂ ਪਾਵੇ ਨਾ।
ਦੱਸ ਕਿੱਦਾਂ ਹੋਊ ਏਥੇ ਮਾੜੇ ਦਾ ਵਸੇਰਾ ਬਾਬਾ ਨਾਨਕਾ।
ਪਾ ਦੇ ਜੱਗ ਉੱਤੇ ਇੱਕ ਵਾਰੀ………………………………………..
ਨਿੰਦਿਆ-ਚੁਗਲੀ ਪਾਸੇ ਹੋ ਜਾਣ, ਸੱਚ ਦੇ ਮਨ ਵਿੱਚ ਵਾਸੇ ਹੋ ਜਾਣ।
ਜ਼ੁਲਮ, ਜ਼ਾਬਰ ਦਾ ਖਾ ਜਾਏ ਗੋਤਾ,ਸਭ ਤੇੇਰੇ ਭਰਵਾਸੇ ਹੋ ਜਾਣ।
ਜਿੱਦਾਂ ਘੁੰਮਿਆ ਸੀ ਮੱਕਾ ਚਾਰ ਚੁਫ਼ੇਰਾ ਬਾਬਾ ਨਾਨਕਾ।
ਪਾ ਦੇ ਜੱਗ ਉੱਤੇ ਇੱਕ ਵਾਰੀ………………………………………..
-ਸੁਰਜੀਤ ਕੌਰ ਬੈਲਜ਼ੀਅਮ