ਜਦ ਕਦੇ ਵੀ…. ਉੱਕ ਜਾਵੇ ਤੇਰਾ ਮਨ, ਜ਼ਮਾਨੇ ਦੀ ਭੀੜ ਤੋਂ….
ਤਾਂ ਤੁਰ ਜਾਵੀਂ…
ਅਛੋਪਲੇ ਜਿਹੇ ਗ਼ਰੀਬਾਂ ਦੀ ਬਸਤੀ ਵੱਲੇ,
ਜਿੱਥੇ ਹਰ ਕੋਈ ਦਿਸੇਗਾ ਤੈਨੂੰ ਆਪਣੇ ਦੁੱਖਾਂ ਤੇ ਭੁੱਖਾਂ ਨਾਲ ਲੜਦਾ ਇਕੱਲਾ ਹੀ….।
ਜਦ ਕਦੇ ਵੀ….
ਮੁੱਕਰ ਜਾਣ ਪੈਰ ਤੇਰੇ, ਇੱਕ-ਦੂਜੇ ਦੇ ਪਿੱਛੇ ਤੁਰਨ ਤੋਂ….
ਤਾਂ ਮਾਰ ਲਵੀਂ ਝਾਤੀ…
ਕਿਸੇ ਬੱਤੀਆਂ ਵਾਲੇ ਚੌਂਕ ਤੇ ਪਸਰੇ ਹਨ੍ਹੇੇਰੇ ਵੱਲ, ਸਿਗਨਲਾਂ ਤੇ ਦੌੜਦੇ…
ਭੀਖ ਮੰਗਦੇ ਅਣਗਿਣਤ ਮਾਸੂਮ ਪੈਰਾਂ ਵੱਲ, ਫੜ ਲੈਣਗੇ ਰਫ਼ਤਾਰ…
ਆਪਮੁਹਾਰੇ ਹੀ ਤੇਰੇ ਪੈਰ….
ਇੱਕ-ਦੂਜੇ ਦੇ ਮੂਹਰੇ ਲੱਗ ਕੇ।
ਜਦ ਕਦੇ ਵੀ….
ਉਲਝ ਜਾਵੇਂ ਤੂੰ… ਦਿਲ ਤੇ ਦਿਮਾਗ ਦੀ ਜੰਗ ਵਿੱਚ….
ਤਾਂ ਮਲਕੜੇ ਜਿਹੇ ਚਲੇ ਜਾਵੀਂ, ਕਿਸੇ ਪੂੰਜੀਪਤੀ ਦੀ ਮਿੱਲ ਵੱਲੇ,
ਮਸ਼ੀਨਾਂ ਨਾਲ ਮਸ਼ੀਨ ਹੋਏ ਦਿਸਣਗੇ ਸੈਂਕੜੇ ਹੀ ਮਜ਼ਦੂਰ,
ਖੂਨ-ਪਸੀਨਾ ਵਹਾਉਂਦੇ ਹੋਏ।
ਰੇਸ਼ਮ ਵੇਚਣ ਵਾਲੀਆਂ ਮਿੱਲਾਂ ਵਿੱਚ ਝੀਥੜੇ ਹੰਢਾਉਂਦੇ ਹੋਏ…।
ਜਦ ਕਦੇ ਵੀ….
ਜੰਮ ਜਾਵੇ ਧੂੜ ਸ਼ੀਸ਼ੇ ਤੇ, ਤੈਨੂੰ ਤੇਰਾ ਹੀ ਅਕਸ਼ ਦਿਖਾਉਣ ਵੇਲੇ…
ਤਾਂ ਨਜ਼ਰ ਘੁੰਮਾ ਕੇ ਦੇਖੀਂ ਕਿਸੇ ਕਿਸਾਨ ਵੱਲ,
ਅੰਨ ਦੇ ਉਸ ਭਗਵਾਨ ਵੱਲ….
ਜੋ ਆਪਣੀ ਲੱਖਾਂ ਦੀ ਕਮਾਈ…
ਸ਼ਾਹੂਕਾਰਾਂ ਦੇ ਢਿੱਡ ਪਾ ਕੇ ਜ਼ੇਬ ਵਿੱਚ ਕੱਖਾਂ ਲਏ ਠੇਡੇ ਖਾਂਦਾ ਜਾ ਰਿਹਾ ਹੈ…
ਪਿੰਡ ਵੱਲ ਨੂੰ, ਕਿਸੇ ਸੜਕ ਦੇ ਕਿਨਾਰੇ…।
ਜਦ ਕਦੇ ਵੀ….
ਜਾਗ ਜਾਵੇ ਜਮੀਰ ਤੇਰਾ ਕਿਸੇ ਅਣਕਿਆਸੀ ਤੇ ਅਣਚਾਹੀ ਘਟਨਾ ਨਾਲ…..
ਤਾਂ ਕਰ ਲਵੀਂ ਸਜ਼ਦਾ…
ਉਹਨਾਂ ਜਵਾਨਾਂ ਨੂੰ, ਜੋ ਵਾਰ ਗਏ ਜਾਨਾਂ…
ਸਰਹੱਦਾਂ ਤੇ ਤਾਂ ਕਿ ਤੂੰ ਤੇ ਤੇਰਾ ਪਰਿਵਾਰ ਸੋਂ ਸਕੋ ਚੈਨ ਦੀ ਨੀਂਦ…।
ਜਦ ਕਦੇ ਵੀ….
ਫੜਫੜਾਏ ਰੂਹ ਤੇਰੀ ਅਜ਼ਾਦ ਹੋਣ ਲਈ ਇਸ ਜਿਸਮ ਤੋਂ…..
ਤਾਂ ਪੂੰਝ ਦੇਵੀਂ ਕਿਸੇ ਮਜ਼ਲੂਮ ਦੇ ਅੱਥਰੂ
ਅਪਣਾ ਲਵੀਂ ਕਿਸੇ ਗ਼ੈਰ ਨੂੰ ਸੱਚੇ ਮਨ ਨਾਲ
ਦੇ ਦੇਵੀਂ ਕਿਸੇ ਮਾਸੂਮ ਦੇ ਸੁਪਨਿਆਂ ਨੂੰ ਉਡਾਣ,
ਉਤਰ ਜਾਵੇਗਾ ਬੋਝ ਤੇਰੇ ਬੇਤਾਬ ਮਨ ਤੋਂ,
ਮਿਲ ਜਾਏਗੀ ਸ਼ਾਂਤੀ ਤੇਰੀ ਤਪਦੀ ਰੂਹ ਨੂੰ…।
-ਸੁਰਜੀਤ ਕੌਰ ਬੈਲਜ਼ੀਅਮ