‘ਮੈਂ ਉਦਾਸ ਨਹੀਂ ਹਾਂ’
ਜਦ ਵੀ….
ਪਈ ਏ ਨਜ਼ਰ ਅੰਬਰ ਚੋਂ ਟੁੱਟਦੇ ਬੇਦੋਸ਼ੇ ਤਾਰੇ ਤੇ,
ਤਾਂ…
ਉੱਠੀ ਹੈ ਕੋਈ ਅਸਹਿ ਜਿਹੀ ਪੀੜ ਇਸ ਕਲੇਜੇ ਅੰਦਰ ਇਹ ਸੋਚਕੇ…
ਕਿ ਚਾਨਣ ਦੀ ਲੀਕ ਵਾਂਗਰ ਫ਼ੀਤਾ-ਫ਼ੀਤਾ ਹੋ ਗਏ ਨੇ ਕਿਸੇ ਦਿਲ ਦੇ ਅਰਮਾਨ ।
ਜਦ ਵੀ….
ਤੋੜਿਆ ਹੈ ਦਮ ….
ਸੱਚ ਨੇ ,
ਝੂਠ ਦੀ ਕਚਿਹਰੀ ਅੰਦਰ ਤਾਂ…
ਚੁਭ ਗਈਆਂ ਨੇ ਕੰਤਰਾ ,
ਇਹਨਾਂ ਅੱਖਾਂ ਵਿੱਚ ਉਸ ਕੱਚ ਦੀਆਂ
ਜਿਹਨੇਂ ਸ਼ੀਸ਼ਾ ਬਣਕੇ ਦਿਖਾਉਣਾ ਸੀ ਸਾਨੂੰ ਸਾਡਾ ਹੀ ਵਜ਼ੂਦ ।
ਜਦ ਵੀ….
ਸਧਰਾਂ ਦੀ ਬਗ਼ੀਚੀ ਵਿੱਚੋਂ ਡਿੱਗੀ ਆ ਪਟਕ ਕੇ ਹੇਠਾਂ
ਕੋਈ ਅਨਭੋਲ ਤਿਤਲੀ ਤੇ ਹਵਾ ਦੇ ਬੇਬਾਕ ਬੁੱਲੇ ਨੇ
ਕਤਰ ਕੇ ਸੁੱਟ ਦਿੱਤੇ ਨੇ ਉਹਦੇ ਕੋਮਲ ਪਰ ,
ਤਾਂ…
ਉੱਠ ਗਿਆ ਏ ਭਰੋਸਾ ਮੇਰਾ ਜ਼ਮਾਨੇ ਭਰ ਦੇ ਸ਼ੋਖ ਰੰਗਾਂ ਤੋਂ।
ਜਦ ਵੀ….
ਉੱਤਰੀ ਹਾਂ ਡੂੰਘੀ ਮੈਂ ਆਪਣੇ ਅਗੋਸ਼ ਅੰਦਰ
ਤੇ ਪਾਇਆ ਹੈ ਤੈਨੂੰ ਹੀ ਸਦਾ ਆਪਣੇ ਆਸ-ਪਾਸ,
ਖਮੋਸ਼ ਬੁੱਲਾਂ,
ਪਰ ਸਵਾਲੀਆ ਨਜ਼ਰਾਂ ਨਾਲ
ਤਾਂ….
ਉਸ ਵਕਤ ਮੇਰਾ ਹਮਦਰਦ ਹੋਣ ਦਾ
ਤੇਰਾ ਦਰਦ ਹੀ ਕਰ ਗਿਆ ਏ ਛਲਣੀ ਸੀਨਾ ਮੇਰਾ ।
ਉੰਞ ਮੈਂ ਉਦਾਸ ਨਹੀਂ ਹਾਂ।
-ਸੁਰਜੀਤ ਕੌਰ ਬੈਲਜ਼ੀਅਮ