ਮੇਰਾ ਦੇਸ਼ ਮੇਰਾ ਪ੍ਰਦੇਸ਼ “ਜਹਾਂ ਦਾਣਾ ਤਹਾਂ ਖਾਣਾ” ਦੇ ਕਥਨ ਅਨੁਸਾਰ ,
ਬੇਸ਼ੱਕ ਰਹਿੰਦੇ ਹਾਂ ਅਸੀਂ ਸਮੁੰਦਰਾਂ ਤੋਂ ਪਾਰ । ਪਰ ਨਹੀਂ ਭੁੱਲੇ ਹਾਂ ਅੱਜ ਵੀ ….,
ਆਪਣਾ ਵਿਰਸਾ, ਆਪਣਾ ਦੇਸ਼, ਆਪਣੇ ਲੋਕ ਤੇ ਆਪਣਾ ਸਭਿਆਚਾਰ।
ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ……. ਜਦੋਂ ਵੀ ਮਿਲਦਾ ਹੈ ਵਕਤ….
ਕੁਝ ਘੜੀਆਂ, ਕੁਝ ਪਲ ਆਪਣੇ-ਆਪ ਨਾਲ ਬਿਤਾਉਣ ਦਾ ,
ਤਾਂ ਪਹੁੰਚ ਜਾਦੇਂ ਹਾਂ ਆਪਮੁਹਾਰੇ ਹੀ…
ਆਪਣੇ ਉਸ ਜਹਾਨ, ਉਹ ਖੁੱਲ੍ਹਾ ਅਸਮਾਨ ।
ਉਹ ਪੰਛੀਆਂ ਦੀ ਚਹਿਕ, ਉਹ ਰਿਸ਼ਤਿਆਂ ਦੀ ਮਹਿਕ ।
ਉਹ ਬਬੱਈਏ ਦੇ ਬੋਲ, ਉਹ ਸੁਰੀਲੀ ਕੋਇਲ ।
ਅੰਮੜੀ ਦੀਆਂ ਜਾਈਆਂ, ਤੇ ਸੱਥ ਦੀਆਂ ਭਰਜਾਈਆਂ ।
ਉਹ ਬਾਬਲ ਦੀ ਘੂਰ, ਜੋ ਪਿਆਰ ਨਾਲ ਭਰਭੂਰ ।
ਉਹ ਵੀਰਾਂ ਦਾ ਦੁਲਾਰ, ਉਹ ਸਮਾਜਿਕ ਪਰਿਵਾਰ ।
ਉਹ ਤਾਈਆਂ ਉਹ ਚਾਚੀਆਂ, ਉਹ ਮਾਮੀਆਂ ਉਹ ਮਾਸੀਆਂ ।
ਉਹ ਖੇਤਾਂ ਦੀ ਹਰਿਆਲੀ, ਉਹ ਬੰਬੀ ਪਿੰਡ ਵਾਲੀ ।
ਉਹ ਗੁਰੂ ਦਾ ਦੁਆਰਾ, ਬਾਹਲ਼ਾ ਲੱਗਦਾ ਪਿਆਰਾ ।
ਬੇਸ਼ੱਕ…! ਇਹ ਸਭ ਤਾਂ ਅੱਜ….
ਸੁਪਨਾ ਜਿਹੀਆਂ ਹੀ ਹੋ ਗਈਆਂ ਨੇ, ਯਾਦਾਂ…!
ਓਥੇ ਹੀ ਖਲੋਅ ਗਈਆਂ ਨੇ।
ਕਈ ਵਾਰ ਅੱਖਾਂ ਨੀਰ ਬਣਕੇ ਚੋਅ ਗਈਆਂ ਤੇ ਕਈ ਵਾਰ ਖ਼ੁਦ ਵਿੱਚ ਹੀ ਸਮੋਅ ਗਈਆਂ।
ਪਰ ਫਿਰ ਮਾਰਦੇ ਹਾਂ ਝਾਤੀ…..ਆਪਣੇ ਅੱਜ ਵੱਲ, ਦੇਸ਼ੋ ਹੋਏ ਪ੍ਰਦੇਸ਼ ਵੱਲ ।
ਜਿਹਨੇਂ ਮਾਣ ਦਿੱਤਾ, ਸਨਮਾਨ ਦਿੱਤਾ, ਰੋਟੀ ਕੱਪੜਾ ਅਤੇ ਮਕਾਨ ਦਿੱਤਾ ।
ਆਪਣੇਪਨ ਦਾ ਬੇਸ਼ੱਕ ਅਹਿਸਾਸ ਨਹੀਂ, ਪਰ ਮਨ ਵਿੱਚ ਕੋਈ ਹੁਲਾਸ ਨਹੀਂ ।
ਜਿੱਥੇ ਭਰੀ ਸੁਪਨਿਆਂ ਨੇ ਉਡਾਣ, ਜ਼ਿੰਦਗੀ ਨੂੰ ਮਿਲੀ ਇੱਕ ਪਹਿਚਾਣ ।
ਕਰ ਹਿੰਮਤ ਖ਼ੁਦ ਨੂੰ ਵਰਾਉਣਾ ਸਿੱਖਿਆ, ਮਸ਼ੀਨੀ ਯੁੱਗ ਵਿੱਚ ਮਸ਼ੀਨ ਹੋਣਾ ਸਿੱਖਿਆ ।
ਜਿੱਥੇ ਨਾ ਈਰਖਾ ਨਾ ਸਾੜਾ ਹੈ, ਨਾ ਕੋਈ ਭੇਦ ਨਾ ਕੋਈ ਪਾੜਾ ਹੈ ।
ਸਮਾਜ ਦੀ ਕੋਈ ਪਾਬੰਦੀ ਨਹੀਂ, ਹਾਲਤ ਕਿਸੇ ਦੀ ਚੰਗੀ-ਮੰਦੀ ਨਹੀਂ ।
ਲੋਕਾਂ ਵਿੱਚ ਇਮਾਨਦਾਰੀ ਆ, ਭੱਜੀ ਫਿਰਦੀ ਖਲਕਤ ਸਾਰੀ ਆ ।
ਨਾ ਦਿਖਾਵਾ ਨਾ ਲੋਕ-ਲਾਜ ਆ, ਬਰਾਬਰ ਪੈਂਦੀ ਸਭ ਨੂੰ ਅਵਾਜ਼ ਆ ।
ਨਾ ਸ਼ੋਰ-ਸ਼ਰਾਬੇ ਦਾ ਬਾਹਲ਼ਾ ਜ਼ੱਬ, ਆਪਣੇ ਕੰਮ ਨਾਲ ਹੈ ਮਤਲਬ ।
ਕੁਦਰਤੀ ਜ਼ਿੰਦਗੀ ਸਭ ਜੀਉਂਦੇ ਆ, ਟਾਈਮ ਹੋਵੇ ਤਾਂ ਹੀ ਹੱਥ ਵਟਾਉਂਦੇ ਆ ।
ਕੰਮ ਮਤਲਬ ਨਾਲ ਕਿਸੇ ਤੋਂ ਲੈਂਦੇ ਨਹੀਂ, ਤੇ ਆਪਣਾ ਛੱਡ ਕੇ ਕਦੇ ਬਹਿੰਦੇ ਨਹੀਂ ।
ਇਹਨਾਂ ਰੰਗਾਂ ਨੂੰ ਜ਼ਿੰਦਗੀ ਵਿੱਚ ਢਾਲਦਿਆਂ, ਤੇ ਅਪਨਾਉਂਦਿਆਂ ਹੋਇਆਂ ਪਤਾ ਹੀ ਨਹੀਂ ਲੱਗਾ,
ਕਦੋਂ ਇਹ ਸਾਡੇ ਜੀਵਨ ਦਾ ਹਿੱਸਾ ਬਣ ਗਏ।
ਕਦੋਂ ਸਾਨੂੰ ਇਸ ਸਭ ਦੀ ਆਦਤ ਜਿਹੀ ਹੋ ਗਈ ਤੇ ਕਦੋਂ ਇਹ ਆਪਣਾ ਜਿਹਾ ਹੀ ਲੱਗਣ ਲੱਗ ਪਿਆ।
ਇਸ ਤਰ੍ਹਾਂ ਬਣ ਗਿਆ ਮੇਰਾ ਦੇਸ਼… ਮੇਰਾ ਪ੍ਰਦੇਸ਼…..!
ਸੁਰਜੀਤ ਕੌਰ ਬੈਲਜ਼ੀਅਮ।