ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ਨੀਵਾਰ 17 ਮਈ 2014 (ਮੁਤਾਬਿਕ 4 ਜੇਠ ਸੰਮਤ 546 ਨਾਨਕਸ਼ਾਹੀ)

66

11

ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ {ਅੰਗ 618}
ਪਦਅਰਥ: ਨਿਵਾਰੈ—ਦੂਰ ਕਰ ਦੇਂਦਾ ਹੈ। ਸੂਕਾ—ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ—ਸਹਾਰਾ ਦੇਂਦਾ ਹੈ। ਭੇਟਤ—ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ—ਪ੍ਰਸੰਨ—ਚਿੱਤ। ਬੀਚਾਰੈ—ਵਿਚਾਰਦਾ, ਸੋਚ—ਮੰਡਲ ਵਿਚ ਵਸਾ ਲੈਂਦਾ ਹੈ।੧।
ਬੈਦੁ—ਹਕੀਮ। ਅਉਖਧੁ—ਦਵਾਈ। ਮੁਖਿ—ਮੂੰਹ ਵਿਚ। ਫੰਧਾ—ਫਾਹੀ।੧।ਰਹਾਉ।
ਸਮਰਥ—ਹੇ ਸਭ ਤਾਕਤਾਂ ਦੇ ਮਾਲਕ! ਪੁਰਖ—ਹੇ ਸਰਬ—ਵਿਆਪਕ! ਪੂਰਨ—ਹੇ ਭਰਪੂਰ! ਬਿਧਾਤੇ—ਹੇ ਸਿਰਜਣਹਾਰ! ਆਪੇ—(ਤੂੰ) ਆਪ ਹੀ। ਕਰਣੈਹਾਰਾ—(ਗੁਰੂ ਨੂੰ) ਬਣਾਨ ਵਾਲਾ। ਉਬਾਰਿਆ—(ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ—ਆਸਰਾ।੨।
ਅਰਥ: ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ। (ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ)।੧।ਰਹਾਉ।
ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ। ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ।੧।
ਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ। ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ।੨।੬।੩੪।