ਬਿਲਾਵਲੁ ਮਹਲਾ ੫ ॥
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥ ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥ ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥ ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥ ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥ ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥ {ਅੰਗ 816}
ਅਰਥ: (ਹੇ ਭਾਈ! ਜੇਹੜੀ ਮਾਇਆ) ਇਸ ਲੋਕ ਅਤੇ ਪਰਲੋਕ ਵਿਚ ਕਿਤੇ ਭੀ ਸਾਥ ਨਹੀਂ ਨਿਬਾਹੁੰਦੀ (ਜੀਵ ਉਸ ਨਾਲ ਸਦਾ ਮੋਹ ਪਾਈ ਰੱਖਦਾ ਹੈ। ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ।੧।ਰਹਾਉ। ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ (ਪਹਿਲਾਂ ਮਾਂ ਦੇ ਪੇਟ ਵਿਚ) ਬੰਨ੍ਹ ਕੇ ਰੱਖਿਆ ਹੋਇਆ ਸੀ, ਫਿਰ (ਮਾਂ ਦੇ ਪੇਟ ਵਿਚੋਂ ਕੱਢ ਕੇ ਜਗਤ ਵਿਚ ਲਿਆ ਕੇ ਜਗਤ ਦੇ) ਸੁਖਾਂ ਵਿਚ ਲਿਆ ਵਸਾਇਆ ਹੈ, ਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ।(ਇਸ ਤਰ੍ਹਾਂ ਸਦਾ) ਸ਼ਾਂਤ–ਚਿੱਤ ਰਹਿ ਸਕੀਦਾ ਹੈ।੧। ਹੇ ਭਾਈ! (ਵਿਕਾਰਾਂ ਦੀ) ਗਰਮੀ ਅਤੇ (ਨਾਮ ਦੀ) ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ (ਆਪ ਹੀ ਵਿਕਾਰਾਂ ਦੀ) ਤਪਸ਼ ਵਿਚੋਂ ਕੱਢਦਾ ਹੈ। ਉਹ ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ–ਆਦਰ ਵਾਲਾ) ਬਣਾ ਦੇਂਦਾ ਹੈ, (ਆਪਣੇ ਚਰਨਾਂ ਨਾਲੋਂ) ਟੁੱਟੇ ਹੋਏ ਜੀਵ ਨੂੰ ਉਹ ਆਪ ਹੀ (ਬਾਹੋਂ) ਫੜ ਕੇ (ਆਪਣੇ ਚਰਨਾਂ ਨਾਲ) ਗੰਢ ਲੈਂਦਾ ਹੈ (ਉਸੇ ਦੀ ਸਰਨ ਪਿਆ ਰਹੁ)।੨। (ਹੇ ਭਾਈ! ਦੁਨੀਆ ਵਿਚ) ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ–ਇਹ ਸਾਰੀ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ। ਉਸ ਪਰਮਾਤਮਾ ਦਾ ਨਾਮ (ਇਸ ਰਚਨਾ ਤੋਂ)ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ ਹੈ–ਇਹ ਕਮਾਈ ਕਰਨ ਨਾਲ (ਜੀਵਨ ਦੇ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।੩। ਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ। ਹੇ ਨਾਨਕ! (ਅਰਦਾਸ ਕਰਿਆ ਕਰ-) ਹੇ ਗੁਰੂ! ਅਸੀ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ।੪।੩।੬੦।