ਸੋਰਠਿ ਮਹਲਾ ੫ ॥ ਆਗੈ ਸੁਖੁ ਗੁਰਿ ਦੀਆ ॥ ਪਾਛੈ ਕੁਸਲ ਖੇਮ ਗੁਰਿ ਕੀਆ ॥ ਸਰਬ ਨਿਧਾਨ ਸੁਖ ਪਾਇਆ ॥ ਗੁਰੁ ਅਪੁਨਾ ਰਿਦੈ ਧਿਆਇਆ ॥੧॥ ਅਪਨੇ ਸਤਿਗੁਰ ਕੀ ਵਡਿਆਈ ॥ ਮਨ ਇਛੇ ਫਲ ਪਾਈ ॥ ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ {ਅੰਗ 626}
ਅਰਥ: ਹੇ ਸੰਤ ਜਨੋ! (ਵੇਖੋ) ਆਪਣੇ ਗੁਰੂ ਦੀ ਉੱਚੀ ਆਤਮਕ ਅਵਸਥਾ। (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮਨ–ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ।ਰਹਾਉ। ਹੇ ਸੰਤ ਜਨੋ! ਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ, ਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ। ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ–ਰਾਹ ਵਿਚ ਸੁੱਖ ਬਖ਼ਸ਼ ਦਿੱਤਾ, ਬੀਤੇ ਸਮੇ ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ।੧। ਹੇ ਸੰਤ ਜਨੋ! (ਜੇਹੜੇ ਭੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ) ਸਾਰੇ ਹੀ ਜੀਵ ਦਇਆ–ਭਰਪੂਰ (ਹਿਰਦੇ ਵਾਲੇ) ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਹੇ ਨਾਨਕ! (ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ–ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ–ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਮਗਨ ਰਹਿੰਦੇ ਹਨ।੨।੩।੬੭।