ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ (ਕਪੂਰਥਲਾ) ਤੋਂ ਅੱਜ ਦਾ ਫੁਰਮਾਨ-ਬੁੱਧਵਾਰ 5 ਅਗਸਤ 2015 (21 ਸਾਉਣ ਸੰਮਤ 547 ਨਾਨਕਸ਼ਾਹੀ)

115
Today's Mukhwak from G.Damdama Sahib Thatta

Huqam

ਸੂਹੀ ਮਹਲਾ ੫ ॥ ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਲੀ ਮੋਹਿ ਨਿਰਗੁਨ ਕੇ ਦਾਤਾਰੇ ॥ ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥ ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ਹ੍ਹ ਸਦਾ ਸਦਾ ਉਪਕਾਰੇ ॥ ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥ ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥ ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥ ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥ {ਅੰਗ 738}

ਅਰਥ: ਹੇ ਚੋਜੀ ਲਾਲ! ਹੇ ਪ੍ਰੀਤਮ! ਹੇ ਮਨ ਨੂੰ ਮੋਹ ਲੈਣ ਵਾਲੇ! ਅਸੀ ਜੀਵ ਤੇਰੇ ਦਰਸਨ ਤੋਂ ਕੁਰਬਾਨ ਹਾਂ।੧।ਰਹਾਉ। ਮੈਂ ਗੁਣਹੀਨ ਦੇ ਹੇ ਦਾਤਾਰ! ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ? (ਮੈਂ ਤਾਂ ਤੇਰਾ ਮੁੱਲਖ਼ਰੀਦਿਆ ਸੇਵਕ ਹਾਂ) ਮੁੱਲਖ਼ਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। (ਹੇ ਦਾਤਾਰ! ਮੇਰਾ) ਇਹ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ।੧। (ਹੇ ਦਾਤਾਰ!) ਤੂੰ ਮਾਲਕ ਹੈਂ, ਦਾਤਾਂ ਦੇਣ ਵਾਲਾ ਹੈਂ, ਮੈਂ (ਤੇਰੇ ਦਰ ਤੇ) ਕੰਗਾਲ ਮੰਗਤਾ ਹਾਂ, ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉਤੇ ਮੇਹਰਬਾਨੀਆਂ ਕਰਦਾ ਹੈਂ। ਹੇ ਮੇਰੇ ਅਪਹੁੰਚ ਅਤੇ ਬੇਅੰਤ ਮਾਲਕ! ਕੋਈ ਐਸਾ ਕੰਮ ਨਹੀਂ ਜੋ (ਤੇਰੀ ਮਦਦ ਤੋਂ ਬਿਨਾ) ਮੈਥੋਂ ਹੋ ਸਕੇ।੨। ਹੇ ਪ੍ਰਭੂ! ਮੈਂ ਤੇਰੀ ਕੇਹੜੀ ਸੇਵਾ ਕਰਾਂ? ਮੈਂ ਕੀਹ ਆਖ ਕੇ ਤੈਨੂੰ ਖ਼ੁਸ਼ ਕਰਾਂ? ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ? ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੇਰਾ ਮਨ ਸਦਾ ਤੇਰੇ ਚਰਨਾਂ ਵਿਚ ਪਏ ਰਹਿਣ ਨੂੰ ਤਰਸਦਾ ਹੈ।੩। ਹੇ ਪ੍ਰਭੂ! ਮੈਂ ਢੀਠ ਹੋ ਕੇ (ਮੁੜ ਮੁੜ, ਤੇਰੇ ਦਰ ਤੋਂ) ਮੰਗਦਾ ਹਾਂ, ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ। ਹੇ ਨਾਨਕ! (ਆਖ-) ਜਿਸ ਦਾਸ ਉਤੇ ਗੁਰੂ ਨੇ ਮੇਹਰ ਕਰ ਦਿੱਤੀ, ਪ੍ਰਭੂ ਨੇ (ਉਸ ਨੂੰ ਆਪਣੇ) ਹੱਥ ਦੇ ਕੇ (ਸੰਸਾਰਸਮੁੰਦਰ ਤੋਂ) ਪਾਰ ਲੰਘਾ ਲਿਆ।੪।੬।