ਬਿਲਾਵਲੁ ਮਹਲਾ ੫ ॥ ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥ ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥ ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥ ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥ ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥ ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥੨॥ ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥ ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥ ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥ ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥ {ਅੰਗ 814}
ਪਦਅਰਥ: ਪ੍ਰਭਿ—ਪ੍ਰਭੂ ਨੇ। ਕਿਰਪਾਲ—{ਕਿਰਪਾ—ਆਲਯ} ਦਇਆਵਾਨ। ਨਦਰਿ—ਨਿਗਾਹ। ਨਿਹਾਲ—ਆਨੰਦ—ਭਰਪੂਰ।੧।
ਗੁਰਿ ਪੂਰੈ—ਪੂਰੇ ਗੁਰੂ ਨੇ। ਸੀਤਲੁ—ਠੰਢਾ, ਸ਼ਾਂਤ। ਧਿਆਵਨ ਜੋਗੁ—ਜਿਸ ਦਾ ਧਿਆਨ ਧਰਨਾ ਚਾਹੀਦਾ ਹੈ।੧।ਰਹਾਉ।
ਅਉਖਧੁ—ਦਵਾਈ। ਜਿਤੁ—ਜਿਸ (ਅਉਖਧ) ਦੀ ਰਾਹੀਂ। ਨ ਵਿਆਪੈ—ਜ਼ੋਰ ਨਹੀਂ ਪਾ ਸਕਦਾ। ਸਾਧ ਸੰਗਿ—ਗੁਰੂ ਦੀ ਸੰਗਤਿ ਵਿਚ। ਮਨਿ—ਮਨ ਵਿਚ। ਤਨਿ—ਤਨ ਵਿਚ, ਹਿਰਦੇ ਵਿਚ। ਹਿਤੈ—(ਨਾਮ—ਦਵਾਈ) ਪਿਆਰੀ ਲੱਗਦੀ ਹੈ। ਨ ਜਾਪੈ—ਨਹੀਂ ਜਾਪਦਾ, ਪ੍ਰਤੀਤ ਨਹੀਂ ਹੁੰਦਾ।੨।
ਜਾਪੀਐ—ਜਪਣਾ ਚਾਹੀਦਾ ਹੈ। ਅੰਤਰਿ—(ਮਨ ਦੇ) ਅੰਦਰ। ਲਾਈ—ਲਾਇ, ਲਾ ਕੇ। ਕਿਲਵਿਖ—(ਸਾਰੇ) ਪਾਪ। ਸੁਧੁ—ਪਵਿਤ੍ਰ। ਸਾਧ—ਗੁਰੂ।੩।
ਜਸੁ—ਸੋਭਾ, ਵਡਿਆਈ। ਨਾਮ ਜਸੁ—ਨਾਮ ਦੀ ਵਡਿਆਈ। ਤਾ ਕੀ—ਉਸ (ਮਨੁੱਖ) ਦੀ। ਬਲਾਈ—ਬਲਾ, ਬਿਪਤਾ। ਮਹਾ ਮੰਤ੍ਰੁ—ਸਭ ਤੋਂ ਵੱਡਾ ਮੰਤਰ। ਗਾਈ—ਗਾਏ, ਗਾਂਦਾ ਹੈ।੪।
ਅਰਥ: ਹੇ ਭਾਈ! ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਧਿਆਵਣ–ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਮਨੁੱਖ ਦਾ (ਹਰੇਕ) ਦੁੱਖ (ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ–ਠਾਰ ਹੋ ਜਾਂਦਾ ਹੈ, ਉਹ ਮਨੁੱਖ ਸੁਖੀ ਹੋ ਜਾਂਦਾ ਹੈ।੧।ਰਹਾਉ।
(ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ) ਪ੍ਰਭੂ ਨੇ ਆਪ (ਉਸ ਦੇ ਸਾਰੇ) ਬੰਧਨ ਕੱਟ ਦਿੱਤੇ, ਪ੍ਰਭੂ ਉਸ ਮਨੁੱਖ ਉਤੇ ਦਇਆਵਾਨ ਹੋ ਗਿਆ। (ਹੇ ਭਾਈ!) ਪ੍ਰਭੂ ਪਾਰਬ੍ਰਹਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ(ਜਿਸ ਭੀ ਗ਼ਰੀਬ ਉਤੇ ਪ੍ਰਭੂ ਨਿਗਾਹ ਕਰਦਾ ਹੈ) ਉਹ ਮਨੁੱਖ ਉਸ (ਪ੍ਰਭੂ) ਦੀ ਨਿਗਾਹ ਨਾਲ ਆਨੰਦ–ਭਰਪੂਰ ਹੋ ਜਾਂਦਾ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ। ਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ (ਮਨੁੱਖ ਦੇ) ਮਨ ਵਿਚ ਤਨ ਵਿਚ (ਹਰਿ–ਨਾਮ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਮਨੁੱਖ ਨੂੰ) ਕੋਈ ਦੁੱਖ ਮਹਿਸੂਸ ਨਹੀਂ ਹੁੰਦਾ।੨।
ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰ ਸੁਰਤਿ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। (ਇਸ ਤਰ੍ਹਾਂ ਸਾਰੇ) ਪਾਪ (ਮਨ ਤੋਂ) ਲਹਿ ਜਾਂਦੇ ਹਨ, (ਮਨ) ਪਵਿੱਤਰ ਹੋ ਜਾਂਦਾ ਹੈ।੩।
ਹੇ ਭਾਈ! ਨਾਨਕ (ਇਕ) ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ (ਮੰਤ੍ਰ ਇਹ ਹੈ ਕਿ ਜੇਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂ ਉਸ ਮਨੁੱਖ ਦੀ ਹਰੇਕ ਬਲਾ(ਬਿਪਤਾ) ਦੂਰ ਹੋ ਜਾਂਦੀ ਹੈ।੪।੨੩।੫੩।