ਪੀਰ ਬਾਬਾ ਨੂਰ ਸ਼ਾਹ ਨੂਰੋਵਾਲ ਦਾ ਇਕ ਰੋਜ਼ਾ ਜੋੜ ਤੇ ਖੇਡ ਮੇਲਾ ਦਰਗਾਹ ਦੇ ਮੁੱਖ ਸੇਵਾਦਾਰ ਬਹਾਦਰ ਸਿੰਘ ਦੀ ਸਰਪ੍ਰਸਤੀ ਹੇਠ ਬਾਬਾ ਨੂਰ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਪੀਰ ਨੂਰ ਸ਼ਾਹ ਦੀ ਸ਼ਾਨਦਾਰ ਤਰੀਕੇ ਨਾਲ ਸਜਾਈ ਦਰਗਾਹ ‘ਤੇ ਚਾਦਰ ਅਤੇ ਝੰਡਾ ਝੜਾਉਣ ਦੀ ਰਸਮ ਸੇਵਾ ਦਾਰ ਬਹਾਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਸਾਂਝੇ ਤੌਰ ‘ਤੇ ਅਦਾ ਕੀਤੀ। ਜੋੜ ਮੇਲੇ ਦੇ ਪਹਿਲੇ ਪੜਾਅ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਮੇਲੇ ਦੀ ਮੁੱਖ ਗਾਇਕ ਜੋੜੀ ਬਲਕਾਰ ਅਣਖੀਲਾ ਨੇ ਧਾਰਮਿਕ ਸੂਫ਼ੀ ਗੀਤ ਉਪਰੰਤ ਸਰੋਤਿਆਂ ਦੀ ਪਸੰਦ ਡਿਊਟ ਗੀਤਾਂ ਨਾਲ ਸਰੋਤਿਆਂ ਦਾ ਮਨ ਮੋਹਿਆ। ਗੁਲਜ਼ਾਰ ਗਿੱਲ ਨੇ ਵੀ ਹਾਜ਼ਰੀ ਲਵਾਈ, ਬਾਬਾ ਬਹਾਦਰ ਸਿੰਘ ਮੁੱਖ ਸੇਵਾਦਾਰ ਦਰਗਾਹ ਬਾਬਾ ਨੂਰ ਸ਼ਾਹ ਤੇ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਤੋਂ ਇਲਾਵਾ ਸਨਮਾਨ ਯੋਗ ਸ਼ਖ਼ਸੀਅਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੋੜ ਮੇਲੇ ਦੇ ਦੂਜੇ ਪੜਾਅ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਕਬੱਡੀ ਦੇ ਸ਼ੋਅ ਮੈਚ ਕਰਵਾਏ, ਜਿਸ ਵਿਚ ਪਰਮਜੀਤ ਪੁਰ ਦੀ ਕਬੱਡੀ ਟੀਮ ਨੇ ਤਲਵੰਡੀ ਚੌਧਰੀਆਂ ਦੀ ਟੀਮ ਨੂੰ ਹਰਾਇਆ। ਲੜਕੀਆਂ ਦੇ ਸ਼ੋਅ ਮੈਚ ਵਿਚ ਜਗਰਾਵਾਂ ਦੀ ਟੀਮ ਨੇ ਸੁਲਤਾਨ ਪੁਰ ਲੋਧੀ ਨੂੰ ਹਰਾਇਆ। ਜੇਤੂ ਖਿਡਾਰੀਆਂ ਨੂੰ ਬਾਬਾ ਬਹਾਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ।