ਆਸਟ੍ਰੇਲੀਆ ਵਿਚ ਸਿੱਖ ਕੌਮ ਨੇ ਨਾਨਕਸ਼ਾਹੀ ਨਵਾਂ ਸਾਲ ਸਰਕਾਰੀ ਪੱਧਰ ‘ਤੇ ਮਨਾਇਆ।

56

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਪਹਿਲੀ ਵਾਰ ਸਿੱਖ ਕੌਮ ਵੱਲੋਂ ਆਪਣਾ ਨਵਾਂ ਸਾਲ ਵਿਟਲਸੀ ਕਾਊਂਸਲ ਨਾਲ ਰਲ ਕੇ ਮਨਾਇਆ ਗਿਆ ਜਿਸ ਵਿਚ ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ ਹੈਰੀ ਜੈਨਕਿਨਸ, ਮੈਂਬਰ ਪਾਰਲੀਮੈਂਟ ਰੌਬ ਮਿੱਚਲ, ਵਿਕਟੋਰੀਅਨ ਮੈਂਬਰ ਪਾਰਲੀਮੈਂਟ ਲਿਲੀ ਡੀ ਐਂਬਰੋਸੀਉ, ਵਿਟਲਸੀ ਕਾਊਂਸਲ ਦੇ ਮੇਯਰ ਸਟੀਵਨ ਕੌਜ਼ਮੋਵਸਕੀ, ਕਾਊਂਸਲਰ ਮੈਰੀ ਲੇਲਿਉਸ, ਕਾਊਂਸਲਰ ਪੈਮ ਮੇਕਲੌਡ, ਕਾਊਂਸਲਰ ਕਰਿਸ ਪੈਵਲਿਡਿਸ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਨਾਨਕਸ਼ਾਹੀ ਸਾਲ 544 ਜੋ ਕਿ 1 ਚੇਤ (14 ਮਾਰਚ) ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਸੰਬੰਧੀ ਇਹ ਸਮਾਗਮ ਪਹਿਲੀ ਵਾਰ ਆਸਟ੍ਰੇਲੀਆ ਵਿਚ ਕੀਤੇ ਗਏ। ਇਸ ਬਹੁ-ਸੱਭਿਆਚਾਰਕ ਸਮਾਗਮ ਵਿਚ ਮੈਲਬੌਰਨ ਦੇ ਪ੍ਰਮੁੱਖ ਭਾਈਚਾਰਿਆਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਮੁਸਲਿਮ, ਹਿੰਦੂ, ਸੋਮਾਲੀ, ਈਸਾਈ, ਸਮੋਅਨ, ਈਰਾਨੀ ਬਹਾਈ ਆਦਿ ਪ੍ਰਮੁੱਖ ਸਨ। ਕਾਊਂਸਲ ਦੇ ਹਾਲ ਵਿਚ ਰੱਖੇ ਗਏ ਇਸ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਅਤੇ ਨਾਲ ਸਿੱਖ ਨੌਜਵਾਨ ਕੀਰਤਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਜਿਸ ਵਿਚ ਆਸਟ੍ਰੇਲੀਅਨ ਸਿੱਖ ਬੱਚੇ ਕੀਰਤਨ ਕਰਦੇ ਹਨ। ਕੀਰਤਨ ਤੋਂ ਬਾਅਦ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਸਾਰੇ ਮਹਿਮਾਨਾਂ ਨੇ ਪੰਜਾਬੀ ਖਾਣੇ ਦਾ ਆਨੰਦ ਮਾਣਿਆ। ਖਾਣੇ ਤੋਂ ਬਾਅਦ ਤਿੰਨੇ ਸੰਸਦ ਸਭਾ ਮੈਂਬਰਾਂ ਨੇ ਸਾਰਿਆਂ ਨੂੰ ਸੰਬੋਧਨ ਕੀਤਾ ਅਤੇ ਨਵੇਂ ਵਰ੍ਹੇ ਦੀ ਵਧਾਈ ਦਿੱਤੀ। ਮੇਯਰ ਨੇ ਸੰਬੋਧਨ ਵਿਚ ਸਿੱਖ ਕੌਮ ਦੀਆਂ ਪ੍ਰਾਪਤੀਆਂ ਦਾ ਖਾਸ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ ਆਸਟਰੇਲੀਆ ਵਿਚ ਖੂਨਦਾਨ ਕਰਕੇ ਹਜ਼ਾਰਾਂ ਜਾਨਾਂ ਬਚਾ ਚੁੱਕੀ ਹੈ। ਇਸ ਮੌਕੇ ਕਰੇਗੀਬਰਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ: ਪਰਮਜੀਤ ਸਿੰਘ, ਸ਼ੈਪਰਟਨ ਗੁਰਦੁਆਰਾ ਸਾਹਿਬ ਦੇ ਸ: ਗੁਰਮੀਤ ਸਿੰਘ, ਵੈਰੀਬੀ ਤੋਂ ਸ਼ਿੰਦਾ ਸਿੰਘ, ਮੈਲਬੌਰਨ ਕਬੱਡੀ ਐਕੇਡਮੀ ਤੋਂ ਸ: ਕੁਲਦੀਪ ਸਿੰਘ ਬਾਸੀ ਅਤੇ ਗੁਰਦੀਪ ਸਿੰਘ ਜੌਹਮ, ਨਿਊਜ਼ੀਲੈਂਡ ਆਸਟ੍ਰੇਲੀਅਨ ਪੰਜਾਬੀ ਐਸੋਸੀਏਸ਼ਨ ਦੇ ਸ: ਉਂਕਾਰ ਸਿੰਘ, ਸਿੱਖ ਇੰਟਰਫੇਥ ਦੇ ਦਵਿੰਦਰ ਸਿੰਘ, ਸਿੱਖ ਫੈਡਰੇਸ਼ਨ ਦੇ ਸ: ਰਣਜੀਤ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਸ: ਹਰਕਮਲ ਸਿੰਘ, ਕੌਮਨ ਦੇ ਸ: ਦਯਾ ਸਿੰਘ ਅਤੇ ਜੱਸੀ ਕੌਰ, ਅਖੰਡ ਕੀਰਤਨੀ ਜਥੇ ਤੋਂ ਸ: ਗੁਰਵਿੰਦਰ ਸਿੰਘ ਆਦਿ ਇਸ ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ। ਵਿਕਟੋਰੀਆ ਪੁਲਿਸ ਦੇ ਨੁਮਾਇੰਦਿਆਂ ਵਿਚ ਸਿੱਖੀ ਸਰੂਪ ਵਿਚ ਸ: ਤਕਦੀਰ ਸਿੰਘ ਖਿੱਚ ਦਾ ਕੇਂਦਰ ਬਣੇ ਰਹੇ। ਸਟੇਜ ਦਾ ਸੰਚਾਲਨ ‘ਕਲਚਰਲ ਐਜੂਕੇਸ਼ਨ ਅਤੇ ਕੌਮਨ’ ਦੇ ਜਮੇਲ ਕੌਰ ਨੇ ਬਾਖੂਬੀ ਕੀਤਾ। ਸ: ਦਯਾ ਸਿੰਘ ਵੱਲੋਂ ਆਸਟ੍ਰੇਲੀਆ ਵਿਚ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ: ਗੁਰਬਖਸ਼ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਬਾਰੇ ਜਾਣਕਾਰੀ ਦਿੱਤੀ ਗਈ। ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਸਕੱਤਰ ਸ: ਹਰਕੀਰਤ ਸਿੰਘ ਅਜਨੋਹਾ ਨੇ ਆਏ ਸਾਰੇ ਮਹਿਮਨਾਂ ਦਾ ਧੰਨਵਾਦ ਕੀਤਾ ਅਤੇ ਕੈਲੰਡਰ ਨੂੰ ਤਿਆਰ ਕਰਨ ਵਾਲੇ ਸਿੱਖ ਕੌਮ ਦੇ ਹੀਰੇ ਸ: ਪਾਲ ਸਿੰਘ ਪੁਰੇਵਾਲ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ। ਸ: ਸੁਖਦੀਪ ਸਿੰਘ, ਪ੍ਰਧਾਨ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ, ਸ: ਗੁਰਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਵਨਦੀਪ ਸਿੰਘ, ਬੀਰਇੰਦਰ ਸਿੰਘ, ਅਨੂਹਰਲੀਨ ਸਿੰਘ, ਇੰਦਰਬੀਰ ਸਿੰਘ, ਕੁਲਦੀਪ ਸਿੰਘ ਆਦਿ ਦਾ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਅਹਿਮ ਯੋਗਦਾਨ ਰਿਹਾ।11.03.212