ਸਾਬਕਾ ਮੁੱਖ ਮੰਤਰੀ ਸ.ਬੇਅੰਤ ਸਿੰਘ ਦੇ ਕਤਲ ਦੇ ਦੋਸ਼ ‘ਚ ਫਾਂਸੀ ਦੀ ਸਜ੍ਹਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ‘ਚ ਦੁਨੀਆਂ ਭਰ ‘ਚ ਵਸਦੇ ਸਿੱਖਾਂ ਵਲੋਂ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।ਇਸੇ ਸੰਬੰਧ ‘ਚ 28 ਮਾਰਚ ਦਿਨ ਬੁੱਧਵਾਰ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਕਰਨ ਦਾ ਐਲਾਨ ਕੀਤਾ ਹੈ।ਇਸ ਸੰਬੰਧੀ ਜਗ ਬਾਣੀ ਨੂੰ ਜਾਣਕਾਰੀ ਦਿੰਦੇ ਹੋਏ ਸਿਡਨੀ ਵਿਖੇ ਸਥਿਤ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰਦੁਵਾਰਾ ਸਾਹਿਬ ਪਾਰਕਲੀ (ਗਲੈੱਨਵੁੱਡ) ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ਦੇ ਸਕੱਤਰ ਭਾਈ ਜਸਬੀਰ ਸਿੰਘ ਥਿੰਦ ਨੇ ਦੱਸਿਆ ਕਿ ਜਿੱਥੇ ਸਿਡਨੀ ਤੋਂ ਭਾਰੀ ਗਿਣਤੀ ਕੈਨਬਰਾ ਪਹੁੰਚ ਰਹੀਆਂ ਹਨ ਉੱਥੇ ਹੀ ਆਸਟ੍ਰੇਲੀਆ ਭਰ ਦੇ ਸ਼ਹਿਰਾਂ ‘ਚ ਵਸਦੇ ਸਿੱਖ ਵੀ ਭਾਈ ਰਾਜੋਆਣਾ ਦੇ ਹੱਕ ‘ਚ ਆਪਣੀ ਆਵਾਜ ਬੁਲੰਦ ਕਰਨ ਲਈ ਪਹੁੰਚ ਰਹੇ ਹਨ।ਉਹਨਾਂ ਦੱਸਿਆ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ੍ਹਾ ਸਣਾਏ ਜਾਣ ਤੋਂ ਸਿੱਖ ਸੰਗਤ ‘ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਰਾਜਧਾਨੀ ਕੈਨਬਰਾ ‘ਚ ਕੀਤੇ ਜਾਣ ਵਾਲੇ ਇਸ ਰੋਸ ਪ੍ਰਦਰਸ਼ਨ ‘ਚ ਸਿਡਨੀ ਦੀਆਂ ਸੰਗਤਾਂ ਗੁਰਦੁਵਾਰਾ ਸਾਹਿਬ ਪਾਰਕਲੀ ਤੋਂ 28 ਮਾਰਚ ਨੂੰ ਸਵੇਰੇ 5 ਵਜੇ ਬੱਸਾਂ ‘ਚ ਵੱਡੇ ਕਾਫਲੇ ਰਾਹੀਂ ਰਵਾਨਾ ਹੋ ਕੇ ਸਿਡਨੀ ਤੋਂ ਕਰੀਬ 300 ਕਿ.ਮੀ ਦੂਰ ਸਥਿਤ ਰਾਜਧਾਨੀ ਕੈਨਬਰਾ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨਗੀਆਂ।ਉਹਨਾਂ ਕਿਹਾ ਕਿ ਇਸ ਦੌਰਾਨ ਰਾਜਧਾਨੀ ਕੈਨਬਰਾ ਵਿਖੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਪਾਰਲੀਮੈਂਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਬਾਅਦ ‘ਚ ਕੈਨਬਰਾ ਵਿਖੇ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਸਿੱਖਾਂ ‘ਚ ਪੈਦਾ ਹੋਏ ਰੋਹ ਤੋਂ ਜਾਣੂ ਕਰਵਾਇਆ ਜਾਵੇਗਾ।ਉਹਨਾਂ ਕਿਹਾ ਕਿ ਇਸ ਮੌਕੇ ਭਾਰਤੀ ਹਾਈ ਕਮਿਸ਼ਨ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ੍ਹਾ ਤੁਰੰਤ ਰੱਦ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਸੰਸਾਰ ‘ਚ ਵਸਦੇ ਸਿੱਖਾਂ ਦਾ ਰੋਹ ਸ਼ਾਂਤ ਹੋ ਸਕੇ।ਉਹਨਾਂ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਦੌਰਾਨ ਆਸਟ੍ਰੇਲੀਆ ਭਰ ‘ਚ ਵਸਦੇ ਸਿੱਖ ਆਗੂਆਂ ਵਲੋਂ ਆਪੋ ਆਪਣੀਆਂ ਤਕਰੀਰਾਂ ਵੀ ਪੇਸ਼ ਕੀਤੀਆਂ ਜਾਣਗੀਆਂ।ਅਖੀਰ ‘ਚ ਸ.ਥਿੰਦ ਨੇ ਆਸਟ੍ਰੇਲੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ 28 ਮਾਰਚ ਨੂੰ ਕੈਨਬਰਾ ਵਿਖੇ ਹੋ ਰਹੇ ਇਸ ਰੋਸ ਪ੍ਰਦਰਸ਼ਨ ‘ਚ ਸ਼ਮੂਲੀਅਤ ਕਰਕੇ ਆਪਣੀ ਆਵਾਜ ਭਾਈ ਰਾਜੋਆਣਾ ਦੇ ਹੱਕ ‘ਚ ਜਰੂਰ ਉਠਾਉਣ।