ਆਸਟ੍ਰੇਲੀਅਨ ਸਿੱਖਾਂ ਵੱਲੋਂ ਭਾਰਤ ਦੀਆਂ ਜੇਲਾਂ ‘ਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ 34ਵੇਂ ਦਿਨ ‘ਚ ਪਹੁੰਚ ਗਈ ਹੈ ਅਤੇ ਸਰਕਾਰਾਂ ਵੱਲੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਅਣਦੇਖੀ ਕਰਨ ਕਾਰਨ ਵਿਦੇਸ਼ਾਂ ‘ਚ ਵਸਦੇ ਸਿੱਖਾਂ ‘ਚ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਸਿਡਨੀ ‘ਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਸੱਦੀ ਗਈ ਹੰਗਾਮੀ ਮੀਟਿੰਗ ਇਸ ਸਬੰਧ ‘ਚ ਆਰੰਭੇ ਇਨਸਾਫ ਸੰਘਰਸ਼ ਦੀ ਪੂਰੀ ਤਰਾਂ ਹਮਾਇਤ ਦਾ ਮਤਾ ਪਾਸ ਕੀਤਾ ਗਿਆ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਲਦੀ ਹੀ ਆਸਟ੍ਰੇਲੀਆ ‘ਚ ਹਿਊਮਨ ਰਾਈਟਸ ਅਤੇ ਹੋਰ ਸੰਸਥਾਵਾਂ ਨਾਲ ਇਸ ਸੰਬਧੀ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਦਲਜੀਤ ਸਿੰਘ, ਪ੍ਰਧਾਨ ਅਮਰਜੀਤ ਸਿੰਘ ਗਿਰਨ, ਸੈਕਟਰੀ ਜਸਵੀਰ ਸਿੰਘ ਥਿੰਦ, ਬਲਵਿੰਦਰ ਸਿੰਘ ਚਾਹਲ, ਜਸਵਿੰਦਰ ਸਿੰਘ ਚੀਮਾ, ਤਜਿੰਦਰ ਸਿੰਘ ਕੰਗ, ਭੁਪਿੰਦਰ ਸਿੰਘ, ਬੀਬੀ ਕੀਰਤ ਕੌਰ, ਕੁਲਦੀਪ ਸਿੰਘ ਦਿਓ, ਇਕਬਾਲ ਸਿੰਘ ਕਲਕਤ, ਡਾ. ਸੁਰਿੰਦਰ ਸਿੰਘ, ਮੋਹਨ ਸਿੰਘ ਸੇਖੋਂ, ਜਗਵੰਤ ਸਿੰਘ ਅਤੇ ਮਨਜੀਤ ਸਿੰਘ ਪੁਰੇਵਾਲ ਸਮੇਰ ਕਮੇਟੀ ਦੇ ਹੋਰ ਮੈਂਬਰ ਹਾਜਰ ਸਨ। (source Jag Bani)