ਆਲੂ ਉਤਪਾਦਕਾਂ ਲਈ ਵਰਦਾਨ – ਚੌਲਾਂ ਦੀ ਨਵੀਂ ਕਿਸਮ ਪੂਸਾ-6 (ਪੂਸਾ 1612)

43

558697__bhag

ਭਾਰਤ ਸਰਕਾਰ ਦੀ ਫ਼ਸਲਾਂ ਦੀਆਂ ਕਿਸਮਾਂ ਤੇ ਉਨ੍ਹਾਂ ਸਬੰਧੀ ਮਿਆਰ, ਨੋਟੀਫਾਈ ਤੇ ਰਿਲੀਜ਼ ਕਰਨ ਲਈ ਬਣਾਈ ਕੇਂਦਰੀ ਕਮੇਟੀ ਨੇ ਆਲੂ ਉਤਪਾਦਕਾਂ ਲਈ ਵਿਸ਼ੇਸ਼ ਲਾਹੇਵੰਦ ਚੌਲਾਂ ਦੀ ਨਵੀਂ ਕਿਸਮ ਨੂੰ ਕਿਸਾਨਾਂ ਲਈ ਵਪਾਰਕ ਪੱਧਰ ‘ਤੇ ਬੀਜਣ ਲਈ ਪ੍ਰਮਾਣਤਾ ਦੇ ਦਿੱਤੀ ਹੈ। ਚੌਲਾਂ ਦੀ ਇਹ ਪੂਸਾ 1612 ਕਿਸਮਾਂ ਪੂਸਾ 6 ਦੇ ਨਾਂ ਥੱਲੇ ਨੋਟੀਫਾਈ ਕੀਤੀ ਗਈ ਹੈ। ਇਹ ਕਿਸਮ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਵੱਲੋਂ ਵਿਕਸਿਤ ਕੀਤੀ ਗਈ ਹੈ ਜੋ ਆਲੂ ਉਤਪਾਦਕਾਂ ਲਈ ਵਿਸ਼ੇਸ਼ ਤੌਰ ‘ਤੇ ਵਰਦਾਨ ਸਾਬਿਤ ਹੋਵੇਗੀ। ਇਹ ਕਿਸਮ ਪੱਕਣ ਨੂੰ 120-125 ਦਿਨ ਲੈਂਦੀ ਹੈ। ਇਸ ਕਿਸਮ ਨੂੰ ਅਪਣਾਉਣ ਨਾਲ ਕਿਸਾਨ ਝੋਨਾ-ਕਣਕ ਦੇ ਫ਼ਸਲੀ ਚੱਕਰ ਦੌਰਾਨ ਆਲੂਆਂ ਦੀ ਤੀਜੀ ਫ਼ਸਲ ਲੈ ਕੇ ਆਪਣੀ ਆਮਦਨ ‘ਚ ਵਾਧਾ ਕਰ ਸਕਣਗੇ। ਪੂਸਾ ਬਾਸਮਤੀ 1509 ਕਿਸਮ ਨੂੰ ਛੱਡ ਕੇ ਬਾਸਮਤੀ ਅਤੇ ਝੋਨੇ ਦੀਆਂ ਹੋਰ ਦੂਜੀਆਂ ਕਿਸਮਾਂ ਪੱਕਣ ਨੂੰ 140 ਤੋਂ 155 ਦਿਨ ਲੈਂਦੀਆਂ ਹਨ। ਪੂਸਾ ਬਾਸਮਤੀ 1509 ਕਿਸਮ ਭਾਵੇਂ 115-120 ਦਿਨ ‘ਚ ਪੱਕ ਕੇ ਤਿਆਰ ਹੋ ਜਾਂਦੀ ਹੈ ਪਰ ਇਸ ਦੇ ਚੌਲ ‘ਚ ਗੁਣਵੱਤਾ ਤਾਂ ਹੀ ਆਉਂਦੀ ਹੈ, ਜੇ ਇਸ ਨੂੰ 20 ਜੁਲਾਈ ਤੋਂ 5 ਅਗਸਤ ਦੇ ਦਰਮਿਆਨ ਟਰਾਂਸਪਲਾਂਟ ਕੀਤਾ ਜਾਵੇ। ਇਹ ਬਾਸਮਤੀ ਦੀ 1509 ਕਿਸਮ ਮੌਨਸੂਨ ਦੌਰਾਨ ਬਾਰਸ਼ਾਂ ਤੋਂ ਪਾਣੀ ਲੈ ਕੇ ਅਤੇ ਜ਼ਮੀਨ ਥਲਿਉਂ ਮਾਮੂਲੀ ਪਾਣੀ ਦੀ ਮਾਤਰਾ ਖਪਤ ਕਰਕੇ ਪੱਕਣ ਵਾਲੀ ਹੈ ਅਤੇ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਦੇਣ ਦੇ ਉਦੇਸ਼ ਨਾਲ ਵਿਕਸਿਤ ਕੀਤੀ ਗਈ ਹੈ। ਨਵੀਂ ਕਿਸਮ ਪੂਸਾ 6 (ਪੂਸਾ 1612) ਦੇ ਰਿਲੀਜ਼ ਹੋਣ ਨਾਲ ਜੋ ਕਿਸਾਨ ਪੂਸਾ ਬਾਸਮਤੀ 1509 ਕਿਸਮ ਨੂੰ ਅਗੇਤੀ ਲਾ ਕੇ ਆਲੂਆਂ ਦੀ ਫ਼ਸਲ ਲੈਣਾ ਚਾਹੁੰਦੇ ਸਨ, ਉਹ ਅਜਿਹਾ ਕਰਨ ਤੋਂ ਰੁਕ ਜਾਣਗੇ, ਕਿਉਂਕਿ ਅਜਿਹਾ ਕਰਨ ਨਾਲ 1509 ਬਾਸਮਤੀ ਕਿਸਮ ਦੇ ਵਧੀਆ ਚਾਵਲ ਦੀ ਗੁਣਵੱਤਾ ਘਟਦੀ ਸੀ ਅਤੇ ਸ਼ੈਲਰਾਂ ਵੱਲੋਂ ਚੌਲ ਟੁੱਟਣ ਦੀ ਸ਼ਿਕਾਇਤ ਵੀ ਕੀਤੀ ਜਾ ਰਹੀ ਸੀ। ਆਲੂ ਉਤਪਾਦਕਾਂ ਵੱਲੋਂ ਹੁਣ ਤੱਕ ਥੋੜ੍ਹੇ ਸਮੇਂ ‘ਚ ਪੱਕਣ ਵਾਲੀ ਪੂਸਾ ਸੁਗੰਧ 5 (ਪੂਸਾ 2511) ਕਿਸਮ ਵੀ ਬੀਜੀ ਜਾਂਦੀ ਸੀ ਜਿਸ ਤੇ ਬਲਾਸਟ ਬਿਮਾਰੀ ਦਾ ਹਮਲਾ ਹੁੰਦਾ ਰਿਹਾ ਹੈ। ਨਵੀਂ ਪੂਸਾ 6 (ਪੂਸਾ 1612) ਕਿਸਮ ਬਲਾਸਟ-ਰਹਿਤ ਹੈ ਅਤੇ ਇਸ ਦਾ ਪ੍ਰਤੀ ਹੈਕਟੇਅਰ ਝਾੜ ਪੂਸਾ 2511 ਕਿਸਮ ਨਾਲੋਂ ਵੱਧ ਹੈ। ਨਵੀਂ ਕਿਸਮ ਪੂਸਾ 6 (ਪੂਸਾ 1612) ਦਾ ਚੌਲ ਵਧੀਆ ਹੋਣ ਕਾਰਨ ਉਤਪਾਦਕਾਂ ਨੂੰ ਇਸ ਦਾ ਮੰਡੀ ‘ਚ ਭਾਅ ਵੀ ਪਰਮਲ ਚੌਲਾਂ ਨਾਲੋਂ ਵੱਧ ਮਿਲੇਗਾ। ਇਸ ਦਾ ਚੌਲ ਬਾਸਮਤੀ ਵਰਗਾ ਹੋਣ ਕਾਰਨ ਵਪਾਰੀ ਇਸ ਨੂੰ ਬਾਸਮਤੀ ਕਿਸਮਾਂ ਦੇ ਚਾਵਲਾਂ ‘ਚ ਮਿਲਾ ਕੇ ਵੇਚਣ ਲਈ ਭਾਵੇਂ ਉਤਸ਼ਾਹਿਤ ਹੋਣਗੇ ਪਰੰਤੂ ਕਿਸਾਨਾਂ ਨੂੰ ਇਸ ਦੀ ਮੰਡੀ ‘ਚ ਲਾਹੇਵੰਦ ਕੀਮਤ ਮਿਲੇਗੀ। ਚੌਲਾਂ ਦੀ ਇਹ ਨਵੀਂ ਕਿਸਮ ਪੱਤਾ ਤੇ ਗਰਦਨ ਬਲਾਸਟ ਬਿਮਾਰੀਆਂ ਦਾ ਟਾਕਰਾ ਕਰਨ ਦੀ ਵੀ ਸ਼ਕਤੀ ਰੱਖਦੀ ਹੈ।
ਨਵੀਂ ਰਿਲੀਜ਼ ਕੀਤੀ ਗਈ ਅਤੇ ਆਲੂ ਉਤਪਾਦਕਾਂ ਨੂੰ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਪੂਸਾ 6 (ਪੂਸਾ 1612) ਕਿਸਮ ਦੇ ਬਰੀਡਰਾਂ ਦੇ ਟੀਮ ਦੇ ਮੁਖੀ ਡਾ: ਕੇ.ਵੀ. ਪ੍ਰਭੂ ਸੰਯੁਕਤ ਡਾਇਰੈਕਟਰ ਆਈ.ਏ.ਆਰ.ਆਈ. ਕਹਿੰਦੇ ਹਨ ਕਿ ਕਿਸਾਨਾਂ ਨੂੰ ਇਸ ਕਿਸਮ ਦੀ ਪਨੀਰੀ 20 ਮਈ ਤੋਂ 15 ਜੂਨ ਦੇ ਦਰਮਿਆਨ ਹੀ ਬੀਜਣੀ ਚਾਹੀਦੀ ਹੈ ਅਤੇ ਇਸ ਨੂੰ 20 ਜੂਨ ਤੋਂ 10 ਜੁਲਾਈ ਦੇ ਦਰਮਿਆਨ ਟਰਾਂਸਪਲਾਂਟ ਕਰ ਦੇਣਾ ਚਾਹੀਦਾ ਹੈ। ਬਿਜਾਈ ਵੇਲੇ ਪਨੀਰੀ ਦੀ ਉਮਰ 25 ਦਿਨ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਰੀਡਰਾਂ ਦੀ ਟੀਮ ਦੇ ਮੈਂਬਰ ਡਾ: ਏ.ਕੇ. ਸਿੰਘ ਸੀਨੀਅਰ ਰਾਈਸ ਬਰੀਡਰ ਪੂਸਾ ਅਨੁਸਾਰ ਇਸ ਕਿਸਮ ਦੀ ਪ੍ਰਤੀ ਏਕੜ ਉਤਪਾਦਕਤਾ ਔਸਤਨ 28 ਕੁਇੰਟਲ ਹੈ। ਅਗਾਂਹਵਧੂ ਕਿਸਾਨ ਸਾਰੀਆਂ ਪੈਕੇਜ ਆਫ਼ ਪ੍ਰੈਕਟਿਸਿਸ ਅਪਣਾ ਕੇ 30 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੀ ਪ੍ਰਾਪਤੀ ਕਰ ਸਕਣਗੇ। ਡਾ: ਏ.ਕੇ. ਸਿੰਘ ਅਨੁਸਾਰ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਪੂਸਾ 6 (ਪੂਸਾ 1612) ਦੇ ਬੀਜ ਨੂੰ ਐਮੀਸਨ 6 (1 ਗ੍ਰਾਮ), ਬਾਵਿਸਟਨ (10 ਗ੍ਰਾਮ) ਅਤੇ ਸਟ੍ਰੈਪਟੋਸਾਈਕਲੀਨ (1 ਗ੍ਰਾਮ) ਜੋ ਇਕ ਏਕੜ ਦੇ ਪੰਜ ਕਿਲੋ ਬੀਜ ਲਈ ਕਾਫ਼ੀ ਹੈ, ਦੇ 8-10 ਲਿਟਰ ਪਾਣੀ ਦੇ ਘੋਲ ‘ਚ 24 ਘੰਟੇ ਭਿਉਂ ਕੇ ਬਿਜਾਈ ਤੋਂ ਪਹਿਲਾਂ ਸੋਧ ਲੈਣਾ ਚਾਹੀਦਾ ਹੈ। ਪਨੀਰੀ ‘ਚ ਨਦੀਨਾਂ ਤੇ ਕਾਬੂ ਪਾਉਣ ਲਈ ਪ੍ਰਿਟਿਲਾਕਲੋਰ ਤੇ ਸਾਫਨਰ 600 ਮਿ.ਲਿ. ਪ੍ਰਤੀ ਏਕੜ ਤੀਜੇ, ਚੌਥੇ ਦਿਨ ਪਾ ਕੇ ਨਦੀਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਦਵਾਈ ਨੂੰ ਪਾਉਣ ਲੱਗਿਆਂ ਨਰਸਰੀ ‘ਚ ਪਾਣੀ ਦੀ ਪਤਲੀ ਜਿਹੀ ਤੈਅ ਹੋਣੀ ਚਾਹੀਦੀ ਹੈ। ਪਾਣੀ ਨੂੰ ਨਰਸਰੀ ‘ਚੋਂ ਨਿਕਲਣ ਨਹੀਂ ਦੇਣਾ ਚਾਹੀਦਾ। ਇਸ ਨੂੰ ਜਜ਼ਬ ਹੋ ਕੇ ਹੀ ਖਤਮ ਹੋਣ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਨੀਰੀ ਸਿਹਤਮੰਦ ਹੋਵੇਗੀ ਅਤੇ ਨਦੀਨ ਨਹੀਂ ਉੱਗਣਗੇ। ਇਸੇ ਤਰ੍ਹਾਂ ਵਧੇਰੇ ਝਾੜ ਲੈਣ ਲਈ ਅਤੇ ਉਤਪਾਦਕਤਾ ਵਧਾਉਣ ਲਈ ਟਰਾਂਸਪਲਾਂਟ ਕਰਨ ਤੋਂ ਬਾਅਦ ਵਧੇਰੇ ਉਤਪਾਦਕਤਾ ਲਈ ਖੇਤ ‘ਚ ਨਦੀਨਾਂ ਨੂੰ ਉੱਗਣ ਤੋਂ ਰੋਕ ਲੈਣਾ ਚਾਹੀਦਾ ਹੈ।
ਭਾਰਤੀ ਖੇਤੀ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ: ਹਰੀ ਸ਼ੰਕਰ ਗੁਪਤਾ ਨੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਉਤਪਾਦਕਾਂ ਦੀ ਜਾਣਕਾਰੀ ਲਈ ਦੱਸਿਆ ਕਿ ਪੂਸਾ ਵੱਲੋਂ ਇਨ੍ਹਾਂ ਰਾਜਾਂ ਦੇ ਕਿਸਾਨਾਂ ਲਈ ਪੂਸਾ ਬਾਸਮਤੀ 1509 ਕਿਸਮ ਤੋਂ ਬਾਅਦ ਕੇਵਲ ਪੂਸਾ 6 (ਪੂਸਾ 1612) ਇਕ ਕਿਸਮ ਰਿਲੀਜ਼ ਕੀਤੀ ਗਈ ਹੈ। ਜਿਸ ਦਾ ਬੀਜ ਉਨ੍ਹਾਂ ਨੂੰ ਖਰੀਫ 2015 ਦੀ ਬਿਜਾਈ ਲਈ ਅਗਲੇ ਸਾਲ ਉਪਲਬਧ ਹੋਵੇਗਾ। ਨਿੱਜੀ ਖੇਤਰ ਦੇ ਵਪਾਰੀਆਂ ਵੱਲੋਂ ਵੇਚੀਆਂ ਜਾ ਰਹੀਆਂ ਚੌਲਾਂ ਦੀਆਂ ਹੋਰ ਨਵੀਆਂ ਕਿਸਮਾਂ ਆਈ.ਏਆਰ.ਆਈ. ਵੱਲੋਂ ਪ੍ਰਮਾਨਿਤ ਨਹੀਂ ਤੇ ਨਾ ਹੀ ਉਹ ਕੇਂਦਰ ਦੀ ਫ਼ਸਲਾਂ ਦੀ ਕਿਸਮਾਂ ਨੋਟੀਫਾਈ ਕਰਨ ਵਾਲੀ ਕਮੇਟੀ ਵੱਲੋਂ ਰਿਲੀਜ਼/ਨੋਟੀਫਾਈ ਕੀਤੀਆਂ ਗਈਆਂ ਹਨ।

ਭਗਵਾਨ ਦਾਸ
ਮੋਬਾ: 98152-36307

(SOURCE AJIT)