ਸੂਬੇਦਾਰ ਪ੍ਰੀਤਮ ਸਿੰਘ ਅਜਿਹੇ ਕਰਮਯੋਗੀ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦੇਸ਼, ਕੌਮ ਤੇ ਸਮਾਜ ਸੇਵਾ ਵਿੱਚ ਬਤੀਤ ਕੀਤਾ। ਆਪ ਦਾ ਜਨਮ 4 ਮਈ 1946 ਨੂੰ ਪਿਤਾ ਠਾਕੁਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿੰਡ ਠੱਟਾ ਨਵਾਂ ਵਿਖੇ ਹੋਇਆ। ਆਪ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਸਕੂਲ ਠੱਟਾ ਨਵਾਂ ਤੇ ਮੈਟ੍ਰਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਤੋਂ ਪ੍ਰਾਪਤ ਕੀਤੀ। ਮਿਤੀ 30 ਅਕਤੂਬਰ 1965 ਨੂੰ ਆਪ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਮਿਤੀ 28 ਜਨਵਰੀ 1972 ਵਿੱਚ ਆਪ ਪ੍ਰੀਤਮ ਕੌਰ ਨਾਲ ਵਿਆਹ ਬੰਧਨਾਂ ਵਿੱਚ ਬੱਝੇ। ਆਪ ਦੀਆਂ 4 ਪੁੱਤਰੀਆਂ ਪਰਮਜੀਤ ਕੌਰ(ਭਾਰਤ), ਸੁਖਵਿੰਦਰ ਕੌਰ(ਅਮਰੀਕਾ), ਰਾਜਵਿੰਦਰ ਕੌਰ(ਆਸਟ੍ਰੇਲੀਆ), ਜਸਵਿੰਦਰ ਕੌਰ(ਇੰਗਲੈਂਡ) ਤੇ ਇੱਕ ਲੜਕਾ ਸੁਖਪ੍ਰੀਤ ਸਿੰਘ(ਆਸਟ੍ਰੇਲੀਆ) ਵਿੱਚ ਇਸ ਵਕਤ ਬਹੁਤ ਹੀ ਵਧੀਆ ਜੀਵਨ ਬਤੀਤ ਕਰ ਰਹੇ ਹਨ। ਮਿਤੀ 1 ਸਤੰਬਰ 1993 ਨੂੰ ਆਪ ਜੀ ਭਾਰਤੀ ਫੋਜ ਵਿੱਚੋਂ 28 ਸਾਲ ਦੀ ਸ਼ਾਨਦਾਰ ਸੇਵਾ ਤੋਂ ਬਾਦ ਬਤੌਰ ਸੂਬੇਦਾਰ ਰਿਟਾਇਰ ਹੋ ਕੇ ਪਿੰਡ ਵਿੱਚ ਹੀ ਸਮਾਜ ਸੇਵਾ ਦੇ ਕੰਮਾਂ ਵਿੱਚ ਜੁੱਟ ਗਏ। ਆਪ ਜੀ ਕਾਫੀ ਸਮਾਂ ਕੋਆਪਰੇਟਿਵ ਸੋਸਾਇਟੀ ਠੱਟਾ, ਸਕੂਲ ਦੀ ਪਸਵਕ ਕਮੇਟੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ। ਆਪ ਜੀ ਬਹੁਤ ਹੀ ਇਮਾਨਦਾਰ, ਮਿਲਣਸਾਰ ਤੇ ਠੰਢੇ ਸੁਭਾਅ ਦੇ ਮਾਲਕ ਸਨ ਤੇ ਨੇਕੀ ਕਰੋ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਸੀ। ਜੋ ਵੀ ਵਿਅਕਤੀ ਇੱਕ ਵਾਰ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਉਹ ਸਦਾ ਲਈ ਉਨ੍ਹਾਂ ਦਾ ਹੋ ਕੇ ਰਹਿ ਗਿਆ। ਉਨ੍ਹਾਂ ਵੱਲੋਂ ਕੀਤੇ ਉੱਤਮ ਕਾਰਜਾਂ ਕਰਕੇ ਉਹ ਹਮੇਸ਼ਾ ਲੋਕ ਮਨਾਂ ਵਿੱਚ ਵੱਸਦੇ ਰਹਿਣਗੇ। ਪਿਛਲੇ ਦਿਨੀਂ 17 ਅਪ੍ਰੈਲ 2015 ਨੂੰ ਅਮਰੀਕਾ ਦੇ ਸ਼ਹਿਰ ਮਰਸਡ ਵਿਖੇ ਸੰਖੇਪ ਬੀਮਾਰੀ ਮਗਰੋਂ ਉਹ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਆਪ ਦਾ ਅੰਤਿਮ ਸਸਕਾਰ ਅਮਰੀਕਾ ਵਿਖੇ ਹੀ ਮਿਤੀ 10 ਮਈ 2015 ਨੂੰ ਕੀਤਾ ਗਿਆ। ਆਪ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਮਿਤੀ 21 ਮਈ 2015 ਸਵੇਰੇ 11:00 ਵਜੇ ਨਿਵਾਸ ਅਸਥਾਨ ਠੱਟਾ ਨਵਾਂ ਵਿਖੇ ਪਵੇਗਾ। ਉਪਰੰਤ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 11:30 ਤੋਂ 1:30 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿਖੇ ਹੋਵੇਗਾ।