ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 21ਵੀਂ ਅਤੇ ਸੰਤ ਬਾਬਾ ਤਰਲੋਚਨ ਸਿੰਘ ਜੀ ਦੀ 12ਵੀਂ ਬਰਸੀ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ 17 ਅਕਤੂਬਰ ਦਿਨ ਸ਼ਨੀਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਅੱਜ ਇਲਾਕੇ ਦੇ ਪਤਵੰਤੇ ਸੱਜਣਾ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹੋਈ। ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਪ੍ਰਾਰੰਭ ਹੋਵੇਗੀ, ਜਿਨ੍ਹਾਂ ਦੇ ਭੋਗ ਮਿਤੀ 17 ਅਕਤੂਬਰ ਨੂੰ ਪੈਣਗੇ। ਮਿਤੀ 15 ਅਕਤੂਬਰ ਦੀ ਰਾਤ ਧਾਰਮਿਕ ਕਵੀ ਦਰਬਾਰ ਹੋਵੇਗਾ, ਜਿਸ ਵਿੱਚ ਕਵੀ ਜਸਪਾਲ ਸਿੰਘ ਪਾਲ ਅਤੇ ਕਵੀ ਚੰਨਣ ਸਿੰਘ ਹਰਗੋਬਿੰਦਪੁਰੀ ਧਾਰਮਿਕ ਕਵਿਤਾਵਾਂ ਸਰਵਣ ਕਰਵਾਉਣਗੇ। ਮਿਤੀ 16 ਦੀ ਰਾਤ ਕੀਰਤਨ ਦਰਬਾਰ ਹੋਵੇਗਾ ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨਾਨਕਸਰ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 17 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਦੀਵਾਨ ਸੱਜਣਗੇ ਜਿਸ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਬਰਨਾਲੇ ਵਾਲੇ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਮਨਸੂਰ ਵਾਲੇ ਅਤੇ ਭਾਈ ਜਰਨੈਲ ਸਿੰਘ ਤੂਫਾਨ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਮਿਤੀ 17 ਅਕਤੂਬਰ ਨੂੰ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਅੰਮ੍ਰਿਤ ਅਭਿਲਾਸ਼ੀ ਕੇਸੀ ਇਸ਼ਨਾਨ ਕਰਕੇ ਆਉਣ, ਕਕਾਰ ਗੁਰਦੁਆਰਾ ਸਾਹਿਬ ਵੱਲੋਂ ਦਿੱਤੇ ਜਾਣਗੇ। ਲੰਗਰ ਸੀ ਸੇਵਾ ਗੁਰੂ ਨਾਨਕ ਸੇਵਕ ਜਥੇ ਵੱਲੋਂ, ਜੋੜਿਆਂ ਅਤੇ ਸਾਈਕਲ/ਸਕੂਟਰਾਂ ਦੀ ਪਾਰਕਿੰਗ ਦੀ ਸੇਵਾ ਸ.ਹਾ.ਸਕੂਲ ਠੱਟਾ ਨਵਾਂ ਅਤੇ ਸ.ਸ.ਸ.ਸਕੂਲ ਟਿੱਬਾ ਦੇ ਵਿਦਿਆਰਥੀਆਂ ਵੱਲੋਂ, ਟੈਂਟ ਦੀ ਸੇਵਾ ਰਾਣਾ ਟੈਂਟ ਹਾਊਸ ਟਿੱਬਾ ਵੱਲੋਂ, ਸਾਊਂਡ ਦੀ ਸੇਵਾ ਸਾਹਿਬ ਸਾਊਂਡ ਰਾਮ ਪੁਰ ਜਗੀਰ ਵੱਲੋਂ ਅਤੇ ਸਟੇਜ ਸਕੱਤਰ ਦੀ ਭੂਮਿਕਾ ਇੰਦਰਜੀਤ ਸਿੰਘ ਬਜਾਜ ਵੱਲੋਂ ਕੀਤੀ ਜਾਵੇਗੀ। ਬਰਸੀ ਦੇ 3 ਦਿਨਾ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਪਿੰਡ ਦੀ ਵੈਬਸਾਈਟ www.thatta.in ਤੇ ਦੇਖੀਆਂ ਜਾ ਸਕਣਗੀਆਂ।