ਅਮਰੀਕਾ ਵਿਚ ਸ਼ਰਨ ਮੰਗਣ ਵਾਲੇ ਜਿਹੜੇ ਸਿੱਖਾਂ ਨੂੰ ਅਮਰੀਕਾ ਨੇ ਜੇਲ ਵਿਚ ਡੱਕਿਆ ਹੋਇਆ ਹੈ, ਹੁਣ ਉਨ੍ਹਾਂ ਸਿੱਖਾਂ ਨੇ ਅਪਣੇ ਧਾਰਮਕ ਅਧਿਕਾਰਾਂ ਲਈ ਅਦਾਲਤ ਤਕ ਪਹੁੰਚ ਕੀਤੀ ਹੈ। ਅਮਰੀਕਾ ਦੇ ਸੂਬੇ ਓਰੇਗੋਨ ਦੀ ਸ਼ੈਰੇਡਨ ਜੇਲ ਵਿਚ ਕਈ ਸਿੱਖਾਂ ਨੂੰ ਕੈਦ ਕੀਤਾ ਹੋਇਆ ਹੈ, ਜਿਨ੍ਹਾਂ ਦੀ ਪੱਗਾਂ ਤਕ ਲੁਹਾ ਦਿਤੀਆਂ ਗਈਆਂ ਸਨ। ਉਨ੍ਹਾਂ ਨੇ ਹੁਣ ਅਦਾਲਤ ਅੱਗੇ ਅਪਣੀ ਗੁਹਾਰ ਲਗਾਈ ਹੈ। ਸਿੱਖ ਸ਼ਰਨਾਰਥੀਆਂ ਨੇ ਅਦਾਲਤ ਤਕ ਪਹੁੰਚ ਕਰ ਕੇ ਬੇਨਤੀ ਕੀਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਪਹਿਲੀ ਸੋਧ ਅਨੁਸਾਰ ਅਪਣੇ ਧਾਰਮਕ ਵਿਸ਼ਵਾਸਾਂ ਅਨੁਸਾਰ ਕੁੱਝ ਰੀਤਾਂ ‘ਤੇ ਚੱਲਣ ਦੀ ਇਜਾਜ਼ਤ ਦੇਵੇ।
ਇਹ ਪਹਿਲੀ ਸੋਧ ਅਮਰੀਕੀ ਸੰਵਿਧਾਨ ਤਹਿਤ ਇਹ ਗਰੰਟੀ ਦਿੰਦੀ ਹੈ ਕਿ ਕੇਂਦਰ ਸਰਕਾਰ ਕੋਈ ਅਜਿਹਾ ਕਾਨੂੰਨ ਲਾਗੂ ਨਹੀਂ ਕਰੇਗੀ, ਜੋ ਧਰਮ ਨੂੰ ਮੰਨਣ ਦੀ ਕਿਸੇ ਆਜ਼ਾਦੀ ‘ਤੇ ਪਾਬੰਦੀ ਲਾਵੇ ਪਰ ਇਥੇ ਇਸ ਕਾਨੂੰਨ ਦੇ ਉਲਟ ਕੰਮ ਹੋ ਰਿਹਾ ਹੈ। ਅਦਾਲਤ ਵਲੋਂ ਸਿੱਖ ਕੈਦੀਆਂ ਵਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਆਉਂਦੀ 9 ਅਗੱਸਤ ਨੂੰ ਓਰੇਗੌਨ ਦੇ ਮੁੱਖ ਜ਼ਿਲ੍ਹਾ ਜੱਜ ਮਾਈਕਲ ਡਬਲਿਊ ਮੌਸਮੈਨ ਵਲੋਂ ਸੁਣਵਾਈ ਕੀਤੀ ਗਈ ਪਰ ਅਜੇ ਇਸ ਮਾਮਲੇ ਵਿਚ ਫ਼ੈਸਲਾ ਨਹੀਂ ਆ ਸਕਿਆ। ਓਰੇਗੌਨ ਦੀ ਸ਼ੈਰੇਡਾਨ ਜੇਲ ਵਿਚ 121 ਕੈਦੀ ਕੈਦ ਹਨ, ਜਿਨ੍ਹਾਂ ਵਿਚੋਂ 52 ਭਾਰਤੀ ਹਨ ਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਹਨ।
ਜਿਨ੍ਹਾਂ ਨੂੰ ਕੈਦ ਕਰਨ ਸਮੇਂ ਉਨ੍ਹਾਂ ਦੀਆਂ ਪੱਗਾਂ ਲੁਹਾਏ ਜਾਣ ਦੀ ਗੱਲ ਸਾਹਮਣੇ ਆਈ ਸੇ। ਇਹ ਸਿੱਖ ਕੈਦੀ ਅਮਰੀਕਾ ਵਿਚ ਸ਼ਰਨਾਰਥੀਆਂ ਵਜੋਂ ਪਨਾਹ ਮੰਗ ਰਹੇ ਹਨ। ਇਨ੍ਹਾਂ ਸਿੱਖ ਕੈਦੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਿਰ ‘ਤੇ ਦਸਤਾਰ ਸਜਾਉਣ ਦੀ ਇਜਾਜ਼ਤ ਦਿਤੀ ਜਾਵੇ। ਉਨ੍ਹਾਂ ਦੀਆਂ ਹੋਰ ਨਿਜੀ ਵਸਤਾਂ ਉਨ੍ਹਾਂ ਨੂੰ ਦਿਤੀਆਂ ਜਾਣ, ਜੋ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਤੋਂ ਲੈ ਲਈਆਂ ਗਈਆਂ ਸਨ। ਸਿੱਖ ਕੈਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਅਨੁਸਾਰ ਅਪਣੇ ਕੋਲ ਹਰ ਸਮੇਂ ਪੰਜ ਕਕਾਰ ਭਾਵ ਕੇਸ, ਕੜਾ, ਕ੍ਰਿਪਾਨ, ਕੰਘਾ ਤੇ ਕਛਹਿਰਾ ਰਖਣੇ ਹੁੰਦੇ ਹਨ ਪਰ ਅਮਰੀਕੀ ਪੁਲਿਸ ਵਲੋਂ ਸਿੱਖਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।
ਪਟੀਸ਼ਨਰਾਂ ਦੇ ਵਕੀਲ ਸਟੀਫ਼ਨ ਆਰ ਸੈਡੀ ਨੇ ਕਿਹਾ ਕਿ ਧਾਰਮਕ ਆਧਾਰ ‘ਤੇ ਕੈਦੀਆਂ ਨੂੰ ਅਪਣੇ ਕੋਲ ਕੁੱਝ ਵੀ ਰੱਖਣ ਨਹੀਂ ਦਿਤਾ ਗਿਆ ਹੈ। ਜੇ ਜੇਲ ਵਿਚ ਕੋਈ ਧਾਰਮਕ ਨੁਮਾਇੰਦਾ ਜਾਂ ਕੋਈ ਸਿਆਸੀ ਆਗੂ ਉਨ੍ਹਾਂ ਨੂੰ ਮਿਲਣ ਲਈ ਆਉਂਦਾ ਹੈ ਤਾਂ ਉਨ੍ਹਾਂ ਨੂੰ ਮਿਲਣ ਨਹੀਂ ਦਿਤਾ ਜਾਂਦਾ। ਫ਼ਿਲਹਾਲ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਇਸ ਮਾਮਲੇ ਵਿਚ ਕੀ ਫ਼ੈਸਲਾ ਸੁਣਾਉਂਦੀ ਹੈ? (ਪੀ.ਟੀ.ਆਈ)