ਕਪੂਰਥਲਾ ਜ਼ਿਲੇ ਵਿਚ ਪੈਂਦੀ ਬੂਲਪੁਰ ਟੈਲੀਫੋਨ ਐਕਸਚੇਂਜ ਅਧਿਕਾਰੀਆਂ ਦੀ ਬੇਪ੍ਰਵਾਹੀ ਅਤੇ ਮੁਲਾਜ਼ਮਾਂ ਦੀ ਘਾਟ ਕਾਰਨ ਇਲਾਕੇ ਦੇ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਮਹਿਕਮੇ ਵਲੋਂ 6 ਸਾਲ ਪਹਿਲਾਂ ਗ੍ਰਾਮ ਪੰਚਾਇਤ ਟਿੱਬਾ ਤੋਂ ਇਕ ਕਿੱਲਾ ਜ਼ਮੀਨ ਐਕਸਚੇਂਜ ਬਣਾਉਣ ਲਈ ਖਰੀਦੀ ਗਈ ਸੀ ਪਰ ਵਿਭਾਗ ਨੇ ਚਾਰਦੀਵਾਰੀ ਕਰਕੇ ਉਕਤ ਜਗ੍ਹਾ ਨੂੰ ਨਸ਼ੇੜੀਆਂ ਲਈ ਅੱਡਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਲੱਖਾਂ ਰੁਪਏ ਦੀ ਜਗ੍ਹਾ ਹੋਣ ਦੇ ਬਾਵਜੂਦ ਐਕਸਚੇਂਜ ਇਕ ਛੋਟੇ ਜਿਹੇ ਕਮਰੇ ਵਿਚ ਆਖਰੀ ਸਾਹ ਲੈ ਰਹੀ ਹੈ ਅਤੇ ਮੁਲਾਜ਼ਮਾਂ ਦੀ ਅਣਹੋਂਦ ਕਾਰਨ ਨੈੱਟ ‘ਤੇ ਫੋਨ ਸੇਵਾਵਾਂ ਅਕਸਰ ਬੰਦ ਰਹਿੰਦੀਆਂ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ 5 ਸਾਲ ਤੋਂ ਐਕਸਚੇਂਜ ਸਿਰਫ ਬਿਜਲੀ ਆਉਣ ‘ਤੇ ਹੀ ਚੱਲਦੀ ਹੈ ਅਤੇ ਡੈੱਡ ਬੈਟਰੀਆਂ ਦੀ ਬਦਲੀ ਕਰਨ ਲਈ ਕਿਸੇ ਵੀ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਲੋਕਾਂ ਨੇ ਦੱਸਿਆ ਕਿ ਜਦੋਂ ਫੋਨ ਨਾ ਚੱਲਣ ਸੰਬੰਧੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਕਪੂਰਥਲਾ ਹੈੱਡ ਕੁਆਰਟਰ ‘ਤੇ ਬੈਠੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਲਦ ਬੈਟਰੀਆਂ ਬਦਲਣ ਦਾ ਵਾਅਦਾ ਕੀਤਾ। ਇਲਾਕੇ ਭਰ ਦੇ ਲੋਕਾਂ ਨੇ ਦੱਸਿਆ ਕਿ ਮਹੀਨੇ ‘ਚੋਂ ਸਿਰਫ ਪੰਜ ਛੇ ਦਿਨ ਹੀ ਫੋਨ ‘ਤੇ ਨੈੱਟ ਸੇਵਾਵਾਂ ਚਲਦੀਆਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਧਿਕਾਰੀ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਉਣ ਹਿੱਤ ਦਿਨੋਂ-ਦਿਨ ਇਨ੍ਹਾਂ ਪੇਂਡੂ ਟੈਲੀਫੋਨ ਐਕਸਚੇਂਜਾਂ ਨੂੰ ਨਕਾਰਾ ਕਰ ਰਹੇ ਹਨ। ਇਲਾਕੇ ਦੇ 70 ਫੀਸਦੀ ਲੋਕ ਆਪਣੇ ਬੇਸ-ਲਾਈਨ ਕਟਵਾਉਣ ਲਈ ਬਿਨੈਪੱਤਰ ਦੇ ਰਹੇ ਹਨ। ਹੈਰਾਨੀਜਨਕ ਗੱਲ ਹੈ ਕਿ ਪਿਛਲੇ ਚਾਰ ਸਾਲ ਤੋਂ ਐਕਸਚੇਂਜ ਵਿਚ ਕੋਈ ਵੀ ਕਰਮਚਾਰੀ ਹਾਜ਼ਰ ਨਹੀਂ ਰਹਿੰਦਾ ਅਤੇ ਆਮ ਤੌਰ ‘ਤੇ ਵੱਡਾ ਤਾਲਾ ਹੀ ਸ਼ਿਕਾਇਤ ਕਰਤਾਵਾਂ ਦਾ ਸਵਾਗਤ ਕਰਦਾ ਹੈ। ਲੋਕਾਂ ਨੇ ਦੱਸਿਆ ਕਿ ਵਿਭਾਗ ਨੇ ਐਕਸਚੇਂਜ ਚਲਾਉਣ ਲਈ ਇਕ ਜਨਰੇਟਰ ਰੱਖਿਆ ਹੈ ਪਰ ਉਸ ਵਿਚ ਤੇਲ ਨਾ ਹੋਣ ਕਾਰਨ ਉਹ ਕਦੇ ਵੀ ਚਲਾਇਆ ਨਹੀਂ ਜਾਂਦਾ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਟੈਲੀਫੋਨ ਐਕਸਚੇਂਜ ਜਲਦ ਖੁੱਲ੍ਹੀ ਜਗ੍ਹਾ ‘ਤੇ ਬਣਾਈ ਜਾਵੇ ਅਤੇ ਨਿਰਵਿਘਨ ਸਪਲਾਈ ਲਈ ਬੈਟਰੀਆਂ ਬਦਲ ਕੇ ਮੁਲਾਜ਼ਮ ਪੱਕੇ ਤੌਰ ‘ਤੇ ਰੱਖੇ ਜਾਣ। ਮੋਹਤਬਰਾਂ ਵਲੋਂ ਕੇਂਦਰੀ ਸੰਚਾਰ ਮੰਤਰੀ ਨੂੰ ਪੱਤਰ ਲਿਖ ਕੇ ਟੈਲੀਫੋਨ ਸੇਵਾਵਾਂ ਵਿਚ ਸੁਧਾਰ ਲਿਆਉਣ ਦੀ ਵੀ ਮੰਗ ਕੀਤੀ ਗਈ ਹੈ।