Breaking News
Home / ਹੁਕਮਨਾਮਾ ਸਾਹਿਬ / Today’s Hukamnama from Gurdwara Damdama Sahib Thatta

Today’s Hukamnama from Gurdwara Damdama Sahib Thatta

ਬੁੱਧਵਾਰ 13 ਮਾਰਚ 2019 (29 ਫੱਗਣ ਸੰਮਤ 550 ਨਾਨਕਸ਼ਾਹੀ)

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥ ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥ ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥ ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥ ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥ {ਅੰਗ 654}

ਪਦਅਰਥ: ਮੂਏ = ਮਰ ਗਏ, ਖਪ ਗਏ, ਖ਼ੁਆਰ ਹੋਏ, ਜੀਵਨ ਵਿਅਰਥ ਗਵਾ ਗਏ। ਨਾਈ = ਨਿਵਾ ਨਿਵਾ ਕੇ, ਪੱਛਮ ਵਲ ਸਜਦੇ ਕਰ ਕਰ ਕੇ, ਰੱਬ ਨੂੰ ਕਾਹਬੇ ਵਿਚ ਹੀ ਸਮਝ ਕੇ। ਓਇ = ਉਹਨਾਂ (ਹਿੰਦੂਆਂ) ਨੇ। ਲੇ = ਲੈ ਕੇ, (ਆਪਣੇ ਮੁਰਦੇ) ਲੈ ਕੇ। ਜਾਰੇ = ਸਾੜ ਦਿੱਤੇ। ਗਾਡੇ = ਦੱਬ ਦਿੱਤੇ। ਗਤਿ = {skt. गति = 1. condition, state, 2. knowledge, wisdom} 1. ਹਾਲਤ 2. ਉੱਚੀ ਆਤਮਕ ਅਵਸਥਾ। ਦੁਹੂ = ਨਾਹ ਹਿੰਦੂਆਂ ਤੇ ਨਾਹ ਮੁਸਲਮਾਨਾਂ।੧।

ਗਹੇਰਾ = ਗਹਿਰਾ, ਡੂੰਘਾ (ਖਾਤਾ) । ਅੰਧ = ਅੰਨ੍ਹਾ। ਦਿਸ = ਪਾਸਾ, ਤਰਫ਼। ਜੇਵਰਾ = ਜੇਵਰੀ, ਰੱਸੀ, ਫਾਹੀ।੧।ਰਹਾਉ।

ਕਬਿਤ = ਕਵਿਤਾ। ਕਬਿਤਾ = ਕਵੀ ਲੋਕ। ਕਪੜ = ਕਾਪੜੀ ਫ਼ਿਰਕੇ ਦੇ ਲੋਕ, ਲੀਰਾਂ ਦੀ ਗੋਦੜੀ ਪਹਿਨਣ ਵਾਲੇ। ਕੇਦਾਰਾ = ਹਿਮਾਲੇ ਪਰਬਤ ਵਿਚ ਇਕ ਹਿੰਦੂ ਤੀਰਥ, ਰਿਆਸਤ ਗੜ੍ਹਵਾਲ (ਯੂ. ਪੀ.) ਵਿਚ, ਰੁਦ੍ਰ ਹਿਮਾਲੇ ਦੀ ਬਰਫ਼ਾਨੀ ਧਾਰਾ ਵਿਚ ਮਹਾ ਪੰਥ ਦੀ ਚੋਟੀ ਹੇਠ ਇਕ ਟਿੱਲੇ ਉੱਤੇ। ਇੱਥੇ ਸਦਾ = ਸ਼ਿਵ ਦਾ ਮੰਦਰ ਹੈ, ਜਿਸ ਵਿਚ ਝੋਟੇ ਦੀ ਸ਼ਕਲ ਦਾ ਮਹਾਂਦੇਵ ਹੈ। ਪਾਂਡਵਾਂ ਤੋਂ ਹਾਰ ਖਾ ਕੇ ਸ਼ਿਵ ਜੀ ਇੱਥੇ ਝੋਟੇ ਦੀ ਸ਼ਕਲ ਵਿਚ ਆਏ। ਇਨਹਿ = ਇਹਨਾਂ ਲੋਕਾਂ ਭੀ।੨।

ਦਰਬੁ = {द्रव्य} ਧਨ। ਸੰਚਿ = ਇਕੱਠਾ ਕਰ ਕੇ। ਗਡਿ ਲੇ = ਦੱਬ ਰੱਖੇ। ਕੰਚਨ ਭਾਰੀ = ਸੋਨੇ ਦੇ ਭਾਰ, ਸੋਨੇ ਦੇ ਢੇਰ। ਨਾਰੀ = ਨਾਰੀਆਂ।੩।

ਬਿਗੂਤੇ = ਖ਼ੁਆਰ ਹੋਏ। ਨਿਰਖ = {Skt. निरीक्ष्य} ਗਹੁ ਨਾਲ ਤੱਕ ਕੇ, ਨਿਰਨਾ ਕਰ ਕੇ। ਸਰੀਰਾ = ਸਰੀਰ ਵਿਚ, ਆਪਣੇ ਅੰਦਰ। ਗਤਿ = ਉੱਚੀ ਆਤਮਕ ਅਵਸਥਾ, ਗਿਆਨ, ਸਮਝ।੪।

ਅਰਥ: ਹੇ ਮੇਰੇ ਮਨ! ਅਗਿਆਨਤਾ ਦੇ ਕਾਰਨ) ਸਿਮਰਨ ਤੋਂ ਖੁੰਝ ਕੇ ਜਗਤ ਇਕ ਹਨੇਰਾ ਖਾਤਾ ਬਣਿਆ ਪਿਆ ਹੈ, ਅਤੇ ਚੌਹੀਂ ਪਾਸੀਂ ਜਮਾਂ ਦੀ ਫਾਹੀ ਖਿਲਰੀ ਪਈ ਹੈ (ਭਾਵ, ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਵਧੀਕ ਅਗਿਆਨਤਾ ਵਿਚ ਫਸਦੇ ਜਾਣ) ।੧।ਰਹਾਉ।

ਹਿੰਦੂ ਲੋਕ ਬੁਤਾਂ ਦੀ ਪੂਜਾ ਕਰ ਕਰ ਕੇ ਖ਼ੁਆਰ ਹੋ ਰਹੇ ਹਨ, ਮੁਸਲਮਾਨ (ਰੱਬ ਨੂੰ ਮੱਕੇ ਵਿਚ ਹੀ ਸਮਝ ਕੇ ਉਧਰ) ਸਿਜਦੇ ਕਰ ਰਹੇ ਹਨ, ਹਿੰਦੂਆਂ ਨੇ ਆਪਣੇ ਮੁਰਦੇ ਸਾੜ ਦਿੱਤੇ ਤੇ ਮੁਸਲਮਾਨਾਂ ਦੇ ਦੱਬ ਦਿੱਤੇ (ਇਸੇ ਵਿਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ) । (ਹੇ ਪ੍ਰਭੂ) ਤੂੰ ਕਿਹੋ ਜਿਹਾ ਹੈਂ? ਇਹ ਸਮਝ ਦੋਹਾਂ ਧਿਰਾਂ ਨੂੰ ਨਾਹ ਪਈ।੧।

(ਵਿਦਵਾਨ) ਕਵੀ ਲੋਕ ਆਪੋ ਆਪਣੀ ਕਾਵਿ-ਰਚਨਾ ਪੜ੍ਹਨ (ਭਾਵ, ਵਿੱਦਿਆ ਦੇ ਮਾਣ) ਵਿਚ ਹੀ ਮਸਤ ਹਨ, ਕਾਪੜੀ (ਆਦਿਕ) ਸਾਧੂ ਕੇਦਾਰਾ (ਆਦਿਕ) ਤੀਰਥਾਂ ਤੇ ਜਾ ਜਾ ਕੇ ਜੀਵਨ ਵਿਅਰਥ ਗਵਾਉਂਦੇ ਹਨ; ਜੋਗੀ ਲੋਕ ਜਟਾ ਰੱਖ ਰੱਖ ਕੇ ਹੀ ਇਹ ਸਮਝਦੇ ਰਹੇ ਕਿ ਇਹੀ ਰਾਹ ਠੀਕ ਹੈ। (ਹੇ ਪ੍ਰਭੂ!) ਤੇਰੀ ਬਾਬਤ ਸੂਝ ਇਹਨਾਂ ਲੋਕਾਂ ਨੂੰ ਭੀ ਨਾਹ ਪਈ।੨।

ਰਾਜੇ ਧਨ ਜੋੜ ਜੋੜ ਕੇ ਉਮਰ ਗੰਵਾ ਗਏ, ਉਹਨਾਂ ਸੋਨੇ (ਆਦਿਕ) ਦੇ ਢੇਰ (ਭਾਵ, ਖ਼ਜ਼ਾਨੇ) ਧਰਤੀ ਵਿਚ ਦੱਬ ਰੱਖੇ, ਪੰਡਿਤ ਲੋਕ ਵੇਦ-ਪਾਠੀ ਹੋਣ ਦੇ ਹੰਕਾਰ ਵਿਚ ਖਪਦੇ ਹਨ, ਤੇ, ਇਸਤ੍ਰੀਆਂ (ਸ਼ੀਸ਼ੇ ਵਿਚ) ਆਪਣੇ ਰੂਪ ਤੱਕਣ ਵਿਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ।੩।

ਆਪੋ-ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖ਼ੁਆਰ ਹੋ ਰਹੇ ਹਨ। ਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ (ਜੀਵਨ ਦੀ) ਸਹੀ ਸੂਝ ਨਹੀਂ ਪੈਂਦੀ।੪।੧।

ਸ਼ਬਦ ਦਾ ਭਾਵ: ਸਿਮਰਨ ਤੋਂ ਬਿਨਾ ਜੀਵਨ ਵਿਅਰਥ ਹੈ। ਸਿਮਰਨ-ਹੀਨ ਬੰਦਿਆਂ ਲਈ ਇਹ ਜਗਤ ਇਕ ਅੰਨ੍ਹਾ ਖਾਤਾ ਹੈ, ਉਹਨਾਂ ਦੇ ਕਰਮ ਉਹਨਾਂ ਵਾਸਤੇ ਹੋਰ ਹੋਰ ਫਾਹੀ ਦਾ ਕੰਮ ਕਰਦੇ ਹਨ।

ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥{ਪੰਨਾ 654}

ਪਦਅਰਥ: ਜਰੀਐ = ਜਾਰੀਐ, ਸਾੜੀਦਾ ਹੈ। ਭਸਮ = ਸੁਆਹ। ਤਨੁ = ਸਰੀਰ। ਰਹੈ = (ਜੇ ਕਬਰ ਵਿਚ) ਟਿਕਿਆ ਰਹੇ। ਕਿਰਮ = ਕੀੜੇ। ਖਾਈ = ਖਾ ਜਾਂਦਾ ਹੈ। ਗਾਗਰਿ = ਘੜੇ ਵਿਚ। ਨੀਰੁ = ਪਾਣੀ। ਪਰਤੁ ਹੈ– ਪੈਂਦਾ ਹੈ (ਤੇ ਨਿਕਲ ਜਾਂਦਾ ਹੈ) । ਇਹੈ– ਇਹ ਹੀ। ਬਡਾਈ = ਮਹੱਤਤਾ, ਮਾਣ, ਫ਼ਖ਼ਰ।੧।

ਫੂਲਿਆ ਫੂਲਿਆ = ਹੰਕਾਰ ਵਿਚ ਮੱਤਾ ਹੋਇਆ। ਮਾਸ = ਮਹੀਨੇ। ਉਰਧ ਮੁਖ = ਮੂੰਹ = ਭਾਰ, ਉਲਟਾ। ਸੋ ਦਿਨੁ = ਉਹ ਸਮਾ।੧।ਰਹਾਉ।

ਮਧੁ = ਸ਼ਹਿਦ। ਸਠੋਰਿ = ਸਠੋਰ ਨੇ {skt. शठ = A rogue, a fool} ਮੂਰਖ ਨੇ, ਠੱਗ ਨੇ। ਜਿਉ…ਜੀਆ = ਜਿਉ ਮਾਖੀ ਰਸੁ ਜੋਰਿ ਜੋਰਿ ਮਧੁ ਕੀਆ, ਤਿਉ ਸਠੋਰਿ ਜੋਰਿ ਜੋਰਿ ਧਨੁ ਕੀਆ, ਜਿਵੇਂ ਮੱਖੀ ਨੇ ਫੁੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕੀਤਾ (ਤੇ ਲੈ ਗਏ ਹੋਰ ਲੋਕ) , ਤਿਵੇਂ ਮੂਰਖ ਨੇ ਸਰਫ਼ੇ ਨਾਲ ਧਨ ਜੋੜਿਆ। ਲੇਹੁ ਲੇਹੁ = ਲਉ, ਲੈ ਚੱਲੋ। ਭੂਤੁ = ਗੁਜ਼ਰ ਚੁਕਿਆ ਪ੍ਰਾਣੀ, ਮੁਰਦਾ।੨।

ਦੇਹੁਰੀ = ਘਰ ਦੀ ਬਾਹਰਲੀ ਦਲੀਜ਼। ਲਉ = ਤੱਕ। ਬਰੀ ਨਾਰਿ = ਵਹੁਟੀ। ਸੰਗਿ ਭਈ = ਨਾਲ ਹੋਈ, ਨਾਲ ਗਈ। ਮਰਘਟ = ਮਸਾਣ। ਕੁਟੰਬੁ = ਪਰਵਾਰ। ਹੰਸੁ = ਆਤਮਾ।੩।

ਕੂਆ = ਖੂਹ। ਕਾਲ ਗ੍ਰਸ ਕੂਆ = ਉਸ ਖੂਹ ਵਿਚ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ। ਆਪੁ = ਆਪਣੇ ਆਪ ਨੂੰ। ਨਲਨੀ = ਤੋਤੇ ਨੂੰ ਫੜਨ ਲਈ ਬਣਾਈ ਹੋਈ ਨਲਕੀ। ਭ੍ਰਮਿ = ਭਰਮ ਵਿਚ, ਡਰ ਵਿਚ, ਡੁੱਬਣ ਦੇ ਡਰ ਵਿਚ। ਸੂਆ = ਤੋਤਾ।੪।

ਅਰਥ: (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ।੧।

ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।

ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।

ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।

ਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।

ਸ਼ਬਦ ਦਾ ਭਾਵ: ਮਾਇਆ ਦਾ ਮਾਣ ਕੂੜਾ ਹੈ, ਕਿਸੇ ਚੀਜ਼ ਨਾਲ ਭੀ ਸਾਥ ਸਦਾ ਨਹੀਂ ਨਿਭਦਾ। ਮਾਇਆ ਦਾ ਮੋਹ ਸਗੋਂ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ, ਜਿਵੇਂ ਨਲਨੀ ਨਾਲ ਚੰਬੜ ਕੇ ਤੋਤਾ ਬਿਗਾਨੀ ਕੈਦ ਵਿਚ ਫਸਦਾ ਹੈ।

ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ {ਪੰਨਾ 654}

ਪਦਅਰਥ: ਕਰੀ = (ਜਿਨ੍ਹਾਂ ਸਿਆਣੇ ਲੋਕਾਂ ਨੇ) ਕੀਤੀ। ਕਰਮ = ਕਰਮ = ਕਾਂਡ। ਗ੍ਰਸਤ = ਗ੍ਰਸੇ ਹੋਏ। ਕਾਲ ਗ੍ਰਸਤ = ਮੌਤ ਦੇ ਡਰ ਵਿਚ ਗ੍ਰਸੇ ਹੋਏ। ਪੈ = ਭੀ। ਨਿਰਾਸਾ = ਆਸ ਪੂਰੀ ਹੋਣ ਤੋਂ ਬਿਨਾ ਹੀ।੧।

ਸਰਿਓ ਨ = ਸਿਰੇ ਨਾਹ ਚੜ੍ਹਿਆ।ਰਹਾਉ।

ਬਨ ਖੰਡ = ਜੰਗਲਾਂ ਵਿਚ। ਜਾਇ = ਜਾ ਕੇ। ਕੰਦ ਮੂਲੁ = ਗਾਜਰ ਮੂਲੀ ਆਦਿਕ। ਨਾਦੀ = ਜੋਗੀ। ਬੇਦੀ = ਕਰਮ = ਕਾਂਡੀ। ਸਬਦੀ = ‘ਅਲੱਖ’ ਆਖਣ ਵਾਲੇ ਦੱਤ ਮਤ ਦੇ ਜੋਗੀ। ਮੋਨੀ = ਚੁੱਪ ਸਾਧਣ ਵਾਲੇ, ਸਮਾਧੀ ਵਿਚ ਟਿਕਣ ਵਾਲੇ। ਪਟੈ = ਲੇਖੇ ਵਿਚ।੨।

ਭਗਤਿ ਨਾਰਦੀ = ਪ੍ਰੇਮਾ = ਭਗਤੀ। ਤਨੁ ਕਾਛਿ ਕੂਛਿ ਦੀਨਾ = ਸਰੀਰ ਨੂੰ ਸ਼ਿੰਗਾਰ ਲਿਆ, ਸਰੀਰ ਉੱਤੇ ਚੱਕਰ ਆਦਿਕ ਬਣਾ ਲਏ। ਡਿੰਭ = ਪਖੰਡ। ਉਨਿ = ਉਸ ਅਜਿਹੇ ਮਨੁੱਖ ਨੇ।੩।

ਮਾਹਿ = ਵਿਚੇ ਹੀ। ਭ੍ਰਮ ਗਿਆਨੀ = ਭਰਮੀ ਗਿਆਨੀ। ਖਾਲਸੇ = ਆਜ਼ਾਦ। ਜਿਹ = ਜਿਨ੍ਹਾਂ ਨੇ।੪।

ਅਰਥ: ਹੇ ਮਨ! ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ, ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ।੧।ਰਹਾਉ।

ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ) , ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ।੧।

ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ।੨।

ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ।੩।

ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ) । ਹੇ ਕਬੀਰ! ਆਖ-ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ।੪।੩।

ਸ਼ਬਦ ਦਾ ਭਾਵ: ਪਰਮਾਤਮਾ ਦਾ ਭਜਨ ਹੀ ਮਨੁੱਖ ਦੇ ਕਰਨ-ਜੋਗ ਕੰਮ ਹੈ। ਇਹੀ ਮੌਤ ਦੇ ਸਹਿਮ ਤੋਂ ਬਚਾਂਦਾ ਹੈ। ਕਰਮ-ਕਾਂਡ, ਜੋਗ, ਤਪ ਆਦਿਕ ਸਿਮਰਨ ਦੇ ਟਾਕਰੇ ਤੇ ਤੁੱਛ ਹਨ।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!