Breaking News
Home / ਹੁਕਮਨਾਮਾ ਸਾਹਿਬ / Today’s Hukamnama from Gurdwara Baoli Sahib Goindwal

Today’s Hukamnama from Gurdwara Baoli Sahib Goindwal

ਸ਼ੁੱਕਰਵਾਰ 15 ਫਰਵਰੀ 2019 (3 ਫੱਗਣ ਸੰਮਤ 550 ਨਾਨਕਸ਼ਾਹੀ)

ਸਲੋਕੁ ਮਃ ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥ {ਅੰਗ 473}

ਪਦ ਅਰਥ: ਫਿਕੈ ਬੋਲਿਐ = ਜੇ ਫਿੱਕੇ ਬਚਨ ਬੋਲੀਏ। ਫਿਕੋ = ਫਿੱਕਾ ਹੀ। ਫਿਕੋ ਫਿਕਾ ਸਦੀਐ = ਰੁੱਖੇ ਬਚਨ ਬੋਲਣ ਵਾਲੇ ਮਨੁੱਖ ਨੂੰ ਰੁੱਖਾ ਹੀ ਆਖਿਆ ਜਾਂਦਾ ਹੈ; ਭਾਵ, ਜੋ ਮਨੁੱਖ ਰੁੱਖੇ ਬਚਨ ਬੋਲੇ, ਉਸ ਦੀ ਬਾਬਤ ਇਹ ਆਖੀਦਾ ਹੈ ਕਿ ਉਹ ਰੁੱਖਾ ਹੈ। ਫਿਕੇ = ਰੁੱਖਾ ਬੋਲਣ ਵਾਲੇ ਮਨੁੱਖ ਦੀ। ਸੋਇ = ਸੋਭਾ, ਲੋਕਾਂ ਦੀ ਰਾਇ। ਪਾਣਾ = ਜੁੱਤੀਆਂ।1।

ਅਰਥ: ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) । ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ। ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ। (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।

ਮਃ ੧ ॥ ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥ ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥ ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥ ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥ {ਪੰਨਾ 473}

ਪਦ ਅਰਥ: ਪੈਜ = ਪਾਜ, ਵਿਖਾਵੇ ਦੀ ਇੱਜ਼ਤ। ਫੈਲੁ = ਫੈਲਸੂਫੀ, ਦਿਖਾਵਾ। ਤੇ = ਉਹ ਮਨੁੱਖ। ਸੇਤੀ = ਨਾਲ। ਦੇਖਨ੍ਹ੍ਹੇ ਵੀਚਾਰਿ = ਰੱਬ ਨੂੰ ਵੇਖਣ ਦੇ ਧਿਆਨ ਵਿਚ (ਜੁੜੇ ਰਹਿੰਦੇ ਹਨ) । ਕਿਸੈ ਕੇਰੀ = ਕਿਸੇ ਦੀ। ਨਾਹ = ਖਸਮ (ਵੇਖੋ ਸਲੋਕੁ 3, ਪਉੜੀ 1) । ਵਾਟ ਉਪਰਿ = ਰਾਹ ਵਿਚ, ਜ਼ਿੰਦਗੀ-ਰੂਪ ਰਾਹੇ ਪਏ ਹੋਏ। ਖਰਚੁ ਮੰਗਾ = (ਨਾਮ-ਰੂਪ) ਖਾਣਾ ਹੀ ਮੰਗਦੇ ਹਨ। ਦੇਇ = (ਪ੍ਰਭੂ) ਦੇਂਦਾ ਹੈ। ਦੀਬਾਨੁ = ਅਦਾਲਤ। ਕਲਮ = ਭਾਵ, ਲੇਖਾ ਲਿਖਣ ਵਾਲਾ (ਹਰੀ ਆਪ ਹੀ ਫ਼ੈਸਲਾ ਕਰਨ ਵਾਲਾ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ) । ਹਮਾ ਤੁਮ੍ਹ੍ਹਾ ਮੇਲੁ = ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ (ਪ੍ਰਭੂ ਦੇ ਦਰ ਤੇ ਹੋਵੇਗਾ) । ਜਿਉ ਤੇਲੁ = ਜਿਵੇਂ ਤੇਲ ਪੀੜੀਦਾ ਹੈ, ਜਿਵੇਂ ਪੀੜ ਕੇ ਤੇਲ ਕੱਢੀਦਾ ਹੈ।2।

ਅਰਥ: ਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ।

ਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿਚ ਉਹ ਬੰਦੇ ਨੇਕ ਹਨ; ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ (ਸਦਾ ਜੁੜੇ ਰਹਿੰਦੇ ਹਨ) । ਉਹ ਮਨੁੱਖ ਪ੍ਰਭੂ ਦੇ ਪਿਆਰ ਵਿਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ) ; ਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ। ਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ। ਹੇ ਨਾਨਕ! (ਉਹਨਾਂ ਨੂੰ ਇਹ ਨਿਸ਼ਚਾ ਹੈ) ਕਿ ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ; ਪ੍ਰਭੂ ਸਭ ਤੋਂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ ਜਿਵੇਂ ਤੇਲ (ਭਾਵ, ਉਹਨਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਹਨਾਂ ਨੂੰ ਦੁੱਖਾਂ ਰੂਪ ਕੋਹਲੂ ਵਿਚ ਪਾ ਕੇ ਪੀੜਦਾ ਹੈ) ।2।

ਪਉੜੀ ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ {ਪੰਨਾ 474}

ਪਦ ਅਰਥ: ਕਰਣਾ = ਸਰੀਰ, ਕੀਤਾ ਹੋਇਆ ਅਕਾਰ, ਸ੍ਰਿਸ਼ਟੀ। ਤੈ = (ਹੇ ਪ੍ਰਭੂ!) ਤੂੰ। ਧਰਿ = ਧਰ ਕੇ, ਰੱਖ ਕੇ, (ਜਗਤ ਵਿਚ) ਰਚ ਕੇ। ਸਾਰੀ = ਨਰਦ, ਜੀਵ-ਰੂਪ ਨਰਦਾਂ। ਕਚੀ ਪਕੀ ਸਾਰੀਐ = ਕੱਚੀਆਂ ਪੱਕੀਆਂ ਨਰਦਾਂ ਨੂੰ, ਚੰਗੇ ਮੰਦੇ ਜੀਵਾਂ ਨੂੰ। ਜਿਸ ਕੇ = ਜਿਸ ਪ੍ਰਭੂ ਦੇ। 20।

ਅਰਥ: (ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ। ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।

(ਹੇ ਭਾਈ!) ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ। (ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ) । 20।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!