Breaking News
Home / ਹੁਕਮਨਾਮਾ ਸਾਹਿਬ / Today’s Hukamnama 10.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama 10.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi

ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਸਤਿਗੁਰੁ ਭੇਟੇ ਪੂਰੈ ਭਾਗਿ ॥ ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥ ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰੈ ਭਾਗਿ ਪਰਾਪਤਿ ਹੋਇ ॥੩॥ ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ {ਪੰਨਾ 665}

ਪਦਅਰਥ: ਕਾਚਾ = ਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿ = ਇਕੱਠਾ ਕਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਹੋਏ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਬਿਖਿਆ = ਮਾਇਆ। ਕੈ ਧਨਿ = ਦੇ ਧਨ ਨਾਲ। ਪਰਾਪਤਿ = ਰਜੇਵਾਂ, ਤਸੱਲੀ, ਸੰਤੋਖ।੧।

ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮਤੀ = ਗੁਰੂ ਦੀ ਮਤਿ ਉੱਤੇ ਤੁਰ ਕੇ। ਫੁਨਿ = ਮੁੜ ਮੁੜ। ਆਵੈ = ਮਿਲਦਾ ਹੈ, ਲੱਭਦਾ ਹੈ। ਜਾਏ = ਹੱਥੋਂ ਖੁੱਸ ਜਾਂਦਾ ਹੈ।ਰਹਾਉ।

ਸਭਿ = ਸਾਰੇ। ਮਰਹਿ = ਆਤਮਕ ਜੀਵਨ ਗਵਾ ਲੈਂਦੇ ਹਨ। ਭਵਜਲਿ = ਸੰਸਾਰ = ਸਮੁੰਦਰ ਵਿਚ। ਉਰਵਾਰਿ = ਉਰਲੇ ਬੰਨੇ। ਪਾਰਿ = ਪਾਰਲੇ ਬੰਨੇ। ਭੇਟੇ = ਮਿਲਦਾ ਹੈ। ਭਾਗਿ = ਕਿਸਮਤ ਨਾਲ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ। ਰਤੇ = ਮਸਤ। ਅਹਿ = ਦਿਨ। ਨਿਸਿ = ਰਾਤ। ਬੈਰਾਗਿ = ਵੈਰਾਗ ਵਿਚ।੨।

ਚਹੁ ਜੁਗ ਮਹਿ = ਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਨਾਮਿ = ਨਾਮ ਵਿਚ। ਸਿਧ = ਕਰਾਮਾਤੀ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਸਭਿ = ਸਾਰੇ। ਲੋਇ = ਲੋਕ ਵਿਚ, ਜਗਤ ਵਿਚ।੩।

ਸਭੁ ਕਿਛੁ = ਹਰੇਕ ਚੀਜ਼। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇ = ਉਹ (ਪ੍ਰਭੂ) ਹੀ। ਕੋਇ = ਕੋਈ ਵਿਰਲਾ ਮਨੁੱਖ। ਪਛਾਣੈ = ਸਾਂਝ ਪਾਂਦਾ ਹੈ। ਸਚੁ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁ = ਸਦਾ-ਥਿਰ ਹਰਿ = ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ। ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ।੪।

ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ।ਰਹਾਉ।

ਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।੧।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ) । ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ।੨।

ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ) , ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ, ਪਰ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ।੩।

ਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ। ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ।੪।੭।

Today’s Hukamnama from Gurdwara Baoli Sahib Goindwal Sahib


ਟੋਡੀ ਮਹਲਾ ੫ ॥ ਹਰਿ ਹਰਿ ਚਰਨ ਰਿਦੈ ਉਰ ਧਾਰੇ ॥ ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥ ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥ ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥ {ਪੰਨਾ 718}

ਪਦਅਰਥ: ਰਿਦੈ = ਹਿਰਦੇ ਵਿਚ। ਉਰ ਧਾਰੇ = ਉਰ ਧਾਰਿ, {ਉਰ = ਹਿਰਦਾ} ਹਿਰਦੇ ਵਿਚ ਟਿਕਾਈ ਰੱਖ। ਸਿਮਰਿ = ਸਿਮਰ ਕੇ। ਸੁਆਮੀ = ਮਾਲਕ = ਪ੍ਰਭੂ। ਹਮਾਰੇ = ਅਸਾਂ ਜੀਵਾਂ ਦੇ।੧।ਰਹਾਉ।

ਕੀਰਤਿ = ਸਿਫ਼ਤਿ-ਸਾਲਾਹ। ਤਤੁ ਬੀਚਾਰੇ = ਸਾਰੀਆਂ ਵਿਚਾਰਾਂ ਦਾ ਨਿਚੋੜ। ਗਾਵਤ = ਗਾਂਦਿਆਂ। ਅਤੁਲ = ਜੇਹੜਾ ਤੋਲਿਆ ਨਾਹ ਜਾ ਸਕੇ, ਅਮਿਣਵਾਂ। ਗੁਨ ਠਾਕੁਰ = ਠਾਕੁਰ ਦੇ ਗੁਣ। ਅਗਮ = ਅਪਹੁੰਚ।੧।

ਪਾਰਬ੍ਰਹਮਿ = ਪਾਰਬ੍ਰਹਮ ਨੇ। ਬਾਹੁਰਿ = ਮੁੜ, ਫਿਰ। ਕਛੁ ਨ ਬੀਚਾਰੇ = ਕੋਈ ਲੇਖਾ ਨਹੀਂ ਕਰਦਾ। ਸੁਨਿ = ਸੁਣ ਕੇ। ਜਪਿ = ਜਪ ਕੇ। ਜੀਵਾ = ਜੀਵਾਂ, ਮੈ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਕੰਠ = ਗਲਾ। ਮਝਾਰੇ = ਵਿਚ।੨।

ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ। ਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ।੧।ਰਹਾਉ।

ਹੇ ਭਾਈ! ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ। ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ।੧।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ। ਹੇ ਨਾਨਕ! ਆਖ-) ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ।੨।੧੧।੩੦।

Today’s Hukamnama from Gurdwara Damdama Sahib Thatta (Kapurthala)

ਬਿਲਾਵਲੁ ਮਹਲਾ ੫ ॥ ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥ ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥੧॥ ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨ੍ਹ੍ਹ ॥ ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨ੍ਹ੍ਹ ॥੧॥ ਰਹਾਉ ॥ ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥ ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥੨॥੮॥੭੨॥ {ਪੰਨਾ 818}

ਪਦਅਰਥ: ਸਰਬ ਸਿਧਿ ਹਰਿ = ਸਾਰੀਆਂ ਸਿੱਧੀਆਂ ਦਾ ਮਾਲਕ ਪਰਮਾਤਮਾ। ਗਾਈਐ = (ਜੇ) ਸਿਫ਼ਤਿ-ਸਾਲਾਹ ਕਰਦੇ ਰਹੀਏ। ਸਭਿ = ਸਾਰੇ ਲੋਕ। ਭਲਾ ਮਨਾਵਹਿ = ਭਲਾ ਮੰਗਦੇ ਹਨ। ਸਾਧੁ = ਭਲਾ ਮਨੁੱਖ, ਗੁਰਮੁਖਿ। ਤੇ = ਤੋਂ। ਕਰਹਿ = ਆਖਦੇ ਹਨ। ਸੁਣ = ਸੁਣਿ ਕੇ। ਮਿਲਾਵਹਿ = ਮਿਲਦੇ ਹਨ, ਮਿਲਹਿ।੧।

ਸਹਜ = ਆਤਮਕ ਅਡੋਲਤਾ। ਰਸ = ਸੁਆਦ। ਪੂਰੈ ਗੁਰਿ = ਪੂਰੇ ਗੁਰੂ ਨੇ। ਜੀਅ ਸਗਲ = ਸਾਰੇ ਜੀਵਾਂ ਉਤੇ। ਦਇਆਲ = ਦਇਆਵਾਨ। ਚੀਨ੍ਹ੍ਹ = (ਜੇਹੜਾ ਮਨੁੱਖ) ਪਛਾਣਦਾ ਹੈ, ਸਾਂਝ ਪਾਂਦਾ ਹੈ।੧।ਰਹਾਉ।

ਪੂਰਿ ਰਹਿਓ = ਭਰਪੂਰ ਹੈ, ਮੌਜੂਦ ਹੈ। ਸਰਬਤ੍ਰ ਮਹਿ = ਸਭਨਾਂ ਵਿਚ। ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਅਥਾਹ। ਆਨੰਦ ਮੈ = ਆਨੰਦ = ਮਯ, ਆਨੰਦ = ਭਰਪੂਰ। ਪੇਖਿ = ਵੇਖ ਕੇ। ਧੀਰ = ਧਿਰ, ਆਸਰਾ।੨।

ਅਰਥ: ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਰਸ ਬਖ਼ਸ਼ ਦਿੱਤੇ, ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖਦਾ ਹੈ ਅਤੇ (ਪਰਮਾਤਮਾ ਨੂੰ ਸਰਬ-ਵਿਆਪਕ ਜਾਣਦਾ ਹੋਇਆ) ਸਾਰੇ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ।੧।ਰਹਾਉ।

ਹੇ ਭਾਈ! ਸਾਰੀਆਂ ਸਿੱਧੀਆਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ) ਸਾਰੇ ਲੋਕ (ਉਸ ਦੀ) ਸੁਖ ਮੰਗਦੇ ਹਨ। ਮੂੰਹੋਂ (ਸਾਰੇ ਲੋਕ ਉਸ ਨੂੰ) ਗੁਰਮੁਖਿ ਗੁਰਮੁਖਿ ਆਖਦੇ ਹਨ, (ਉਸ ਦੇ ਬਚਨ) ਸੁਣ ਕੇ ਸੇਵਕ-ਭਾਵ ਨਾਲ ਉਸ ਦੀ ਚਰਨੀਂ ਲੱਗਦੇ ਹਨ।੧।

ਹੇ ਨਾਨਕ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ) ਭਗਤ ਜਨ ਪ੍ਰਭੂ ਦਾ ਆਸਰਾ ਤੱਕ ਕੇ ਸਦਾ ਆਨੰਦ-ਭਰਪੂਰ ਰਹਿੰਦੇ ਹਨ, (ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਸਾਰੇ ਗੁਣਾਂ ਦਾ ਮਾਲਕ ਅਥਾਹ ਪ੍ਰਭੂ ਸਾਰੇ ਜੀਵਾਂ ਵਿਚ ਵੱਸਦਾ ਹੈ।੨।੮।੭੨।

Today’s Hukamnama from Gurdwara Baba Darbara Singh Ji Tibba (Kapurthala)


ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}

ਪਦਅਰਥ: ਸਿਰਿ = ਸਿਰ ਉਤੇ। ਅੰਕਸੁ = ਮਹਾਵਤ ਦਾ ਕੁੰਡਾ। ਊਭੀ = ਖਲੋ ਕੇ, ਸੁਚੇਤ ਹੋ ਕੇ। ਆਪੁ = ਆਪਾ = ਭਾਵ, ਅਪਣੱਤ। ਨਿਵਾਰੀਐ = ਦੂਰ ਕੀਤੀ ਜਾਂਦੀ ਹੈ।

ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ {ਪੰਨਾ 648}

ਅਰਥ: ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ।੧।

ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ {ਪੰਨਾ 648}

ਅਰਥ: (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ।੨।

ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ {ਪੰਨਾ 648}

ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ’ ਆਖੋ, ‘ਗੁਰੂ, ਗੁਰੂ’ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ।੧੪।

Today’s Hukamnama from State Gurdwara Sahib Kapurthala

ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ {ਪੰਨਾ 677}

ਪਦਅਰਥ: ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਦੇਖਦਾ ਹਾਂ। ਤਹ = ਉੱਥੇ। ਹਜੂਰਿ = ਅੰਗ = ਸੰਗ, ਹਾਜ਼ਰ। ਕਤਹੁ ਜਾਈ = ਕਿਸੇ ਭੀ ਥਾਂ ਤੋਂ। ਜਾਈ = ਥਾਂ। ਰਵਿ ਰਹਿਆ = ਵੱਸ ਰਿਹਾ ਹੈ। ਸਰਬਤ੍ਰ ਮੈ = ਸਭਨਾਂ ਵਿਚ। ਮਨ = ਹੇ ਮਨ!।੧।

ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਬੀਛੜੈ = ਵਿਛੁੜਦਾ। ਸੰਗੀ = ਸਾਥੀ। ਗਨੀਐ = ਸਮਝਣਾ ਚਾਹੀਦਾ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਅਲਪ = ਛੋਟਾ, ਥੋੜਾ, ਹੋਛਾ। ਭਨੀਐ = ਆਖਣਾ ਚਾਹੀਦਾ ਹੈ।ਰਹਾਉ।

ਅਪਿਆਉ = ਰਸ ਆਦਿਕ ਖ਼ੁਰਾਕ। ਊਨ = ਕਮੀ, ਥੁੜ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੨।

ਅਛਲ = ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਅਛੇਦ = ਜਿਸ ਨੂੰ ਵਿੰਨਿ੍ਹਆ ਨਾਹ ਜਾ ਸਕੇ। ਜਾ ਕਾ ਰੂਪੁ = ਜਿਸ ਦੀ ਹਸਤੀ। ਜਪਿ = ਜਪ ਕੇ। ਜਨ = ਸੇਵਕ, ਭਗਤ। ਆਨੂਪੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ।੩।

ਸਾ = ਉਹ {ਇਸਤ੍ਰੀ ਲਿੰਗ}। ਪ੍ਰਭ = ਹੇ ਪ੍ਰਭੂ! ਜਿਤੁ = ਜਿਸ (ਮਤਿ) ਦੀ ਰਾਹੀਂ। ਰੇਨ = ਧੂੜ। ਪਗ = ਪੈਰ।੪।

ਅਰਥ: ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ।ਰਹਾਉ।

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧।

ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨।

ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩।

ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!