Breaking News
Home / ਹੁਕਮਨਾਮਾ ਸਾਹਿਬ / Today’s Hukamnama 09.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama 09.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi

ਦੇਵਗੰਧਾਰੀ ਮਹਲਾ ੫ ॥ ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥ ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥ ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥ ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥ ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥ {ਪੰਨਾ 529-530}

ਪਦਅਰਥ: ਪ੍ਰਾਨ ਦਾਤੇ = ਹੇ ਜਿੰਦ ਦੇਣ ਵਾਲੇ! ਸੁਖਦਾਤੇ = ਹੇ ਸੁਖ ਦੇਣ ਵਾਲੇ! ਪ੍ਰਸਾਦਿ = ਕਿਰਪਾ ਨਾਲ। ਕਾਹੂ = ਕਿਸੇ ਵਿਰਲੇ ਨੇ। ਜਾਤੇ = ਤੇਰੇ ਨਾਲ ਡੂੰਘੀ ਸਾਂਝ ਪਾਈ।੧।ਰਹਾਉ।

ਪ੍ਰੀਤਮ = ਹੇ ਪ੍ਰੀਤਮ! ਕਾਲ = ਆਤਮਕ ਮੌਤ। ਨਾ ਖਾਤੇ = ਨਹੀਂ ਖਾ ਜਾਂਦੀ। ਰੰਗਿ = ਪ੍ਰੇਮ = ਰੰਗ ਵਿਚ। ਲਾਲ = ਚਾ = ਭਰੇ। ਰਸਿ = ਰਸ ਵਿਚ। ਮਾਤੇ = ਮਸਤ।੧।

ਕਿਲਬਿਖ = ਪਾਪ। ਕੋਟਿ = ਕ੍ਰੋੜਾਂ। ਦੋਖ = ਐਬ। ਪ੍ਰਭ = ਹੇ ਪ੍ਰਭੂ! ਦ੍ਰਿਸਟਿ = ਨਿਗਾਹ। ਹਾਤੇ = ਨਾਸ ਹੋ ਜਾਂਦੇ ਹਨ, ਹਤੇ ਜਾਂਦੇ ਹਨ। ਪਰਾਤੇ = ਪੈਂਦੇ ਹਨ।੨।

ਅਰਥ: ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ! ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੧।ਰਹਾਉ।

ਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੁੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ। ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ।੧।

ਹੇ ਪ੍ਰਭੂ! ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ।

ਹੇ ਨਾਨਕ! ਆਖ-) ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।੨।੮।

Today’s Hukamnama from Gurdwara Baoli Sahib Goindwal Sahib


ਸੋਰਠਿ ਮਹਲਾ ੧ ਤਿਤੁਕੀ ॥ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥ ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥ ਸੁਣਿ ਪੰਡਿਤ ਕਰਮਾ ਕਾਰੀ ॥ ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥ ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥ ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥ ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥ ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥ ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥ ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥ ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥ ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥ ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥ ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥ ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥ {ਪੰਨਾ 635-636}

ਪਦਅਰਥ: ਆਸਾ ਮਨਸਾ = ਮਾਇਆ ਵਾਲੀਆਂ ਆਸਾਂ ਤੇ ਫੁਰਨੇ। ਬੰਧਨੀ = (ਮਾਇਆ ਦੇ ਮੋਹ ਵਿਚ) ਬੰਨ੍ਹਣ ਵਾਲੇ। ਭਾਈ = ਹੇ ਭਾਈ! ਹੇ ਪੰਡਿਤ! ਕਰਮ ਧਰਮ = ਉਹ ਕਰਮ ਜੋ ਧਾਰਮਿਕ ਮਿਥੇ ਹੋਏ ਹਨ, ਰਸਮੀ ਧਾਰਮਿਕ ਕਰਮ। ਬੰਧਕਾਰੀ = ਮਾਇਆ ਦੇ ਬੰਧਨ ਪੈਦਾ ਕਰਨ ਵਾਲੇ। ਪਾਪਿ ਪੁੰਨਿ = (ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ। ਬਿਨਸੈ = ਆਤਮਕ ਮੌਤ ਮਰਦਾ ਹੈ। ਵਿਸਾਰੀ = ਵਿਸਾਰ ਕੇ। ਜਗਿ = ਜਗਤ ਵਿਚ। ਵੇਕਾਰੀ = ਵਿਅਰਥ।੧।

ਪੰਡਿਤ = ਹੇ ਪੰਡਿਤ! ਕਰਮਾ ਕਾਰੀ = ਕਰਮ ਕਾਂਡੀ, ਤੀਰਥ ਵਰਤ ਆਦਿਕ ਮਿਥੇ ਹੋਏ ਧਾਰਮਿਕ ਕਰਮਾਂ ਦਾ ਵਿਸ਼ਵਾਸੀ। ਜਿਤੁ = ਜਿਸ ਦੀ ਰਾਹੀਂ। ਜਿਤੁ ਕਰਮਿ = ਜਿਸ ਕਰਮ ਦੀ ਰਾਹੀਂ। ਆਤਮ ਤਤੁ = ਆਤਮਾ ਦਾ ਮੂਲ।੧।ਰਹਾਉ।

ਬਕੈ ਖੜੋ = ਖਲੋਤਾ ਉਚਾਰਦਾ ਹੈਂ। ਕਰਹੁ = ਤੁਸੀ ਕਰਦੇ ਹੋ। ਸੰਸਾਰੀ = ਸੰਸਾਰ ਵਾਲੇ, ਮਾਇਆ ਵਿਚ ਹੀ ਪ੍ਰਵਿਰਤ ਕਰਨ ਵਾਲੇ। ਪਾਖੰਡਿ = ਪਾਖੰਡ ਨਾਲ। ਵਿਕਾਰੀ = ਵਿਕਾਰਾਂ ਦੀ। ਮਾਕੁਰੀ = ਮੱਕੜੀ, ਜਾਲਾ ਤਣਨ ਵਾਲਾ ਕਕਹਿਣਾ। ਊਂਡੀ = ਉਲਟੀ।੨।

ਘਣੀ = ਬਹੁਤ (ਲੋਕਾਈ) । ਭਾਇ = ਪਿਆਰ ਵਿਚ, ਮੋਹ ਵਿਚ। ਖੁਆਈ = ਖੁੰਝ ਗਈ। ਰਹਾਈ = ਰਹਿ ਜਾਂਦਾ ਹੈ।੩।

ਸਾਚੁ ਸਹਜੁ = ਸਦਾ ਕਾਇਮ ਰਹਿਣ ਵਾਲੀ ਅਡੋਲ ਆਤਮਕ ਅਵਸਥਾ। ਤੇ = ਤੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਮਗੁ = ਰਸਤਾ। ਅੰਤਰਿ = ਅੰਦਰ। ਬੋਲਿ = ਬੋਲ ਕੇ। ਬਿਖੁ = ਜ਼ਹਿਰ, ਆਤਮਕ ਮੌਤ ਲਿਆਉਣ ਵਾਲੀ ਸ਼ੈ। ਖਾਈ = ਖਾਂਦਾ ਹੈ।੪।

ਪੰਡਿਤ = ਹੇ ਪੰਡਿਤ! ਵਿਲੋਈਐ = (ਜੇ) ਰਿੜਕੀਏ। ਤਥੁ = ਅਸਲ ਚੀਜ਼, ਮੱਖਣ। ਏਹਾ ਵਥੁ = ਇਹੀ ਚੀਜ਼ (ਪਾਣੀ ਹੀ ਪ੍ਰਾਪਤ ਕਰਦਾ ਹੈ) । ਵਿਗੂਚੀਐ = ਖ਼ੁਆਰ ਹੋਈਦਾ ਹੈ। ਦੇਉ = ਪ੍ਰਕਾਸ਼ = ਰੂਪ ਪ੍ਰਭੂ। ਅਲਖੁ = ਜਿਸ ਦਾ ਸਰੂਪ ਸਮਝਿਆ ਨਹੀਂ ਜਾ ਸਕਦਾ।੫।

ਤਾਗੋ = ਧਾਗਾ। ਕੋ = ਦਾ। ਦਹ ਦਿਸ = ਦਸੀਂ ਪਾਸੀਂ। ਮਾਇ = ਮਾਇਆ (ਨਾਲ) । ਗਾਠਿ = ਗੰਢ। ਛੂਟਈ = ਖੁਲ੍ਹਦੀ। ਕਰਮ = ਰਸਮੀ ਧਾਰਮਿਕ ਕੰਮ।੬।

ਮਨਿ = ਮਨ ਵਿਚ। ਭੈ = (ਪਰਮਾਤਮਾ ਦੇ) ਡਰ = ਅਦਬ ਵਿਚ। ਸਚੁ = ਅਟੱਲ (ਆਤਮਕ ਜੀਵਨ ਦੇਣ ਵਾਲਾ) । ਮਜਨੁ = ਤੀਰਥ = ਇਸ਼ਨਾਨ। ਵਿਸੇਖੁ = ਵਿਸ਼ਸ਼ੇਤਾ ਦਾ ਹੱਕਦਾਰ। ਅੰਕਸੁ = ਕੁੰਡਾ ਜੋ ਹਾਥੀ ਨੂੰ ਚਲਾਣ ਲਈ ਵਰਤੀਦਾ ਹੈ। ਜਿਨਿ = ਜਿਸ (ਗੁਰੂ) ਨੇ। ਮਨਿ = ਮਨ ਵਿਚ। ਭੇਖੁ = (ਵਿਖਾਵੇ ਦਾ) ਧਾਰਮਿਕ ਲਿਬਾਸ।੭।

ਹਾਟੁ = ਹੱਟ। ਸਰਾਫ = ਸ਼ਾਹ। ਕੋ = ਦਾ। ਦ੍ਰਿੜੈ = ਪੱਕੀ ਤਰ੍ਹਾਂ ਚੇਤੇ ਰੱਖਦਾ ਹੈ। ਧਨੁ = ਭਾਗਾਂ ਵਾਲਾ। ਮੇਲਿ = ਮੇਲ ਵਿਚ, ਸਤ ਸੰਗ ਵਿਚ।੮।

ਅਰਥ: (ਤੀਰਥ ਵਰਤ ਆਦਿਕ ਧਾਰਮਿਕ ਮਿਥੇ ਹੋਏ) ਕੰਮਾਂ ਦੇ ਵਿਸ਼ਵਾਸੀ ਹੇ ਪੰਡਿਤ! ਸੁਣ (ਇਹ ਕਰਮ ਧਰਮ ਆਤਮਕ ਆਨੰਦ ਨਹੀਂ ਪੈਦਾ ਕਰ ਸਕਦੇ) । ਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ ਉਹ (ਇਹ) ਹੈ ਕਿ ਆਤਮਕ ਜੀਵਨ ਦੇਣ ਵਾਲੇ ਜਗਤ-ਮੂਲ (ਦੇ ਗੁਣਾਂ) ਨੂੰ ਆਪਣੇ ਵਿਚਾਰ-ਮੰਡਲ ਵਿਚ (ਲਿਆਂਦਾ ਜਾਏ) ।੧।ਰਹਾਉ।

ਹੇ ਭਾਈ! ਤੀਰਥ ਵਰਤ ਆਦਿਕ ਧਾਰਮਿਕ ਕਰਮ ਕਰਦਿਆਂ ਭੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਹੀ ਰਹਿੰਦੇ ਹਨ, ਇਹ) ਆਸਾਂ ਤੇ ਇਹ ਫੁਰਨੇ ਮਾਇਆ ਦੇ ਮੋਹ ਵਿਚ ਬੰਨ੍ਹਣ ਵਾਲੇ ਹਨ, (ਇਹ ਰਸਮੀ) ਧਾਰਮਿਕ ਕਰਮ (ਸਗੋਂ) ਮਾਇਆ ਦੇ ਬੰਦਨ ਪੈਦਾ ਕਰਨ ਵਾਲੇ ਹਨ। ਹੇ ਭਾਈ! ਰਸਮੀ ਤੌਰ ਤੇ ਮੰਨੇ ਹੋਏ) ਪਾਪ ਅਤੇ ਪੁੰਨ ਦੇ ਕਾਰਨ ਜਗਤ ਜੰਮਦਾ ਹੈ (ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ) , ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ। ਹੇ ਭਾਈ! ਇਹ ਮਾਇਆ ਜਗਤ ਵਿਚ (ਜੀਵਾਂ ਨੂੰ) ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ (ਧਾਰਮਿਕ ਮਿਥੇ ਹੋਏ) ਕਰਮ ਵਿਅਰਥ ਹੀ ਜਾਂਦੇ ਹਨ।੧।

ਹੇ ਪੰਡਿਤ ਜੀ! ਤੁਸੀ (ਲੋਕਾਂ ਨੂੰ ਸੁਣਾਣ ਵਾਸਤੇ) ਵੇਦ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਖੋਲ੍ਹ ਕੇ ਉਚਾਰਦੇ ਰਹਿੰਦੇ ਹੋ, ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੋਹ ਵਿਚ ਫਸਾਈ ਰੱਖਣ। ਹੇ ਪੰਡਿਤ! ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ। ਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ।੨।

ਹੇ ਭਾਈ! ਭੈੜੀ ਮਤਿ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ। ਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ, ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ।੩।

ਹੇ ਪੰਡਿਤ! ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ (ਇਸ ਤਰ੍ਹਾਂ) ਪਵਿਤ੍ਰ (ਹੋਇਆ) ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ। (ਜੀਵਨ ਦਾ ਇਹ ਰਸਤਾ) ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ। ਜਿਸ ਮਨੁੱਖ ਦੇ ਮਨ ਵਿਚ ਲੋਭ (ਦੀ ਲਹਿਰ) ਜ਼ੋਰ ਪਾ ਰਹੀ ਹੋਵੇ, ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ (ਆਤਮਕ) ਲਾਭ ਨਹੀਂ ਹੋ ਸਕਦਾ। (ਮਾਇਆ ਦੀ ਖ਼ਾਤਰ) ਝੂਠ ਬੋਲ ਬੋਲ ਕੇ ਉਹ ਮਨੁੱਖ (ਆਤਮਕ ਮੌਤ ਲਿਆਉਣ ਵਾਲਾ ਇਹ ਝੂਠ-ਰੂਪ) ਜ਼ਹਿਰ ਖਾਂਦਾ ਰਹਿੰਦਾ ਹੈ।੪।

ਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ, ਪਰ ਜੇ ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ। ਇਹ (ਮਾਇਆ-ਮੋਹਿਆ) ਜਗਤ (ਪਾਣੀ ਰਿੜਕ ਰਿੜਕ ਕੇ) ਇਹ ਪਾਣੀ ਹੀ ਹਾਸਲ ਕਰਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਾਇਆ ਦੀ) ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ।੫।

ਹੇ ਭਾਈ! ਇਹ ਜਗਤ ਸੂਤਰ ਦਾ ਧਾਗਾ (ਸਮਝ ਲਵੋ, ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੋਣ, ਸੰਸਾਰਕ ਜੀਵਾਂ ਨੂੰ) ਮਾਇਆ ਦੇ ਮੋਹ ਦੀਆਂ ਦਸੀਂ ਪਾਸੀਂ ਗੰਢਾਂ ਪਈਆਂ ਹੋਈਆਂ ਹਨ (ਭਾਵ, ਮੋਹ ਵਿਚ ਫਸੇ ਜੀਵ ਦਸੀਂ ਪਾਸੀਂ ਖਿੱਚੇ ਜਾ ਰਹੇ ਹਨ) । (ਅਨੇਕਾਂ ਜੀਵ ਇਹ ਰਸਮੀ ਧਾਰਮਿਕ) ਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ। ਹੇ ਭਾਈ! ਇਹ ਜਗਤ (ਰਸਮੀ ਧਾਰਮਿਕ ਕਰਮ ਕਰਦਾ ਹੋਇਆ ਭੀ ਮੋਹ ਦੀ) ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ।੬।

ਹੇ ਪੰਡਿਤ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਡਰ-ਅਦਬ ਮਨ ਵਿਚ ਵੱਸ ਪੈਂਦਾ ਹੈ। ਉਸ ਡਰ-ਅਦਬ ਵਿਚ ਰਹਿ ਕੇ (ਮਾਇਆ ਦੇ ਮੋਹ ਵਲੋਂ) ਮਰਨਾ (ਜੀਵ ਦੇ ਮਸਤਕ ਉਤੇ ਕੀਤੇ ਕਰਮਾਂ ਦਾ ਐਸਾ) ਲੇਖ (ਹੈ ਜੋ ਇਸ ਨੂੰ ਅਟੱਲ) (ਜੀਵਨ ਦੇਂਦਾ) ਹੈ। ਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਪਰਮਾਤਮਾ ਦਾ ਨਾਮ ਹੀ ਹੈ, ਪਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜ਼ੂਰੀ ਵਿਚ ਵਿਸ਼ੇਸ਼ਤਾ ਮਿਲਦੀ ਹੈ। (ਮਾਇਆ ਵਿਚ ਮਸਤ ਮਨ-ਹਾਥੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ) ਗੁਰੂ (ਦਾ ਸ਼ਬਦ) ਕੁੰਡਾ ਹੈ, ਗੁਰੂ ਨੇ ਹੀ ਪਰਮਾਤਮਾ ਦਾ ਨਾਮ ਮਨੁੱਖ ਨੂੰ ਦ੍ਰਿੜ੍ਹ ਕਰਾਇਆ ਹੈ। (ਗੁਰੂ ਦੀ ਮੇਹਰ ਨਾਲ ਜਦੋਂ ਨਾਮ) ਮਨ ਵਿਚ ਵੱਸਦਾ ਹੈ, ਤਾਂ ਧਾਰਮਿਕ ਵਿਖਾਵਾ ਮੁੱਕ ਜਾਂਦਾ ਹੈ।੭।

ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ-ਸਰਾਫ਼ ਦਾ ਦਿੱਤਾ ਹੋਇਆ ਇਕ ਹੱਟ ਹੈ ਜਿਸ ਵਿਚ ਕਦੇ ਨਾਹ ਮੁਕਣ ਵਾਲਾ ਨਾਮ-ਸੌਦਾ ਕਰਨਾ ਹੈ। ਉਹੀ ਜੀਵ-ਵਪਾਰੀ ਇਸ ਸੌਦੇ ਨੂੰ (ਆਪਣੇ ਸਰੀਰ-ਹੱਟ ਵਿਚ) ਦ੍ਰਿੜ੍ਹਤਾ ਨਾਲ ਵਣਜਦਾ ਹੈ ਜੇਹੜਾ ਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ। ਹੇ ਨਾਨਕ! ਉਹ ਜੀਵ-ਵਪਾਰੀ ਭਾਗਾਂ ਵਾਲਾ ਹੈ ਜੋ ਸਾਧ ਸੰਗਤਿ ਵਿਚ (ਰਹਿ ਕੇ) ਇਹ ਵਪਾਰ ਕਰਦਾ ਹੈ।੮।੨।

Today’s Hukamnama from Gurdwara Damdama Sahib Thatta (Kapurthala)


ਸਲੋਕੁ ਮਃ ੪ ॥ ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥  {ਪੰਨਾ 652}

ਪਦਅਰਥ: ਜੰਤੁ = ਜੰਤ੍ਰ, ਵਾਜਾ। ਜੰਤੀ = ਵਾਜਾ ਵਜਾਉਣ ਵਾਲਾ।

ਅਰਥ: ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ, ਪ੍ਰਭੂ ਆਪਣੇ ਸੇਵਕਾਂ ਦਾ ਮਿੱਤ੍ਰ ਹੈ, ਜਿਵੇਂ ਵਾਜਾ ਵਜੰਤ੍ਰੀ ਦੇ ਵੱਸ ਵਿਚ ਹੁੰਦਾ ਹੈ (ਜਿਵੇਂ ਚਾਹੇ ਵਜਾਏ) ਤਿਵੇਂ ਪ੍ਰਭੂ ਆਪਣੇ ਸੇਵਕਾਂ ਦੇ ਅਧੀਨ ਹੁੰਦਾ ਹੈ।

ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥  {ਪੰਨਾ 652}

ਅਰਥ: ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ, (ਤੇ ਬੇਨਤੀ ਕਰਦੇ ਹਨ, ਕਿ) ਹੇ ਪ੍ਰਭੂ ਮੇਹਰ ਕਰ ਕੇ ਸੁਣ, ਸਾਰੇ ਸੰਸਾਰ ਵਿਚ (ਨਾਮ ਦੀ) ਵਰਖਾ ਹੋਵੇ (ਇਸ ਪਿਆਰ ਕਰਕੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰਦਾ ਹੈ) ।

ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ {ਪੰਨਾ 652}

ਪਦਅਰਥ: ਉਸਤਤਿ = ਵਡਿਆਈ। ਜੈਕਾਰੁ = ਸੋਭਾ।

ਅਰਥ: ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ; ਹਰੀ ਨੂੰ ਆਪਣੀ ਇਹ ਵਡਿਆਈ (ਜੋ ਉਸ ਦੇ ਸੇਵਕਾਂ ਦੀ ਹੁੰਦੀ ਹੈ) ਚੰਗੀ ਲੱਗਦੀ ਹੈ। (ਸੋ) ਉਹ ਆਪਣੇ ਸੇਵਕ ਦੀ ਜੈ ਜੈਕਾਰ ਕਰਾ ਦੇਂਦਾ ਹੈ।

ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ {ਪੰਨਾ 652}

ਪਦਅਰਥ: ਇਕ ਸਮਾਨਿ = ਇਕੋ ਜਿਹੇ। ਪੈਜ = ਲਾਜ।

ਅਰਥ: ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹੈ, ਹਰੀ ਤੇ ਹਰੀ ਦਾ ਸੇਵਕ ਇਕ-ਰੂਪ ਹਨ। ਹੇ ਹਰੀ! ਹੇ ਭਗਵਾਨ! ਦਾਸ ਨਾਨਕ ਤੇਰਾ ਸੇਵਕ ਹੈ, (ਇਸ ਸੇਵਕ ਦੀ ਭੀ) ਲਾਜ ਰੱਖ (ਆਪਣੇ ਨਾਮ ਦੀ ਦਾਤਿ ਦੇਹ) ।੧।

ਮਃ ੪ ॥ ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ {ਪੰਨਾ 652}

ਪਦਅਰਥ: ਰਸਿ = ਰਸ ਵਿਚ, ਸੁਆਦ ਵਿਚ। ਰਸਨ = ਜੀਭ।

ਅਰਥ: ਉਸ ਸੱਚੇ ਹਰੀ ਨੇ ਨਾਨਕ ਦੇ (ਹਿਰਦੇ ਵਿਚ) ਪ੍ਰੇਮ ਪੈਦਾ ਕੀਤਾ ਹੈ, (ਹੁਣ) ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ; (ਕਿਵੇਂ ਮਿਲੇ?) ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ-ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ।੨।

ਪਉੜੀ ॥ ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ {ਪੰਨਾ 652}

ਅਰਥ: ਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ) ਤੂੰ ਹੀ ਗਾਵਣ-ਜੋਗ ਹੈਂ; ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ; ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ, ਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ। ਹੇ ਦਾਸ ਨਾਨਕ! ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ।੨੫।

Today’s Hukamnama from Gurdwara Baba Darbara Singh Ji Tibba (Kapurthala)

ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥ {ਪੰਨਾ 676}

ਪਦਅਰਥ: ਫਿਰਤ ਫਿਰਤ = ਭਾਲ ਕਰਦਿਆਂ ਕਰਦਿਆਂ। ਭੇਟੇ = ਮਿਲੇ। ਭੇਟੇ ਜਨ ਸਾਧੂ = (ਜਦੋਂ) ਗੁਰੂ ਪੁਰਖ ਨੂੰ ਮਿਲੇ। ਗੁਰਿ = ਗੁਰੂ ਨੇ। ਆਨ = {अन्य} ਹੋਰ। ਆਨ ਸਗਲ ਬਿਧਿ = ਹੋਰ ਸਾਰੀਆਂ ਜੁਗਤੀਆਂ। ਕਾਂਮਿ = ਕੰਮ ਵਿਚ। ਕਾਂਮਿ ਨ ਆਵੈ = ਲਾਭਦਾਇਕ ਨਹੀਂ ਹੋ ਸਕਦੀ।੧।

ਤਾ ਤੇ = ਇਸ ਵਾਸਤੇ। ਮੋਹਿ = ਮੈਂ। ਓਟ = ਆਸਰਾ।ਰਹਾਉ।

ਸੁਰਗ = ਦੇਵ = ਲੋਕ। ਮਿਰਤ = ਮਾਤ = ਲੋਕ। ਪਇਆਲ = ਪਾਤਾਲ। ਭੂ ਮੰਡਲ = ਸਾਰੀਆਂ ਧਰਤੀਆਂ। ਬਿਆਪੇ = ਗ੍ਰਸੇ ਹੋਏ ਹਨ। ਮਾਇ = ਮਾਇਆ (ਵਿਚ) । ਜੀਅ = ਜਿੰਦ। ਜੀਅ ਉਧਾਰਨ = ਜਿੰਦ ਨੂੰ (ਮਾਇਆ ਦੇ ਮੋਹ ਤੋਂ) ਬਚਾਣ ਲਈ।੨।

ਨਿਰੰਜਨੁ = ਮਾਇਆ ਤੋਂ ਨਿਰਲੇਪ (ਨਿਰ = ਅੰਜਨੁ। ਅੰਜਨੁ = ਮਾਇਆ ਦੀ ਕਾਲਖ) । ਨਿਧਾਨ = ਖ਼ਜ਼ਾਨੇ। ਦੇਇ = ਦੇਂਦਾ ਹੈ। ਕਾਹੂ ਬਿਰਲੇ = ਕਿਸੇ ਵਿਰਲੇ ਮਨੁੱਖ ਨੇ।੩।

ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧।

ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ।

ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।

ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ।੩।੩।੨੧।

Today’s Hukamnama from State Gurdwara Sahib Kapurthala

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!