Breaking News
Home / ਹੁਕਮਨਾਮਾ ਸਾਹਿਬ / Today’s Hukamnama 07.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama 07.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi

ਰਾਗੁ ਸੂਹੀ ਛੰਤ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥ ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥ ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥ ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥ ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥ {ਪੰਨਾ 779}

ਪਦਅਰਥ: ਠਾਕੁਰੋ = ਠਾਕੁਰੁ, ਮਾਲਕ, ਪਾਲਣਹਾਰ। ਬੈਰਾਗਰੋ = ਵਾਸਨਾ = ਰਹਿਤ, ਨਿਰਚਾਹ। ਮੈ ਜੇਹੀ = ਮੇਰੇ ਵਰਗੀਆਂ। ਘਣ = ਅਨੇਕਾਂ। ਚੇਰੀ = ਦਾਸੀਆਂ। ਰਾਮ = ਹੇ ਰਾਮ! ਰਤਨਾਗਰੋ = ਰਤਨਾਕਰੁ, ਰਤਨ = ਆਕਰ, ਰਤਨਾਂ ਦੀ ਖਾਣ। ਹਉ = ਹਉਂ, ਮੈਂ। ਸਾਰ = ਕਦਰ। ਦਾਣਾ = ਸਿਆਣਾ। ਮਿਹਰੰਮਤਿ = ਮਿਹਰ। ਸਾਂਈ = ਹੇ ਸਾਈਂ! ਕੀਜੈ = ਕਰ। ਦੀਜੈ = ਦੇਹ। ਮਤਿ = ਅਕਲ। ਸਾ = ਅਜਿਹੀ। ਧਿਆਈ = ਧਿਆਈਂ, ਮੈਂ ਧਿਆਵਾਂ। ਗਰਬੁ = ਅਹੰਕਾਰ। ਰੇਣ = ਚਰਨ = ਧੂੜ। ਹੋਵੀਜੈ = ਹੋ ਜਾ। ਗਤਿ = ਉੱਚੀ ਆਤਮਕ ਅਵਸਥਾ। ਜੀਅਰੇ = ਹੇ ਜੀਵ!।੧।

ਅਰਥ: ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ। ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।

ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ) , (ਮੇਰੇ ਉੱਤੇ) ਮਿਹਰ ਕਰ। ਕਿਰਪਾ ਕਰ, ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।

ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।

ਹੇ ਨਾਨਕ! ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ।੧।

ਤੁਮ੍ਹ੍ਹ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥ ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥ ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥ ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥ ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥ ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥ {ਪੰਨਾ 779}

ਪਦਅਰਥ: ਗਉਹਰ = (ਬਹੁਤ ਹੀ ਕੀਮਤੀ) ਮੋਤੀ। ਗਹਿਰਾ = ਡੂੰਘੀ, ਅਥਾਹ (ਸਮੁੰਦਰ) । ਗੰਭੀਰਾ = ਵੱਡੇ ਜਿਗਰੇ ਵਾਲਾ। ਪਿਰ = ਖਸਮ। ਹਮ = ਅਸੀ ਜੀਵ। ਬਹੁਰੀਆ = ਵਹੁਟੀਆਂ। ਲਹੁਰੀਆ = ਛੋਟੀ। ਇਤਨੀਕ = ਬਹੁਤ ਹੀ ਛੋਟੀ। ਹਉ = ਹਉਂ, ਮੈਂ। ਆਪੇ = ਆਪ ਹੀ। ਸੁਜਾਨਾ = ਸਿਆਣਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ! ਜੀਵਾ = ਜੀਵਾਂ, ਮੈਂ ਜੀਊ ਪੈਂਦੀ ਹਾਂ। ਮਾਨਾ = ਮਾਣ ਲਏ। ਮਨਿ ਮਉਲੈ = ਮਨ ਖਿੜ ਪਿਆਂ। ਹਰੀਆ = ਹਰਾ = ਭਰਾ। ਭਾਵਨ = ਮਰਜ਼ੀ।੨।

ਅਰਥ: ਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀ ਜੀਵ ਤੇਰੀਆਂ ਵਹੁਟੀਆਂ ਹਾਂ। ਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।

ਹੇ ਭਾਈ! ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ। ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ। ਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।

ਹੇ ਨਾਨਕ! ਆਖ-ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ।੨।

ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥ ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥ ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥ ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥ ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥ ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥ {ਪੰਨਾ 779}

ਪਦਅਰਥ: ਮਾਣਾ = ਫ਼ਖ਼ਰ। ਤਾਣਾ = ਤਾਣ, ਬਲ, ਸਹਾਰਾ। ਮਤਿ = ਅਕਲ। ਸੁਰਤਿ = ਸੂਝ। ਜਾਣਾਇਹਿ= (ਜੋ ਕੁਝ) ਤੂੰ ਸਮਝਾਂਦਾ ਹੈਂ। ਜਾਣਾ = ਜਾਣਾਂ, ਮੈਂ ਸਮਝਦਾ ਹਾਂ। ਸੇਈ = ਉਹੀ ਮਨੁੱਖ। ਜਾ ਕਉ = ਜਿਸ ਉੱਤੇ। ਨਦਰਿ = ਮਿਹਰ ਦੀ ਨਿਗਾਹ। ਸਿਰੰਦੇ = ਸਿਰਜਣਹਾਰ ਦੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ = ਇਸਤ੍ਰੀ। ਭੂਲੀ = ਸਹੀ ਜੀਵਨ ਵਲੋਂ ਖੁੰਝੀ ਹੋਈ। ਰਾਹੀ = ਰਾਹੀਂ, ਰਾਹਾਂ ਵਿਚ। ਫੰਦੇ = ਫਾਹੀ ਵਿਚ। ਭਾਣੀ = ਚੰਗੀ ਲੱਗੀ। ਤਿਨ ਹੀ = {ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਲਫ਼ਜ਼ ‘ਤਿਨਿ’ ਦੀ ‘ਿ’ ਉੱਡ ਗਈ ਹੈ} ਉਸ ਨੇ ਹੀ। ਧਰ = ਆਸਰਾ। ਠਾਕੁਰ = ਹੇ ਠਾਕੁਰ!।੩।

ਅਰਥ: ਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ। (ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।

ਹੇ ਭਾਈ! ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ। ਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।

ਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ।੩।

ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲ੍ਹ੍ਹਾ ਰਾਮ ॥ ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਹ੍ਹਾ ਰਾਮ ॥ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨੁ ਮਾਨਾ ॥ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮੁ ਪਰਵਾਨਾ ॥ ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹ੍ਹਾ ॥ ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹ੍ਹਾ ॥੪॥੧॥੪॥ {ਪੰਨਾ 779-780}

ਪਦਅਰਥ: ਹਉ = ਹਉਂ, ਮੈਂ। ਵਾਰੀ ਵੰਞਾ = ਵਾਰੀ ਵੰਞਾਂ, ਮੈਂ ਕੁਰਬਾਨ ਜਾਂਦੀ ਹਾਂ। ਘੋਲੀ = ਸਦਕੇ। ਓਲ੍ਹ੍ਹਾ = ਪਰਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦੀ ਹਾਂ। ਬਰੀਆ = ਵਾਰੀ। ਜਿਨਿ = ਜਿਸ ਨੇ। ਭ੍ਰਮੁ = ਭਟਕਣਾ। ਤਜੇ = ਤਿਆਗ ਦਿੱਤੇ। ਸਿਉ = ਨਾਲ। ਮਾਨਾ = ਮੰਨ ਗਿਆ, ਗਿੱਝ ਗਿਆ। ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਨਿਕਾਣੀ = ਬੇ = ਮੁਥਾਜ। ਭਾਰਾ ਤੋਲੀ = ਭਾਰੇ ਤੋਲ ਵਾਲੀ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜੁਗਤਿ = ਜੀਊਣ ਦੀ ਜਾਚ। ਦਰੁ = ਦਰਵਾਜ਼ਾ।੪।

ਅਰਥ: ਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ। ਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।

ਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ। (ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ। ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।

ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ।੪।੧।੪।

Today’s Hukamnama from Gurdwara Baoli Sahib Goindwal Sahib


ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}

ਪਦਅਰਥ: ਸਿਰਿ = ਸਿਰ ਉਤੇ। ਅੰਕਸੁ = ਮਹਾਵਤ ਦਾ ਕੁੰਡਾ। ਊਭੀ = ਖਲੋ ਕੇ, ਸੁਚੇਤ ਹੋ ਕੇ। ਆਪੁ = ਆਪਾ = ਭਾਵ, ਅਪਣੱਤ। ਨਿਵਾਰੀਐ = ਦੂਰ ਕੀਤੀ ਜਾਂਦੀ ਹੈ।

ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ {ਪੰਨਾ 648}

ਅਰਥ: ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ।੧।

ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ {ਪੰਨਾ 648}

ਅਰਥ: (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ।੨।

ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ {ਪੰਨਾ 648}

ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ’ ਆਖੋ, ‘ਗੁਰੂ, ਗੁਰੂ’ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ।੧੪।

Today’s Hukamnama from Gurdwara Damdama Sahib Thatta (Kapurthala)

ਸੂਹੀ ਮਹਲਾ ੧ ॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥ {ਪੰਨਾ 730}

ਪਦਅਰਥ: ਭਾਂਡਾ = ਹਿਰਦਾ। ਹਛਾ = ਪਵਿਤ੍ਰ। ਤਿਸੁ = ਉਸ (ਪਰਮਾਤਮਾ) ਨੂੰ। ਭਾਵਸੀ = ਚੰਗਾ ਲੱਗੇ। ਧੋਤਾ = ਬਾਹਰੋਂ ਸਾਫ਼ ਕੀਤਿਆਂ, ਤੀਰਥ ਆਦਿਕ ਦੇ ਇਸ਼ਨਾਨ ਨਾਲ। ਦੁਆਰੈ = ਦਰ ਤੇ। ਹੋਇ = ਹੋ ਕੇ, ਮੰਗਤਾ ਬਣ ਕੇ। ਸੋਝੀ = (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ। ਪਾਇਸੀ = ਪ੍ਰਾਪਤ ਕਰਦਾ ਹੈ। ਏਤੁ ਦੁਆਰੈ = ਇਸ ਦਰ ਤੇ, ਗੁਰੂ ਦੇ ਦਰ ਤੇ। ਧੋਇ = ਧੋ ਕੇ, ਸੁੱਧ ਕੀਤਿਆਂ। ਵੀਚਾਰੁ = ਸਮਝ। ਆਪਿ = ਪ੍ਰਭੂ ਆਪ। ਵਰਤਾਇਸੀ = ਦੇਂਦਾ ਹੈ। ਮਤੁ ਕੋ ਜਾਣੈ = ਕੋਈ ਮਨੁੱਖ ਇਹ ਨਾਹ ਸਮਝੇ। ਜਾਇ= (ਇਥੋਂ ਜਗਤ ਤੋਂ) ਜਾ ਕੇ। ਅਗੈ = ਪਰਲੋਕ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਪਤਿ ਸਿਉ = ਇੱਜ਼ਤ ਨਾਲ। ਵਾਇਸੀ = ਵਜਾਏਗਾ। ਤਿਹੁ ਲੋਕ = ਤਿੰਨਾਂ ਹੀ ਲੋਕਾਂ ਵਿਚ। ਨਿਹਾਲ = ਪ੍ਰਸੰਨ = ਚਿੱਤ। ਸਭਿ = ਸਾਰੇ।੧।

ਅਰਥ: ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ। ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ।

ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ। (ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀ ਚੰਗੇ ਹਾਂ ਜਾਂ ਮੰਦੇ।

(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ। (ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।

(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ। (ਜਿਸ ਮਨੁੱਖ ਨੂੰ ਇਹ ਦਾਤਿ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ। ਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ। ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ) ।੧।੪।੬।

ਨੋਟ: ਇਸ ਸ਼ਬਦ ਵਿਚ ਵਖ ਵਖ ਬੰਦ ਨਹੀਂ ਹਨ। ਸਾਰਾ ਸ਼ਬਦ ਸਮੁੱਚੇ ਤੌਰ ਤੇ ਇੱਕ ਬੰਦ ਗਿਣਿਆ ਗਿਆ ਹੈ। ‘ਘਰੁ ੬’ ਦਾ ਇਹ ਚੌਥਾ ਸ਼ਬਦ ਹੈ।

Today’s Hukamnama from Gurdwara Baba Darbara Singh Ji Tibba (Kapurthala)

ਧਨਾਸਰੀ ਮਹਲਾ ੩ ॥ ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ਗੁਰ ਕੈ ਸਬਦਿ ਭਰੇ ਭੰਡਾਰਾ ॥ ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ ਮਾਇਆ ਮੋਹਿ ਜਲੈ ਅਭਿਮਾਨੁ ॥੧॥ ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ਜੋ ਚਾਖੈ ਸੋ ਨਿਰਮਲੁ ਹੋਇ ॥ ਨਿਰਮਲ ਨਾਮਿ ਹਉਮੈ ਮਲੁ ਧੋਇ ॥ ਸਾਚੀ ਭਗਤਿ ਸਦਾ ਸੁਖੁ ਹੋਇ ॥੨॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ ਅਨਦਿਨੁ ਦਾਝਹਿ ਸਾਤਿ ਨ ਪਾਇ ॥ ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥{ਪੰਨਾ 664}

ਪਦਅਰਥ: ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ। ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ) । ਜਾਣੁ = ਸਮਝ। ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ।੧।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ। ਭਾਗਿ = ਕਿਸਮਤ ਨਾਲ।ਰਹਾਉ।

ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ। ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ।੨।

ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ। ਹਰਖੁ = ਖ਼ੁਸ਼ੀ। ਸੋਗੁ = ਗ਼ਮ। ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ। ਤੇ = ਤੋਂ, ਪਾਸੋਂ।੩।

ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ। ਸਭ = ਸਾਰੀ। ਨਾਮਿ = ਨਾਮ ਵਿਚ (ਜੁੜ ਕੇ) ।੪।

ਅਰਥ: ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ। ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ। ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । (ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ।੧।

ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ। ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ। ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ। ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ।੩।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ। (ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ।੪।੨।

Today’s Hukamnama from State Gurdwara Sahib Kapurthala

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!