Breaking News
Home / ਹੁਕਮਨਾਮਾ ਸਾਹਿਬ / Today’s Hukamnama 06.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama 06.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi


ਧਨਾਸਰੀ ਛੰਤ ਮਹਲਾ ੪ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ {ਪੰਨਾ 690}

ਪਦਅਰਥ: ਧਿਆਈਐ = ਸਿਮਰਿਆ ਜਾ ਸਕਦਾ ਹੈ। ਸੁਭਾਇ = ਪ੍ਰੇਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਗਾਈਐ = ਗਾ ਸਕੀਦਾ ਹੈ। ਵਿਗਸੈ = ਖਿੜਿਆ ਰਹਿੰਦਾ ਹੈ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिन}। ਸਾਚੇ ਭਾਵਏ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗੇ। ਭਾਵਏ = ਭਾਵੈ, ਚੰਗਾ ਲੱਗੇ। ਨਾਮਿ = ਨਾਮ ਵਿਚ। ਸਮਾਵਏ = ਸਮਾਵੈ, ਸਮਾ ਜਾਂਦਾ ਹੈ। ਦੇਇ = ਦੇਂਦਾ ਹੈ। ਤ = ਤਾਂ, ਤਦੋਂ।੧।

ਅਰਥ: ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।੧।

ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥ {ਪੰਨਾ 690}

ਪਦਅਰਥ: ਸਾਚਾ = ਸਦਾ-ਥਿਰ ਰਹਿਣ ਵਾਲਾ। ਨੇਹੁ = ਪ੍ਰੇਮ। ਪੂਰੇ ਸਤਿਗੁਰੈ = ਪੂਰੇ ਗੁਰੂ ਦੀ ਰਾਹੀਂ। ਹਉ = ਮੈਂ। ਤਿਸੁ = ਉਸ (ਪ੍ਰਭੂ) ਨੂੰ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਵੀਸਰੈ = ਭੁੱਲਦਾ। ਮੈ = ਮੈਨੂੰ। ਵਿਸਾਰੀ = ਵਿਸਾਰੀਂ, ਮੈਂ ਭੁਲਾਂਦਾ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਦਾ। ਲਈ = ਲਈਂ। ਜੀਵਾ = ਜੀਵਾਂ। ਸ੍ਰਵਣੀ = ਕੰਨਾਂ ਨਾਲ। ਸੁਣੀ = ਸੁਣੀਂ। ਤ੍ਰਿਪਤੈ = ਰੱਜ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਵਾ = ਪੀਵਾਂ। ਬਿਬੇਕ = (ਚੰਗੇ ਮੰਦੇ ਦੀ) ਪਰਖ। ਬਿਚਰੈ = ਵਿਚਰਦੀ ਹੈ, ਵਰਤਦੀ ਹੈ।੨।

ਅਰਥ: ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।੨।

ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥ ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥ ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥ ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥ ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥ {ਪੰਨਾ 690}

ਪਦਅਰਥ: ਭਾਗਿ = ਭਾਗ ਨਾਲ, ਕਿਸਮਤ ਨਾਲ। ਰਸੁ = ਸੁਆਦ। ਆਵਏ = ਆਉਂਦਾ ਹੈ, ਆਵੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ = ਲਗਨ। ਸਮਾਵਏ = ਸਮਾਵੈ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਾਰ ਲੰਘਿਆ ਹੋਇਆ। ਬੈਰਾਗੀ = ਨਿਰਮੋਹ। ਹਲਤਿ = ਇਸ ਲੋਕ ਵਿਚ {अत्र}। ਪਲਤਿ = {परत्र} ਪਰਲੋਕ ਵਿਚ। ਅੰਤਰਿ = ਵਿਚ। ਨਾਮਿ = ਨਾਮ ਵਿਚ। ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਮੁਕਤਾ = ਸੁਤੰਤਰ। ਭਾਵਏ = ਭਾਵੈ।੩।

ਅਰਥ: (ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਉਹ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ।੩।

ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥ ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥ ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥ ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥ {ਪੰਨਾ 690}

ਪਦਅਰਥ: ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਜਮਿ = ਜਮ ਨੇ, ਮੌਤ ਨੇ, ਆਤਮਕ ਮੌਤ ਨੇ। ਜੋਹਿਆ = ਤੱਕ ਵਿਚ ਰੱਖਿਆ। ਦੁਖਿ = ਦੁੱਖ ਵਿਚ। ਮੋਹਿਆ = ਫਸਿਆ ਹੋਇਆ। ਰੋਹਿਆ = ਰੋਹ ਵਿਚ ਰਹਿੰਦਾ ਹੈ, ਕ੍ਰੋਧਵਾਨ। ਕਰਤ = ਕਰਦਿਆਂ। ਵਿਹਾਵਏ = ਵਿਹਾਵੈ, ਬੀਤ ਜਾਂਦੀ ਹੈ। ਦੇਇ = ਦੇਂਦਾ ਹੈ। ਤਿਸੁ = ਉਸ (ਪ੍ਰਭੂ) ਨੂੰ। ਕਲਤ੍ਰ = ਇਸਤ੍ਰੀ। ਧੋਹਿਆ = ਛਲ, ਧ੍ਰੋਹ, ਠੱਗੀ।੪।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਉਹ ਦਿਨ ਰਾਤ ‘ਹਾਇ ਹਾਇ’ ਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਲੰਘ ਜਾਂਦੀ ਹੈ। ਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ। ਪੁੱਤਰ ਇਸਤ੍ਰੀ (ਆਦਿਕ) ਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ।੪।

ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥ ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥ ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥ ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥ ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥ {ਪੰਨਾ 690}

ਪਦਅਰਥ: ਕਰਿ = ਕਰ ਕੇ। ਲੇਹੁ ਮਿਲਾਇ = (ਤੂੰ) ਮਿਲਾ ਲੈਂਦਾ ਹੈਂ। ਮਹਲੁ = ਹਜ਼ੂਰੀ, (ਚਰਨਾਂ ਵਿਚ) ਥਾਂ। ਹਰਿ = ਹੇ ਹਰੀ! ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਮਨਿ = (ਉਸ ਦੇ) ਮਨ ਵਿਚ। ਭਾਇਆ = ਪਿਆਰਾ ਲੱਗਾ। ਭਾਵੈ = ਪਿਆਰਾ ਲੱਗਦਾ ਹੈ। ਤਾ = ਤਦੋਂ। ਹੁਕਮਿ = ਹੁਕਮ ਵਿਚ। ਮੰਨਿ = ਮੰਨ ਕੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮੋ ਨਾਮੁ = ਨਾਮ ਹੀ ਨਾਮ।੫।

ਅਰਥ: ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। (ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। ਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।੫।੧।

Today’s Hukamnama from Gurdwara Baoli Sahib Goindwal Sahib

ਰਾਮਕਲੀ ਮਹਲਾ ੫ ॥ ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥੧॥ ਰਹਾਉ ॥ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥ ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥ ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥ ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥ ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥ ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥ {ਪੰਨਾ 883}

ਪਦਅਰਥ: ਰਹਤ = ਨਿਰਲੇਪ। ਤ੍ਰੈ ਗੁਣ ਰਹਤ = ਮਾਇਆ ਦੇ ਤਿੰਨ ਗੁਣਾਂ ਤੋਂ ਬਚੀ ਹੋਈ। ਨਿਰਾਰੀ = ਨਿਰਾਲੀ, ਵੱਖਰੀ। ਸਾਧਿਕ = ਜੋਗ = ਸਾਧਨ ਕਰਨ ਵਾਲੇ। ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਨ ਜਾਨੈ = ਨਹੀਂ ਜਾਣਦੀ, ਸਾਂਝ ਨਹੀਂ ਪਾਂਦੀ। ਰਤਨ = ਪ੍ਰਭੂ ਦੇ ਗੁਣਾਂ ਦੇ ਰਤਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਸੰਪੂਰਨ = ਨਕਾ = ਨਕ ਭਰੀ ਹੋਈ। ਕੈ ਖਜਾਨੈ = ਦੇ ਖ਼ਜ਼ਾਨੇ ਵਿਚ।੧।

ਅਚਰਜੁ = ਅਨੋਖਾ ਤਮਾਸ਼ਾ। ਬਸਤੁ = {वस्तु} ਕੀਮਤੀ ਚੀਜ਼ {ਇਸਤ੍ਰੀ-ਲਿੰਗ}। ਅਗੋਚਰ = {ਅ = ਗੋ = ਚਰ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਭਾਈ = ਹੇ ਭਾਈ!।੧।ਰਹਾਉ।

ਜੋਗਾ = ਸਮਰਥ। ਕੋ = ਕੋਈ ਮਨੁੱਖ। ਕਉ = ਵਾਸਤੇ। ਸੋਝੀ = ਸਮਝ, ਅਕਲ। ਜੋ = ਜੇਹੜਾ ਮਨੁੱਖ। ਪੇਖੈ = ਵੇਖਦਾ ਹੈ। ਤਿਸੁ = ਉਸ (ਮਨੁੱਖ) ਦੀ (ਪ੍ਰੀਤ) । ਬਣਿ ਆਵੈ = ਬਣ ਜਾਂਦੀ ਹੈ।੨।

ਸੋਈ = ਉਹ (ਕਰਣਹਾਰ) ਹੀ। ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ ਜੀਵ। ਕਿਆ ਬੇਚਾਰਾ = ਕੀਹ ਪਾਂਇਆਂ ਰੱਖਦਾ ਹੈ? ਕੋਈ ਪਾਂਇਆਂ ਨਹੀਂ। ਗਤਿ = ਹਾਲਤ। ਮਿਤਿ = ਮਾਪ, ਅੰਦਾਜ਼ਾ। ਆਪੇ = ਆਪ ਹੀ। ਪੂਰ ਭੰਡਾਰਾ = ਭਰੇ ਹੋਏ ਖ਼ਜ਼ਾਨਿਆਂ ਵਾਲਾ।੩।

ਅੰਮ੍ਰਿਤੁ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ = ਰਸ। ਮਨਿ = ਮਨ ਵਿਚ। ਤ੍ਰਿਪਤਿ ਰਹੇ ਆਘਾਈ = ਪੂਰਨ ਤੌਰ ਤੇ ਰੱਜ ਗਏ। ਨਾਨਕ = ਹੇ ਨਾਨਕ!।੪।

ਅਰਥ: ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ। (ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।੧।ਰਹਾਉ।

ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ) । ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ। ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ।੧।

ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ। ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ। (ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ।੨।

ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ। ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ। ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।੩।

ਹੇ ਨਾਨਕ! ਆਖ-ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) । ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ।੪।੪।

Today’s Hukamnama from Gurdwara Damdama Sahib Thatta (Kapurthala)


ਬੈਰਾੜੀ ਮਹਲਾ ੪ ॥ ਜਪਿ ਮਨ ਰਾਮ ਨਾਮੁ ਨਿਸਤਾਰਾ ॥ ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥ ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥ ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥ ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥ ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥ {ਪੰਨਾ 720}

ਪਦਅਰਥ: ਮਨ = ਹੇ ਮਨ! ਨਿਸਤਾਰਾ = ਪਾਰ = ਉਤਾਰਾ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ। ਕੋਟਿ = ਕ੍ਰੋੜ। ਕੋਟ ਕੋਟੰਤਰ ਕੇ = ਅਨੇਕਾਂ ਕਿਲਿ੍ਹਆਂ ਦੇ, ਅਨੇਕਾਂ ਜੂਨਾਂ ਦੇ। ਸਭਿ = ਸਾਰੇ। ਖੋਵੈ = ਨਾਸ ਕਰਦਾ ਹੈ। ਭਵਜਲੁ = ਸੰਸਾਰ = ਸਮੁੰਦਰ।੧।ਰਹਾਉ।

ਕਾਇਆ = ਸਰੀਰ। ਨਗਰਿ = ਨਗਰ ਵਿਚ। ਨਿਰੰਕਾਰਾ = ਆਕਾਰ = ਰਹਿਤ। ਨਿਕਟਿ = ਨੇੜੇ। ਗੁਰ ਵੀਚਾਰਾ = ਗੁਰੂ ਦੀ ਦਿੱਤੀ ਸੂਝ ਨਾਲ।੧।

ਆਪੇ = ਆਪ ਹੀ। ਪਾਸਾਰਾ = ਖਿਲਾਰਾ। ਵਿਹਾਝੇ = ਖ਼ਰੀਦਦਾ ਹੈ। ਸਚਾ = ਸਦਾ-ਥਿਰ।੨।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ। (ਪਰਮਾਤਮਾ ਦਾ ਨਾਮ) ਅਨੇਕਾਂ ਜੂਨਾਂ ਦੇ (ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ, ਪਰਮਾਤਮਾ (ਸਿਮਰਨ ਕਰਨ ਵਾਲੇ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।੧।ਰਹਾਉ।

(ਹੇ ਭਾਈ!) ਮਾਲਕ-ਪ੍ਰਭੂ (ਸਾਡੇ) ਸਰੀਰ-ਸ਼ਹਰ ਵਿਚ ਵੱਸਦਾ ਹੈ, (ਫਿਰ ਭੀ) ਉਸ ਨੂੰ ਕੋਈ ਡਰ ਨਹੀਂ ਪੋਂਹਦਾ, ਉਸ ਨੂੰ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਖ਼ਾਸ ਆਕਾਰ ਨਹੀਂ। ਪਰਮਾਤਮਾ (ਸਦਾ ਸਾਡੇ) ਨੇੜੇ ਵੱਸਦਾ ਹੈ, (ਪਰ ਸਾਨੂੰ) ਦਿੱਸਦਾ ਨਹੀਂ (ਹਾਂ,) ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ।੧।

(ਗੁਰੂ ਦੀ ਬਖ਼ਸ਼ੀ ਮਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ।੨।੪।

Today’s Hukamnama from Gurdwara Baba Darbara Singh Ji Tibba (Kapurthala)


ਸਲੋਕੁ ਮਃ ੩ ॥ ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ {ਪੰਨਾ 649}

ਪਦਅਰਥ: ਬਿੰਦੈ = ਜਾਣਦਾ ਹੈ। ਬ੍ਰਹਮੁ = ਪਰਮਾਤਮਾ। ਬ੍ਰਹਮਤੁ = ਬ੍ਰਾਹਮਣ ਵਾਲਾ ਲੱਛਣ। ਏਕ ਸਬਦਿ = ਕੇਵਲ ਸ਼ਬਦ ਵਿਚ।

ਅਰਥ: ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ; ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ।

ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥ {ਪੰਨਾ 649}

ਪਦਅਰਥ: ਕਰਿ = ਕਰ ਕੇ।

ਅਰਥ: ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ, ਹੇ ਨਾਨਕ! ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁੰਆਂ ਜੁਗਾਂ ਵਿਚ (ਭਾਵ, ਸਦਾ) ਸੁਖ ਪਾਂਦਾ ਹੈ।੧।

ਮਃ ੩ ॥ ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ {ਪੰਨਾ 649}

ਪਦਅਰਥ: ਸੀਤਲੁ = ਠੰਡੇ, ਸ਼ਾਂਤ, ਸੰਤੋਖੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗੁਰਮੁਖਿ = ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ।

ਅਰਥ: ਜਵਾਨ ਹੋਵੇ ਭਾਵੇਂ ਬੁੱਢਾ-ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ, ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ।

ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ {ਪੰਨਾ 649-650}

ਪਦਅਰਥ: ਤ੍ਰਿਪਤਿ = ਰੱਜ, ਰਜੇਵਾਂ। ਜਿ = ਜੋ ਕੁਝ।

ਅਰਥ: (ਉਹਨਾਂ ਦਾ) ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ (ਉਹਨਾਂ ਨੂੰ ਮਾਇਆ ਦੀ) ਭੁੱਖ ਨਹੀਂ ਲੱਗਦੀ। ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ।੨।


ਪਉੜੀ ॥ ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ {ਪੰਨਾ 650}

ਪਦਅਰਥ: ਰਵਾ = ਉਚਾਰਾਂ। ਕਿਲਵਿਖ = ਪਾਪ। ਕ੍ਰਿਖਾ = ਨਾਸ ਕਰ ਦਿਆਂ। ਵਿਖਾ = ਕਦਮ, ਪੈਰ।

ਅਰਥ: ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਜੋ ਹਰੀ-ਨਾਮ ਸਿਮਰਦੇ ਹਨ (ਜੀ ਚਾਹੁੰਦਾ ਹੈ) ਮੈਂ ਉਹਨਾਂ ਦਾ ਦਰਸ਼ਨ ਕਰਾਂ, (ਉਹਨਾਂ ਪਾਸੋਂ) ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ, ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ (ਆਪਣੇ) ਸਾਰੇ ਪਾਪ ਕੱਟ ਦਿਆਂ। ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ (ਭਾਵ, ਆ ਵੱਸਦਾ ਹੈ) ।੧੯।

Today’s Hukamnama from State Gurdwara Sahib Kapurthala

ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}

ਪਦਅਰਥ: ਜਿਸ ਕੇ = {ਲਫ਼ਜ਼ ‘ਜਿਸ’ ਦਾ ੁ ਸੰਬੰਧਕ ‘ਕੇ’ ਦੇ ਕਾਰਨ ਉੱਡ ਗਿਆ ਹੈ}। ਸੁਆਮੀ = ਹੇ ਸੁਆਮੀ! ਬੋਲਿ ਨ ਜਾਣੈ = ਬੋਲਣ ਨਹੀਂ ਜਾਣਦਾ। ਮਦਿ = ਅਹੰਕਾਰ ਵਿਚ। ਮਾਤਾ = ਮਸਤ। ਮਰਣਾ = ਮੌਤ, ਮੌਤ ਦਾ ਸਹਿਮ। ਚੀਤਿ = ਚਿੱਤ ਵਿਚ।੧।

ਰਾਮਰਾਇ = ਹੇ ਪ੍ਰਭੂ = ਪਾਤਿਸ਼ਾਹ! ਕਉ = ਨੂੰ। ਨੇਰੇ = ਨੇੜੇ।੧।ਰਹਾਉ।

ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਨਾਸਾ = ਦੂਰ ਹੋ ਜਾਂਦਾ ਹੈ। ਬਖਸ = ਬਖ਼ਸ਼ਸ਼। ਦਿਲਾਸਾ = ਭਰੋਸਾ, ਤਸੱਲੀ।੨।

ਧਿਆਇਨਿ = ਧਿਆਉਂਦੇ ਹਨ। ਪਾਇਨਿ = ਪਾਂਦੇ ਹਨ। ਆਰਾਧਹਿ = ਆਰਾਧਦੇ ਹਨ। ਭਰਵਾਸੇ = ਆਸਰੇ ਨਾਲ। ਪੰਚ ਦੁਸਟ = ਕਾਮਾਦਿਕ ਪੰਚ ਵੈਰੀ। ਲੈ = ਫੜ ਕੇ। ਸਾਧਹਿ = ਵੱਸ ਵਿਚ ਕਰ ਲੈਂਦੇ ਹਨ।੩।

ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਸੁਰਤਿ ਜੋੜਨ ਦੀ ਜਾਚ। ਨ ਜਾਣਾ = ਨ ਜਾਣਾਂ, ਨਹੀਂ ਸਾਂ ਜਾਣਦਾ। ਸਾਰ = ਕਦਰ। ਜਿਨਿ = ਜਿਸ (ਗੁਰੂ) ਨੇ। ਕਰ = ਇੱਜਤ, ਲਾਜ।੪।

ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ) । ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।

ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।

ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।

ਹੇ ਪ੍ਰਭੂ! ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।

ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ।੪।੧੦।੫੭।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!