Breaking News
Home / ਹੁਕਮਨਾਮਾ ਸਾਹਿਬ / Today’s Hukamnama 05.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama 05.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi


ਬਿਹਾਗੜਾ ਮਹਲਾ ੫ ਛੰਤ ॥ ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ {ਪੰਨਾ 547}

ਪਦਅਰਥ: ਸੁਧਰਮੀੜਿਆ = ਹੇ ਸੁਧਰਮੀ! ਹੇ ਸ੍ਰੇਸ਼ਟ ਧਰਮ ਵਾਲੇ! ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ। ਕਤ = ਕਿਉਂ? ਨੇਤ੍ਰੀ ਦੇਖਿ = ਅੱਖਾਂ ਨਾਲ ਵੇਖ। ਬਿਉਹਾਰੀ = ਵਿਹਾਰ ਕਰਨ ਵਾਲਾ। ਸੰਗਿ = ਨਾਲ। ਵੇਸ = ਕੱਪੜੇ। ਸੁਵਰਨ = ਸੋਨਾ। ਰੂਪਾ = ਚਾਂਦੀ। ਊਣੇ = ਖ਼ਾਲੀ, ਵਿਅਰਥ। ਕਲਤ੍ਰ = ਇਸਤ੍ਰੀ। ਹਸਤ ਘੋਰਿ = ਹਾਥੀ ਘੋੜੇ। ਵਿਕਾਰੀ = ਵਿਕਾਰਾਂ ਵਲ ਲੈ ਜਾਣ ਵਾਲੇ। ਮਿਥਿਆ = ਨਾਸਵੰਤ। ਸੰਸਾਰੀ = ਸੰਸਾਰ ਦੇ ਉੱਦਮ।੧।

ਅਰਥ: ਹੇ (ਸਾਰੀਆਂ) ਜੂਨਾਂ ਵਿਚੋਂ (ਉੱਤਮ ਫ਼ਰਜ਼ ਵਾਲੇ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਬੋਲਿਆ ਕਰ। (ਸਿਫ਼ਤਿ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ? ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ। ਦੇਸਾਂ (ਦੇ ਰਾਜ) , ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ। ਹੇ ਭਾਈ! ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ-ਸਾਧ ਸੰਗਤਿ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ।


ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥ ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥ ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥ ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥ {ਪੰਨਾ 548}

ਪਦਅਰਥ: ਰਾਜਨ = ਹੇ ਧਰਤੀ ਦੇ ਸਰਦਾਰ! ਭਰੇ = ਭਰਿ, ਭਰ ਕੇ। ਨੀਦ ਭਰੇ = ਗੂੜ੍ਹੀ ਨੀਂਦ ਵਿਚ। ਕਤ = ਕਿਉਂ? ਰੁਦਨੁ = ਰੋਣ = ਕੁਰਲਾਣ, ਤਰਲਾ। ਕੇਤੇ = ਕਿਤਨੇ ਹੀ, ਬੇਅੰਤ ਜੀਵ। ਬਿਲਲਾਹੀ = ਬਿਲਲਾਹਿ, ਵਿਲਕਦੇ ਹਨ। ਮਹਾ ਮੋਹਨ– ਡਾਢੀ ਮਨ = ਮੋਹਣੀ ਮਾਇਆ ਦੀ ਖ਼ਾਤਰ। ਸਹਸ = ਹਜ਼ਾਰਾਂ। ਉਪਾਵ = (ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ) । ਭਾਵਤ = (ਪ੍ਰਭੂ ਨੂੰ) ਚੰਗਾ ਲੱਗਦਾ ਹੈ। ਜਾਹੀ = ਜਾਹਿ, ਜਾਂਦੇ ਹਨ। ਆਦਿ ਅੰਤੇ ਮਧਿ = ਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰਲੇ ਸਮੇ ਵਿਚ, ਸਦਾ ਹੀ। ਪੂਰਨ = ਵਿਆਪਕ। ਸਰਬਤ੍ਰ = ਹਰ ਥਾਂ। ਘਟਿ ਘਟਿ = ਹਰੇਕ ਸਰੀਰ ਵਿਚ। ਆਹੀ = ਹੈ। ਸੰਗਮੁ = ਮਿਲਾਪ। ਸਾਧ ਸੰਗਮੁ = ਗੁਰੂ ਦਾ ਮਿਲਾਪ। ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ = ਚਰਨਾਂ ਵਿਚ।੨।

ਅਰਥ: ਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ? ਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ। ਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ (ਕਿ ਮਾਇਆ ਮਿਲੇ ਤੇ ਮਾਇਆ ਤੋਂ ਸੁਖ ਮਿਲੇ, ਪਰ) ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ। ਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ (ਮਾਇਆ ਦੇ ਮੋਹ ਵਿਚੋਂ ਖ਼ਲਾਸੀ ਭੀ ਨਹੀਂ ਹੁੰਦੀ। ਹੋਵੇ ਭੀ ਕਿਵੇਂ?) ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ। ਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ। ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ।੨।

ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥ ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥ ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥ ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥ {ਪੰਨਾ 548}

ਪਦਅਰਥ: ਨਰਪਤਿ = ਰਾਜਾ। ਜਾਣਿ = ਜਾਣ ਕੇ, ਸਮਝ ਕੇ। ਗ੍ਰਹਿਓ = (ਮੋਹ ਵਿਚ) ਫਸ ਜਾਂਦਾ ਹੈ। ਸਰਪਰ = ਜ਼ਰੂਰ। ਮੋਹੇ = (ਜਿਹੜੇ) ਮੋਹ ਵਿਚ ਫਸਦੇ ਹਨ। ਹਰਿਚੰਦਉਰੀ = ਹਰਿਚੰਦ = ਨਗਰੀ, ਗੰਧਰਬ = ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ। ਦੇਖਿ = ਵੇਖ ਕੇ। ਅਸਥਿਤਿ = ਪੱਕਾ ਟਿਕਾਣਾ। ਕਹਾ = ਕਿੱਥੇ? ਕਿਤੇ ਭੀ ਨਹੀਂ। ਆਨ = ਹੋਰ। ਅਹਿਲਾ = ਆਹਲਾ, ਉੱਤਮ। ਗਵਾਈਐ = ਗਵਾ ਲਈਦਾ ਹੈ। ਹਉ ਹਉ = ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡਾ ਬਣ ਜਾਵਾਂ) । ਕਾਂਮ = ਮਨੁੱਖਾ ਜਨਮ ਦਾ ਮਨੋਰਥ। ਗਿਆਨ = ਆਤਮਕ ਜੀਵਨ ਦੀ ਸਮਝ। ਕੇਤਿਆ = ਅਨੇਕਾਂ ਹੀ।੩।

ਅਰਥ: (ਜੇ ਕੋਈ ਮਨੁੱਖ) ਰਾਜਾ (ਬਣ ਜਾਂਦਾ ਹੈ, ਤਾਂ ਉਹ) ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ। (ਪਰ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, (ਜੇਹੜੇ ਮਨੁੱਖ ਦੁਨੀਆ ਦੇ ਮੋਹ ਵਿਚ) ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ। ਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ।੩।

“ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡ ਬਣ ਜਾਵਾਂ) “-ਇਹ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਮਨੁੱਖਾ ਜਨਮ ਦਾ ਮਨੋਰਥ ਹਾਸਲ ਨਹੀਂ ਹੋ ਸਕਦਾ, ਆਤਮਕ ਜੀਵਨ ਦੀ ਸਮਝ ਭੀ ਨਹੀਂ ਪੈਂਦੀ। ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ।੩।

ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥ ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥ ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥ ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥ ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥ ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥ {ਪੰਨਾ 548}

ਪਦਅਰਥ: ਅਨੁਗ੍ਰਹੋ = ਅਨੁਗ੍ਰਹੁ, ਦਇਆ। ਭੁਜਾ = ਬਾਂਹ। ਗਹਿ = ਫੜ ਕੇ। ਸਾਧੂ ਸੰਗੁ = ਗੁਰੂ ਦਾ ਮਿਲਾਪ। ਸੰਗਮਿ = ਸੰਗਤਿ ਵਿਚ। ਕਲਮਲ = ਪਾਪ। ਮਹਾ ਧਰਮ = ਨਾਮ = ਧਰਮ। ਦਾਨ ਕਿਰਿਆ = ਨਾਮ = ਦਾਨ ਦੀ ਕਿਰਿਆ। ਸੇ = ਇਹੀ {ਬਹੁ-ਵਚਨ}। ਰਸਨਾ = ਜੀਭ (ਨਾਲ) । ਭੀਨਾ = ਭਿੱਜ ਜਾਂਦਾ ਹੈ। ਨਾਮਿ = ਨਾਮ ਨਾਲ। ਪਰਬੀਨਾ = ਸਿਆਣਾ।੪।

ਅਰਥ: (ਹੇ ਭਾਈ! ਜਿਸ ਮਨੁੱਖ ਨੂੰ) ਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ, ਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ।

ਹੇ ਭਾਈ! ਸਭ ਤੋਂ ਵੱਡਾ ਧਰਮ ਨਾਮ-ਜਪਣ ਦਾ ਧਰਮ-ਅਤੇ ਸਭ ਤੋਂ ਵੱਡਾ ਦਾਨ-ਨਾਮ-ਦਾਨ-ਇਹੀ ਕੰਮ (ਜਗਤ ਤੋਂ) ਤੇਰੇ ਨਾਲ ਜਾ ਸਕਦੇ ਹਨ। ਹੇ ਨਾਨਕ! ਆਖ-) ਜੇਹੜਾ ਮਨੁੱਖ ਆਪਣੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ ਦੇ ਨਾਮ-ਜਲ ਵਿਚ ਤਰੋ-ਤਰ ਹੋਇਆ ਰਹਿੰਦਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ।੪।੬।੯।

Today’s Hukamnama from Gurdwara Baoli Sahib Goindwal Sahib


ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646}

ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।

ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।

ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646}

ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।

ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646}

ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।

ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646}

ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।

ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}

ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।

ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।

Today’s Hukamnama from Gurdwara Damdama Sahib Thatta (Kapurthala)

ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਪੰਨਾ 742}

ਪਦਅਰਥ: ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ! ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ!।੧।

ਪ੍ਰਭ = ਹੇ ਪ੍ਰਭੂ! ਕਰਿ = ਬਣਾ ਕੇ। ਚੇਰੇ = ਸੇਵਕ।੧।ਰਹਾਉ।

ਦਾਤੇ = ਹੇ ਸਭ ਦਾਤਾਂ ਦੇਣ ਵਾਲੇ! ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ।੨।

ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ! ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ।੩।

ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ। ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!।੪।

ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ।

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ।੪।੧੮।੨੪।

Today’s Hukamnama from Gurdwara Baba Darbara Singh Ji Tibba (Kapurthala)

ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥ ਕਾਲੁ ਅਹੇਰੀ ਫਿਰੈ ਬਧਿਕ ਜਿਉ ਕਹਹੁ ਕਵਨ ਬਿਧਿ ਕੀਜੈ ॥੧॥ ਸੋ ਦਿਨੁ ਆਵਨ ਲਾਗਾ ॥ ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥੧॥ ਰਹਾਉ ॥ ਜਬ ਲਗੁ ਜੋਤਿ ਕਾਇਆ ਮਹਿ ਬਰਤੈ ਆਪਾ ਪਸੂ ਨ ਬੂਝੈ ॥ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥੨॥ ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥ ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥੩॥੨॥ {ਪੰਨਾ 692}

ਪਦਅਰਥ: ਦਿਨ ਤੇ = ਦਿਨਾਂ ਤੋਂ। ਆਵ = ਆਯੂ, ਉਮਰ। ਛੀਜੈ = ਕਮਜ਼ੋਰ ਹੁੰਦਾ ਜਾ ਰਿਹਾ ਹੈ। ਅਹੇਰੀ = ਸ਼ਿਕਾਰੀ। ਬਧਿਕ = ਸ਼ਿਕਾਰੀ। ਕਹਹੁ = ਦੱਸੋ। ਕਵਨ ਬਿਧਿ ਕੀਜੈ = ਕਿਹੜੀ ਵਿਧੀ ਵਰਤੀ ਜਾਏ? ਕਿਹੜਾ ਢੰਗ ਕੀਤਾ ਜਾਏ? ਕੋਈ ਢੰਗ ਕਾਮਯਾਬ ਨਹੀਂ ਹੋ ਸਕਦਾ।੧।

ਸੋ ਦਿਨੁ = ਉਹ ਦਿਨ (ਜਦੋਂ ਕਾਲ ਅਹੇਰੀ ਨੇ ਸਾਨੂੰ ਭੀ ਆ ਫੜਨਾ ਹੈ) । ਸੁਤ = ਪੁੱਤਰ। ਬਨਿਤਾ = ਵਹੁਟੀ। ਕਾ ਕਾ = ਕਿਸ ਦਾ? ਕੋਊ ਹੈ ਕਾ ਕਾ = ਕੋਈ ਕਿਸ ਦਾ ਹੈ? ਕੋਈ ਕਿਸੇ ਦਾ ਨਹੀਂ ਬਣ ਸਕਦਾ।੧।ਰਹਾਉ।

ਜੋਤਿ = ਆਤਮਾ, ਜਿੰਦ। ਬਰਤੈ = ਮੌਜੂਦ ਹੈ। ਆਪਾ = ਆਪਣਾ ਅਸਲਾ। ਜੀਵਨ ਪਦ ਕਾਰਨ = ਹੋਰ ਹੋਰ ਜੀਊਣ ਵਾਸਤੇ, ਲੰਮੀ ਉਮਰ ਵਾਸਤੇ। ਲੋਚਨ = ਅੱਖਾਂ।੨।

ਅਰਥ: ਦਿਨਾਂ ਤੋਂ ਪਹਿਰ ਤੇ ਪਹਿਰਾਂ ਤੋਂ ਘੜੀਆਂ (ਗਿਣ ਲਉ, ਇਸੇ ਤਰ੍ਹਾਂ ਥੋੜਾ ਥੋੜਾ ਸਮਾ ਕਰ ਕੇ) ਉਮਰ ਘਟਦੀ ਜਾਂਦੀ ਹੈ, ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, (ਸਭ ਜੀਵਾਂ ਦੇ ਸਿਰ ਉੱਤੇ) ਕਾਲ-ਰੂਪ ਸ਼ਿਕਾਰੀ ਇਉਂ ਫਿਰਦਾ ਹੈ ਜਿਵੇਂ (ਹਿਰਨ ਆਦਿਕਾਂ ਦਾ ਸ਼ਿਕਾਰ ਕਰਨ ਵਾਲੇ) ਸ਼ਿਕਾਰੀ। ਦੱਸੋ, (ਇਸ ਸ਼ਿਕਾਰੀ ਤੋਂ ਬਚਣ ਲਈ ਕਿਹੜਾ ਜਤਨ ਕੀਤਾ ਜਾ ਸਕਦਾ ਹੈ?।੧।

(ਹਰ ਇਕ ਜੀਵ ਦੇ ਸਿਰ ਉੱਤੇ) ਉਹ ਦਿਨ ਆਉਂਦਾ ਜਾਂਦਾ ਹੈ (ਜਦੋਂ ਕਾਲ-ਸ਼ਿਕਾਰੀ ਆ ਪਕੜਦਾ ਹੈ) ; ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਵਿਚੋਂ ਕੋਈ (ਉਸ ਕਾਲ ਦੇ ਅੱਗੇ) ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ।੧।ਰਹਾਉ।

ਜਦ ਤਕ ਸਰੀਰ ਵਿਚ ਆਤਮਾ ਮੌਜੂਦ ਰਹਿੰਦਾ ਹੈ, ਪਸ਼ੂ-(ਮਨੁੱਖ) ਆਪਣੇ ਅਸਲੇ ਨੂੰ ਸਮਝਦਾ ਨਹੀਂ, ਹੋਰ ਹੋਰ ਜੀਊਣ ਲਈ ਲਾਲਚ ਕਰਦਾ ਹੈ, ਇਸ ਨੂੰ ਅੱਖੀਂ (ਇਹ) ਨਹੀਂ ਦਿੱਸਦਾ (ਕਿ ਕਾਲ-ਅਹੇਰੀ ਤੋਂ ਛੁਟਕਾਰਾ ਨਹੀਂ ਹੋ ਸਕੇਗਾ) ।੨।

ਕਬੀਰ ਆਖਦਾ ਹੈ-ਹੇ ਭਾਈ! ਸੁਣੋ, ਮਨ ਦੇ (ਇਹ) ਭੁਲੇਖੇ ਦੂਰ ਕਰ ਦਿਉ (ਕਿ ਸਦਾ ਇੱਥੇ ਬਹਿ ਰਹਿਣਾ ਹੈ) । ਹੇ ਜੀਵ? (ਹੋਰ ਲਾਲਸਾ ਛੱਡ ਕੇ) ਸਿਰਫ਼ ਪ੍ਰਭੂ ਨਾਮ ਸਿਮਰੋ, ਤੇ ਉਸ ਇੱਕ ਦੀ ਸ਼ਰਨ ਆਓ।੩।੨।

Today’s Hukamnama from State Gurdwara Sahib Kapurthala


ਧਨਾਸਰੀ ਮਹਲਾ ੫ ॥ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥ {ਪੰਨਾ 679-680}

ਪਦਅਰਥ: ਜਾ ਕਉ = ਜਿਸ (ਮਨੁੱਖ) ਨੂੰ। ਰੰਗੁ = ਪ੍ਰੇਮ। ਇਸੁ ਜੁਗ ਮਹਿ = ਇਸ ਜਗਤ ਵਿਚ। ਸੂਰਾ = ਸੂਰਮਾ। ਆਤਮੁ = ਆਪਣੇ ਆਪ ਨੂੰ, ਆਪਣੇ ਮਨ ਨੂੰ। ਜਿਣੈ = ਜਿੱਤ ਲੈਂਦਾ ਹੈ। ਵਸਿ = ਵੱਸ ਵਿਚ। ਤਾ ਕੈ ਵਸਿ = ਉਸ ਦੇ ਵੱਸ ਵਿਚ।੧।

ਆਤਮ ਰੰਗਿ = ਦਿਲੀ ਪਿਆਰ ਨਾਲ। ਗਾਈਐ = ਗਾਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੰਗਿ = ਨਾਲ।੧।ਰਹਾਉ।

ਵਸਹਿ = ਵੱਸ ਪੈਣ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਪੁਨੀਤਾ = ਪਵਿਤ੍ਰ। ਦੇਹੀ = ਸਰੀਰ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈ = ਨਾਨਕ ਦੇ ਹਿਰਦੇ ਵਿਚ।੨।

ਅਰਥ: ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ।੧।ਰਹਾਉ।

ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ।੧।

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ। (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ।੨।੪।੩੫।

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!