Breaking News
Home / ਹੁਕਮਨਾਮਾ ਸਾਹਿਬ / Today’s Hukamnama 03.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama 03.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi


ਜੈਤਸਰੀ ਮਹਲਾ ੫ ਛੰਤ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਛੰਤ ॥ ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ {ਪੰਨਾ 703}

ਪਦਅਰਥ: ਪਿਆਸੀ = ਤਿਹਾਈ, ਚਾਹਵਾਨ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ। ਨੀਤ = ਨਿੱਤ, ਸਦਾ। ਖੋਲ੍ਹ੍ਹਿ = ਖੋਹਲ ਕੇ। ਕਪਟ = ਕਪਾਟ, ਕਿਵਾੜ। ਖੋਲ੍ਹ੍ਹਿ ਕਪਟ = ਮੇਰੇ ਮਨ ਦੇ ਕਿਵਾੜ ਖੋਹਲ ਕੇ, ਮੇਰੇ ਮਾਇਆ ਦੇ ਛੌੜ ਕੱਟ ਕੇ। ਗੁਰਿ = ਗੁਰੂ ਨੇ। ਮੇਲੀਆ = ਮਿਲਾ ਦਿੱਤਾ। ਸੰਗਿ = ਨਾਲ।੧।

ਛੰਤ। ਯਾਰ = ਹੇ ਯਾਰ! ਸਜਣ = ਹੇ ਸੱਜਣ! ਕਰਉ = ਕਰਉਂ, ਮੈਂ ਕਰਦੀ ਹਾਂ। ਹਉ ਫਿਰਉ = ਹਉ ਫਿਰਉਂ, ਮੈਂ ਫਿਰਦੀ ਹਾਂ। ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ। ਨੈਨ = ਅੱਖਾਂ। ਪ੍ਰਿਅ ਰੰਗ = ਪਿਆਰੇ ਦੇ ਪ੍ਰੇਮ = ਰੰਗ। ਨਾ ਧੀਰੀਜੈ = ਧੀਰਜ ਨਹੀਂ ਕਰਦਾ। ਸਿਉ = ਨਾਲ। ਲੀਨਾ = ਮਸਤ। ਜਲ ਮੀਨਾ = ਪਾਣੀ ਦੀ ਮੱਛੀ। ਚਾਤ੍ਰਿਕ = ਪਪੀਹਾ। ਤਿਸੰਤੀਆ = ਤਿਹਾਇਆ। ਤਿਖਾ = ਤ੍ਰੇਹ, ਪਿਆਸ।੧।

ਅਰਥ: ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ। ਹੇ ਨਾਨਕ! ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ।੧।

ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ) , ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।

ਹੇ ਦਾਸ ਨਾਨਕ! ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ।੧।

ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥{ਪੰਨਾ 703}

ਪਦਅਰਥ: ਪ੍ਰਿਅ = ਪਿਆਰੇ ਦੀਆਂ। ਹਭੇ = ਸਾਰੀਆਂ। ਮੂ = ਮੈਂ। ਕਹੀ ਨ ਜੇਹੀਆ = ਕਿਸੇ ਵਰਗੀ ਭੀ ਨਹੀਂ। ਡੂੰ = ਤੋਂ। ਹਿਕਿ = ਇਕਿ {ਲਫ਼ਜ਼ ‘ਇਕ’ ਤੋਂ ਬਹੁ-ਵਚਨ}। ਚਾੜੈ = ਚੜ੍ਹਦੀਆਂ; ਵਧੀਆ, ਸੋਹਣੀਆਂ। ਹਉ = ਮੈਂ। ਕਿਸੁ ਚਿਤੇਹੀਆ = ਕਿਸ ਨੂੰ ਚੇਤੇ ਹਾਂ? ਡੂੰ = ਤੋਂ। ਭੋਗ ਬਿਲਾਸਾ = ਮਿਲਾਪ ਦਾ ਆਨੰਦ। ਦੇਖਿ = ਵੇਖ ਕੇ। ਮਨਿ = ਮਨ ਵਿਚ। ਕਦਿ = ਕਦੋਂ? ਪਾਈ = ਪਾਈਂ, ਮੈਂ ਮਿਲ ਸਕਾਂ। ਦੇਖਿ = ਵੇਖ ਕੇ ਗੁਣਾਂ ਦਾ ਖ਼ਜ਼ਾਨਾ ਹਰੀ। ਮੈਡਾ = ਮੇਰਾ। ਰੀਝਾਇਆ = ਪ੍ਰਸੰਨ ਕਰ ਲਿਆ। ਜਿਨੀ = ਜਿਨਿ, ਜਿਸ ਨੇ। ਡੇਂਹੀਆ = ਦੇ ਦਿਆਂ। ਨਾਨਕੁ ਕਹੈ– ਨਾਨਕ ਆਖਦਾ ਹੈ। ਬਿਨਉ = {विनय} ਬੇਨਤੀ। ਸੁਹਾਗਣਿ = ਹੇ ਸੋਹਾਗ ਵਾਲੀਏ! ਮੂ = ਮੈਨੂੰ। ਡਿਖਾ = ਵੇਖਾਂ।੨।

ਅਰਥ: ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ। ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ? ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ। ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ। (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।

ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ।੨।


ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ {ਪੰਨਾ 704}

ਪਦਅਰਥ: ਯਾਰ ਵੇ = ਹੇ ਸਤਸੰਗੀ ਮਿੱਤਰ! ਭਾਣਾ = ਚੰਗਾ ਲੱਗ ਪਿਆ। ਨੀਸੀ = ਨਹੀਂ। ਛੰਦਾ = ਮੁਥਾਜੀ। ਤੈ = ਤੈਂ, ਤੂੰ। ਰਾਵਿਆ = ਮਿਲਾਪ ਹਾਸਲ ਕੀਤਾ। ਮੂ = ਮੈਨੂੰ। ਦਸੰਦਾ = ਪੁੱਛਦਾ ਹਾਂ। ਆਪੁ = ਆਪਾ = ਭਾਵ। ਜੈ ਧਨ ਮਥਾਣੇ = ਜਿਸ (ਜੀਵ-) ਇਸਤ੍ਰੀ ਦੇ ਮੱਥੇ ਉਤੇ। ਪਕੜਿ = ਫੜ ਕੇ। ਠਾਕੁਰਿ = ਠਾਕੁਰ ਨੇ। ਘਿਧੀ = ਲੈ ਲਈ, ਆਪਣੀ ਬਣਾ ਲਈ। ਗੁਣ ਹਾਰੁ = ਗੁਣਾਂ ਦਾ ਹਾਰ। ਹਭੋ ਕਿਛੁ = ਸਭ ਕੁਝ, ਸਾਰਾ ਜੀਵਨ। ਤਿਸੁ = ਤਿਸੁ (ਮਿਲਿ) । ਸਾਈ = ਉਹੀ। ਸੰਗਿ = ਨਾਲ।੩।

ਅਰਥ: ਹੇ ਸਤਸੰਗੀ ਸੱਜਣ! ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ। ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ) । (ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ। ਹੇ ਦਾਸ ਨਾਨਕ! ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ।੩।

ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥ ਵਰੁ ਲੋੜੀਦਾ ਆਇਆ ਵਜੀ ਵਾਧਾਈ ॥ ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥ ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥ ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥ ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥ {ਪੰਨਾ 704}

ਪਦਅਰਥ: ਸੁਖ = ਸੁੱਖਣਾ। ਸੁਖੇਦੀ = ਮੈਂ ਸੁੱਖਦੀ ਸਾਂ। ਸਾ = ਉਹ (ਸੁੱਖਣਾ) । ਲੋੜੀਦਾ = ਜਿਸ ਨੂੰ ਮੈਂ ਲੋੜਦੀ ਸਾਂ। ਵਧਾਈ = ਚੜ੍ਹਦੀ ਕਲਾ, ਉਤਸ਼ਾਹ। ਰਹਸੁ = ਆਨੰਦ। ਸਦ = ਸਦਾ। ਨਵ ਰੰਗੀਆ = ਨਵੇਂ ਰੰਗ ਵਾਲਾ। ਭਾਗਿ = ਕਿਸਮਤ ਨਾਲ। ਗੁਰਿ = ਗੁਰੂ ਨੇ। ਕੈ ਸਤਸੰਗੀਆ = ਦੀ ਸੰਗਤਿ ਵਿਚ। ਮਨਸਾ = ਮੁਰਾਦ। ਅੰਕਿ = ਅੰਕ ਵਿਚ। ਅੰਕੁ = ਅੰਗ, ਆਪਾ। ਮਿਲਿ = ਮਿਲ ਕੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ।੪।

ਅਰਥ: ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ) । ਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ, ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ। ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ। (ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।

ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ।੪।

Today’s Hukamnama from Gurdwara Baoli Sahib Goindwal Sahib

ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ    ੴ ਸਤਿਗੁਰ ਪ੍ਰਸਾਦਿ ॥ ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥ ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ {ਪੰਨਾ 659}

ਪਦਅਰਥ: ਨੈਨਹੁ = ਅੱਖਾਂ ਵਿਚੋਂ। ਨੀਰੁ = ਪਾਣੀ। ਖੀਨਾ = ਕਮਜ਼ੋਰ, ਲਿੱਸਾ। ਦੁਧਵਾਨੀ = ਦੁੱਧ ਦੇ ਵੰਨ ਦੇ, ਦੁੱਧ ਵਰਗੇ ਚਿੱਟੇ। ਰੂਧਾ = ਰੁਕਿਆ ਹੋਇਆ (ਕਫ ਨਾਲ) । ਕੰਠੁ = ਗਲਾ। ਪਰਾਨੀ = ਹੇ ਜੀਵ!।੧।

ਹੋਹਿ = ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ = {Skt. वनमालिन् adorned with a chaplet of woodflowers. ਜੰਗਲੀ ਫੁੱਲਾਂ ਦੀ ਮਾਲਾ ਪਾਣ ਵਾਲਾ। An epithet of Krishna} ਪਰਮਾਤਮਾ। ਲੇਹੁ ਉਬਾਰੀ = ਬਚਾ ਲੈਂਦੇ ਹੋ।ਰਹਾਉ।

ਸਰੀਰਿ = ਸਰੀਰ ਵਿਚ। ਜਲਨਿ = ਸੜਨ। ਕਰਕ = ਦਰਦ। ਬੇਦਨ = ਰੋਗ। ਖਰੀ ਬੇਦਨ = ਵਡਾ ਰੋਗ। ਵਾ ਕਾ = ਉਸ ਦਾ। ਅਉਖਧੁ = ਦਾਰੂ, ਦਵਾਈ।੨।

ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਵਉ = ਮੈਂ ਹਾਸਲ ਕਰਦਾ ਹਾਂ, ਮੈਂ ਪ੍ਰਾਪਤ ਕਰ ਲਿਆ ਹੈ। ਮੋਖ = ਮੁਕਤੀ, ਸਰੀਰਕ ਮੋਹ ਤੋਂ ਖ਼ਲਾਸੀ ਦੇਹ = ਅੱਧਿਆਸ ਤੋਂ ਅਜ਼ਾਦੀ। ਮੋਖ ਦੁਆਰਾ = ਮੁਕਤੀ ਦਾ ਰਸਤਾ, ਉਹ ਤਰੀਕਾ ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਹੋ ਜਾਏ।੩।

ਅਰਥ: ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ ਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ।੧।ਰਹਾਉ।

ਹੇ ਜੀਵ! ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ, ਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ।੧।

ਹੇ ਪ੍ਰਾਣੀ! ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ (ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ।੨।

(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ। ਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ।੩।੧।

Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੧ ॥ ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥ ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਹੁਕਮੇ ਬੰਨ੍ਹ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥ ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਜਿਨ੍ਹ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥ {ਪੰਨਾ 636}

ਪਦਅਰਥ: ਸਾਥ = {सार्थ} ਕਾਫ਼ਲੇ, ਸੰਗੀ ਸਾਥੀ। ਠਾਕ = ਰੋਕ। ਰਸਨ = ਜੀਭ (ਨਾਲ) । ਅੰਮ੍ਰਿਤ ਹਰੇ = ਹਰੀ ਦਾ ਨਾਮ = ਅੰਮ੍ਰਿਤ। ਭਾਰੇ = ਪਾਪਾਂ ਦੇ ਭਾਰ ਨਾਲ ਲੱਦੇ ਹੋਏ।੧।

ਭੀ = ਸਦਾ ਹੀ। ਤੂਹੈ– ਤੈਨੂੰ ਹੀ। ਪਿਆਰੇ = ਹੇ ਸੱਜਣ = ਪ੍ਰਭੂ! ਸਾਲਾਹ = ਸਿਫ਼ਤਿ-ਸਾਲਾਹ। ਬੋਹਿਥ = ਜਹਾਜ਼ (ਨਾਮ ਦਾ) । ਭੈ = ਭਉ (-ਸਾਗਰ) ਵਿਚ। ਕੰਧੀ = ਕੰਢਾ। ਕਹਾਹ = ਕਿਥੇ?।ਰਹਾਉ।

ਸਾਲਾਹੀ = ਸਾਲਾਹਣ = ਜੋਗ ਹਰੀ। ਸਾਲਾਹਨਿ = (ਜੇਹੜੇ ਬੰਦੇ) ਸਾਲਾਹੁੰਦੇ ਹਨ। ਸਬਦਿ = ਗੁਰੂ ਦੇ ਸ਼ਬਦ ਵਿਚ। ਰਸੁ ਲੈ = ਨਾਮ = ਅੰਮ੍ਰਿਤ ਚੱਖਦਾ ਹੈ। ਵਿਲੋਇ = (ਨਾਮ = ਦੁੱਧ ਨੂੰ) ਰਿੜਕ ਕੇ। ਤਤੁ = ਜਗਤ ਦਾ ਮੂਲ = ਪ੍ਰਭੂ।੨।

ਪਤਿ = ਖਸਮ = ਪ੍ਰਭੂ। ਪਰਵਾਨਾ = ਰਾਹਦਾਰੀ। ਸਾਚ ਕਾ = ਸਦਾ-ਥਿਰ ਰਹਿਣ ਵਾਲੇ ਪ੍ਰਭੂ = ਨਾਮ ਦਾ। ਸਚਾ = ਸਦਾ-ਥਿਰ ਰਹਿਣ ਵਾਲਾ। ਨੀਸਾਣੁ = ਮੋਹਰ। ਹੁਕਮੀ ਹੁਕਮੁ = ਪਰਮਾਤਮਾ ਦੇ ਹੁਕਮ ਨੂੰ। ਤਾਣੁ = ਬਲ, ਤਾਕਤ।੩।

ਨਿੰਮਿਆ = ਮਾਂ ਦੇ ਪੇਟ ਵਿਚ ਟਿਕਿਆ। ਉਦਰ ਮਝਾਰਿ = ਪੇਟ ਵਿਚ। ਊਧਉ = ਪੁੱਠਾ, ਉਲਟਾ। ਕਾਰਜ = ਜਨਮ = ਮਨੋਰਥ, ਉਹ ਕੰਮ ਜਿਸ ਦੇ ਕਰਨ ਵਾਸਤੇ ਜਗਤ ਵਿਚ ਆਇਆ। ਸਾਰਿ = ਸੰਭਾਲ ਕੇ, ਸਵਾਰ ਕੇ।੪।

ਜਾਦੋ ਜਾਇ = ਚਲਾ ਜਾਂਦਾ ਹੈ। ਬੰਨ੍ਹ੍ਹਿ = ਬੰਨ੍ਹ ਕੇ। ਸਬਦਿ = ਸ਼ਬਦ ਦੀ ਰਾਹੀਂ।੫।

ਗਣਤ ਗਣਾਈਐ = ਗਿਣਤੀਆਂ ਗਿਣਦਾ ਹੈ। ਦੋਇ = ਦ੍ਵੈਤ, ਮੇਰ = ਤੇਰ। ਭਵੈ = ਭਟਕਦਾ ਹੈ। ਭਵਾਈਐ = ਭਟਕਣਾ ਵਿਚ ਪਾਇਆ ਜਾਂਦਾ ਹੈ। ਅਵਗਣਿ = ਔਗੁਣ ਦੀ ਰਾਹੀਂ। ਮੁਠੀ = ਲੁੱਟੀ ਹੋਈ, ਠੱਗੀ ਹੋਈ। ਰੋਇ = ਰੋਂਦੀ ਹੈ (ਲੋਕਾਈ) ।੬।

ਆਖਣਿ = ਆਖਣ ਵਿਚ। ਸੰਤੋਖੀਆਂ = ਮੈਨੂੰ ਸੰਤੋਖ ਆ ਜਾਏ। ਮਿਲਾਉ = ਮਿਲਉ ਮੈਂ ਮਿਲ ਜਾਵਾਂ।੭।

ਕਾਇਆ = ਸਰੀਰ। ਮਸਵਾਣੀ = ਸਿਆਹੀ ਦੀ ਦਵਾਤ। ਲਲਤਾ = ਜੀਭ। ਲੇਖਣਿ = ਕਲਮ। ਧਨੁ = {धन्य} ਭਾਗਾਂ ਵਾਲਾ। ਉਰਿ = ਹਿਰਦੇ ਵਿਚ। ਧਾਰਿ = ਧਾਰ ਕੇ, ਟਿਕਾ ਕੇ।੮।

ਅਰਥ: ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤਿ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ।ਰਹਾਉ।

ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।੧।

ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ। ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ। ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ।੨।

ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ। (ਪ੍ਰਭੂ ਦਾ ਇਹੀ ਹੁਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੍ਰਭੂ ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ। ਹੇ ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝ (ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ) ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ। ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ।੩।

ਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ) । ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ। (ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।੪।

ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ) । ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ।੫।

ਹੇ ਭਾਈ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦ੍ਵੈਤ ਹੈ। ਪ੍ਰਭੂ ਦੀ ਰਜ਼ਾ ਅਨੁਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦੁੱਖ) ਰੋ ਰਹੀ ਹੈ।

ਜਿਸ ਮਨੁੱਖ ਨੂੰ ਸ਼ਾਹ-ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹੁੰਦੀ ਹੈ।੬।

ਹੇ ਭਾਈ! ਜਗਤ ਵਿਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੍ਰਭੂ-ਨਾਮ ਸੁਣਿਆ ਜਾ ਰਿਹਾ ਹੈ (ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ) । ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ। (ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ, ਮੇਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿਚ ਮੈਂ ਜੁੜਿਆ ਰਹਾਂ।੭।

ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਣ ਲਈ ਕਲਮ ਬਣ ਜਾਏ, ਤਾਂ, ਹੇ ਭਾਈ! ਸੁਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ। ਹੇ ਨਾਨਕ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ।੮।੩।

Today’s Hukamnama from Gurdwara Baba Darbara Singh Ji Tibba (Kapurthala)

ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ {ਪੰਨਾ 674}

ਪਦਅਰਥ: ਪ੍ਰਤਿਪਾਲਕ = ਪਾਲਣ ਵਾਲੇ। ਨਾਇਕ = ਆਗੂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੁਮਰੇ ਧਾਰੇ = ਤੇਰੇ ਆਸਰੇ।੧।

ਜਿਹਵਾ = ਜੀਭ। ਕਹੀਐ = ਬਿਆਨ ਕੀਤਾ ਜਾ ਸਕਦਾ ਹੈ। ਤੇਰੋ = ਤੇਰਾ। ਕਿਨ ਹੀ = ਕਿਨਿ ਹੀ, ਕਿਸੇ ਪਾਸੋਂ ਭੀ {ਲਫ਼ਜ਼ ‘ਕਿਨਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਲਹੀਐ = ਲੱਭਿਆ ਜਾ ਸਕਦਾ।੧।ਰਹਾਉ।

ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖੰਡਹੁ = ਨਾਸ ਕਰਦੇ ਹੋ। ਬਿਧਿ = ਤਰੀਕਾ। ਅਗਿਆਨ = ਗਿਆਨ = ਹੀਣ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅਲਪ = ਥੋੜੀ, ਹੋਛੀ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ।੨।

ਤੁਮਾਰੀ = ਤੇਰੀ ਹੀ। ਸੁਹੇਲੇ = ਸੁਖ ਦੇਣ ਵਾਲੇ। ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲੇ! ਗੋਲੇ = ਗ਼ੁਲਾਮ।੩।

ਅਰਥ: ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ।

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ) , ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧।

ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ।੨।

ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।

Today’s Hukamnama from State Gurdwara Sahib Kapurthala

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!