Breaking News
Home / ਹੁਕਮਨਾਮਾ ਸਾਹਿਬ / Hukamnama 12.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

Hukamnama 12.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

ਧਨਾਸਰੀ ਮਹਲਾ ੫ ॥ ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥ ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥ ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥ ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥੨॥ ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥ ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥ ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥ ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ {ਪੰਨਾ 675}

ਪਦਅਰਥ: ਦੀਨ = ਗਰੀਬ, ਅਨਾਥ। ਨਿਵਾਰਿ = ਦੂਰ ਕਰ ਕੇ। ਜਨ = ਸੇਵਕ। ਰਾਖੈ = ਲਾਜ ਰੱਖਦਾ ਹੈ। ਤਰਣ = ਜਹਾਜ਼। ਨਿਧਿ = ਖ਼ਜ਼ਾਨਾ। ਨ ਸਕੈ ਬਿਆਪਿ = ਪੋਹ ਨਹੀਂ ਸਕਦਾ।੧।

ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਗੋਪਾਲ = ਧਰਤੀ ਦਾ ਪਾਲਣ ਵਾਲਾ। ਆਨ = {अन्य} ਕੋਈ ਹੋਰ। ਸੰਜਮ = ਜੁਗਤਿ। ਕਟਿ = ਕੱਟ ਲੈ। ਕਲਿ ਕਾਲ = ਸੰਸਾਰ ਦੀ ਕਲਪਣਾ, ਜਗਤ ਦੇ ਝੰਬੇਲੇ।ਰਹਾਉ।

ਆਦਿ = ਸ਼ੁਰੂ ਤੋਂ। ਅੰਤਿ = ਅਖ਼ੀਰ ਵਿਚ। ਆਦਿ ਅੰਤਿ = ਜਗਤ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਸਦਾ ਹੀ। ਦਇਆਲ = ਦਇਆ ਦਾ ਘਰ। ਪੂਰਨ = ਸਰਬ = ਵਿਆਪਕ। ਨਿਵਾਰਿ = ਦੂਰ ਕਰ ਲੈ। ਜਪਿ = ਜਪ ਕੇ। ਸੋਇ = ਉਹੀ।੨।

ਕਰਹਿ = ਕਰਦੇ ਹਨ। ਮੁਕਤਿ = (ਜਗਤ ਦੇ ਝਗੜਿਆਂ ਝੰਬੇਲਿਆਂ ਤੋਂ) ਖ਼ਲਾਸੀ। ਅੰਧਾਰੁ = ਹਨੇਰਾ।੩।

ਅਧਾਰੁ = ਆਸਰਾ। ਸਾਚਾ = ਸਦਾ ਕਾਇਮ ਰਹਿਣ ਵਾਲਾ।੪।

ਅਰਥ: ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ। ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ।ਰਹਾਉ।

ਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ। ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ।੧।

ਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ।੨।

ਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ, ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।੩।

ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ, ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੪।੨।੨੦।


ਜੈਤਸਰੀ ਮਹਲਾ ੫ ਛੰਤ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ਛੰਤ ॥ ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ {ਪੰਨਾ 703}

ਪਦਅਰਥ: ਪਿਆਸੀ = ਤਿਹਾਈ, ਚਾਹਵਾਨ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਅਨਦਿਨੁ = ਹਰ ਰੋਜ਼ {अनुदिनां} ਹਰ ਵੇਲੇ। ਨੀਤ = ਨਿੱਤ, ਸਦਾ। ਖੋਲ੍ਹ੍ਹਿ = ਖੋਹਲ ਕੇ। ਕਪਟ = ਕਪਾਟ, ਕਿਵਾੜ। ਖੋਲ੍ਹ੍ਹਿ ਕਪਟ = ਮੇਰੇ ਮਨ ਦੇ ਕਿਵਾੜ ਖੋਹਲ ਕੇ, ਮੇਰੇ ਮਾਇਆ ਦੇ ਛੌੜ ਕੱਟ ਕੇ। ਗੁਰਿ = ਗੁਰੂ ਨੇ। ਮੇਲੀਆ = ਮਿਲਾ ਦਿੱਤਾ। ਸੰਗਿ = ਨਾਲ।੧।

ਛੰਤ। ਯਾਰ = ਹੇ ਯਾਰ! ਸਜਣ = ਹੇ ਸੱਜਣ! ਕਰਉ = ਕਰਉਂ, ਮੈਂ ਕਰਦੀ ਹਾਂ। ਹਉ ਫਿਰਉ = ਹਉ ਫਿਰਉਂ, ਮੈਂ ਫਿਰਦੀ ਹਾਂ। ਤਿਸੁ ਦਸਿ = ਉਸ ਦੀ ਦੱਸ ਪਾ। ਧਰੀ = ਧਰੀਂ, ਮੈਂ ਧਰਾਂ। ਉਤਾਰੇ = ਉਤਾਰਿ, ਲਾਹ ਕੇ। ਇਕ ਭੋਰੀ = ਰਤਾ ਭਰ ਹੀ। ਦੀਜੈ = ਦੇਹ। ਨੈਨ = ਅੱਖਾਂ। ਪ੍ਰਿਅ ਰੰਗ = ਪਿਆਰੇ ਦੇ ਪ੍ਰੇਮ = ਰੰਗ। ਨਾ ਧੀਰੀਜੈ = ਧੀਰਜ ਨਹੀਂ ਕਰਦਾ। ਸਿਉ = ਨਾਲ। ਲੀਨਾ = ਮਸਤ। ਜਲ ਮੀਨਾ = ਪਾਣੀ ਦੀ ਮੱਛੀ। ਚਾਤ੍ਰਿਕ = ਪਪੀਹਾ। ਤਿਸੰਤੀਆ = ਤਿਹਾਇਆ। ਤਿਖਾ = ਤ੍ਰੇਹ, ਪਿਆਸ।੧।

ਅਰਥ: ਮੈਨੂੰ ਮਿੱਤਰ ਪ੍ਰਭੂ ਦੇ ਦਰਸਨ ਦੀ ਤਾਂਘ ਲੱਗੀ ਹੋਈ ਹੈ, ਮੈਂ ਦਿਨ ਰਾਤ ਹਰ ਵੇਲੇ ਸਦਾ ਹੀ, (ਉਸ ਦਾ ਦਰਸਨ ਹੀ) ਚਿਤਾਰਦੀ ਰਹਿੰਦੀ ਹਾਂ। ਹੇ ਨਾਨਕ! ਆਖ-) ਗੁਰੂ ਨੇ (ਮੇਰੇ) ਮਾਇਆ ਦੇ ਮੋਹ ਦੇ ਛੌੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ।੧।

ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ) , ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।

ਹੇ ਦਾਸ ਨਾਨਕ! ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ।੧।

ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥{ਪੰਨਾ 703}

ਪਦਅਰਥ: ਪ੍ਰਿਅ = ਪਿਆਰੇ ਦੀਆਂ। ਹਭੇ = ਸਾਰੀਆਂ। ਮੂ = ਮੈਂ। ਕਹੀ ਨ ਜੇਹੀਆ = ਕਿਸੇ ਵਰਗੀ ਭੀ ਨਹੀਂ। ਡੂੰ = ਤੋਂ। ਹਿਕਿ = ਇਕਿ {ਲਫ਼ਜ਼ ‘ਇਕ’ ਤੋਂ ਬਹੁ-ਵਚਨ}। ਚਾੜੈ = ਚੜ੍ਹਦੀਆਂ; ਵਧੀਆ, ਸੋਹਣੀਆਂ। ਹਉ = ਮੈਂ। ਕਿਸੁ ਚਿਤੇਹੀਆ = ਕਿਸ ਨੂੰ ਚੇਤੇ ਹਾਂ? ਡੂੰ = ਤੋਂ। ਭੋਗ ਬਿਲਾਸਾ = ਮਿਲਾਪ ਦਾ ਆਨੰਦ। ਦੇਖਿ = ਵੇਖ ਕੇ। ਮਨਿ = ਮਨ ਵਿਚ। ਕਦਿ = ਕਦੋਂ? ਪਾਈ = ਪਾਈਂ, ਮੈਂ ਮਿਲ ਸਕਾਂ। ਦੇਖਿ = ਵੇਖ ਕੇ ਗੁਣਾਂ ਦਾ ਖ਼ਜ਼ਾਨਾ ਹਰੀ। ਮੈਡਾ = ਮੇਰਾ। ਰੀਝਾਇਆ = ਪ੍ਰਸੰਨ ਕਰ ਲਿਆ। ਜਿਨੀ = ਜਿਨਿ, ਜਿਸ ਨੇ। ਡੇਂਹੀਆ = ਦੇ ਦਿਆਂ। ਨਾਨਕੁ ਕਹੈ– ਨਾਨਕ ਆਖਦਾ ਹੈ। ਬਿਨਉ = {विनय} ਬੇਨਤੀ। ਸੁਹਾਗਣਿ = ਹੇ ਸੋਹਾਗ ਵਾਲੀਏ! ਮੂ = ਮੈਨੂੰ। ਡਿਖਾ = ਵੇਖਾਂ।੨।

ਅਰਥ: ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ। ਇਹ ਇਕ ਤੋਂ ਇਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿਚ ਹਾਂ? ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ। ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ। (ਹੇ ਗੁਰੂ!) ਜਿਸ ਨੇ (ਹੀ) ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਸ ਅੱਗੇ ਆਪਣਾ ਮਨ ਭੇਟਾ ਕਰਨ ਨੂੰ ਤਿਆਰ ਹਾਂ।

ਨਾਨਕ ਆਖਦਾ ਹੈ-ਹੇ ਸੋਹਾਗ ਵਾਲੀਏ! ਮੇਰੀ ਬੇਨਤੀ ਸੁਣ। ਮੈਨੂੰ ਦੱਸ, ਮੈਂ ਵੇਖਾਂ, ਪ੍ਰਭੂ-ਪਤੀ ਕਿਹੋ ਜਿਹਾ ਹੈ।੨।

ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ {ਪੰਨਾ 704}

ਪਦਅਰਥ: ਯਾਰ ਵੇ = ਹੇ ਸਤਸੰਗੀ ਮਿੱਤਰ! ਭਾਣਾ = ਚੰਗਾ ਲੱਗ ਪਿਆ। ਨੀਸੀ = ਨਹੀਂ। ਛੰਦਾ = ਮੁਥਾਜੀ। ਤੈ = ਤੈਂ, ਤੂੰ। ਰਾਵਿਆ = ਮਿਲਾਪ ਹਾਸਲ ਕੀਤਾ। ਮੂ = ਮੈਨੂੰ। ਦਸੰਦਾ = ਪੁੱਛਦਾ ਹਾਂ। ਆਪੁ = ਆਪਾ = ਭਾਵ। ਜੈ ਧਨ ਮਥਾਣੇ = ਜਿਸ (ਜੀਵ-) ਇਸਤ੍ਰੀ ਦੇ ਮੱਥੇ ਉਤੇ। ਪਕੜਿ = ਫੜ ਕੇ। ਠਾਕੁਰਿ = ਠਾਕੁਰ ਨੇ। ਘਿਧੀ = ਲੈ ਲਈ, ਆਪਣੀ ਬਣਾ ਲਈ। ਗੁਣ ਹਾਰੁ = ਗੁਣਾਂ ਦਾ ਹਾਰ। ਹਭੋ ਕਿਛੁ = ਸਭ ਕੁਝ, ਸਾਰਾ ਜੀਵਨ। ਤਿਸੁ = ਤਿਸੁ (ਮਿਲਿ) । ਸਾਈ = ਉਹੀ। ਸੰਗਿ = ਨਾਲ।੩।

ਅਰਥ: ਹੇ ਸਤਸੰਗੀ ਸੱਜਣ! ਜਿਸ ਜੀਵ-ਇਸਤ੍ਰੀ ਨੂੰ) ਆਪਣਾ ਪ੍ਰਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ (ਉਸ ਨੂੰ ਕਿਸੇ ਦੀ) ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ। ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ) । (ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ। ਹੇ ਦਾਸ ਨਾਨਕ! ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ।੩।

ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥ ਵਰੁ ਲੋੜੀਦਾ ਆਇਆ ਵਜੀ ਵਾਧਾਈ ॥ ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥ ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥ ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥ ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥ {ਪੰਨਾ 704}

ਪਦਅਰਥ: ਸੁਖ = ਸੁੱਖਣਾ। ਸੁਖੇਦੀ = ਮੈਂ ਸੁੱਖਦੀ ਸਾਂ। ਸਾ = ਉਹ (ਸੁੱਖਣਾ) । ਲੋੜੀਦਾ = ਜਿਸ ਨੂੰ ਮੈਂ ਲੋੜਦੀ ਸਾਂ। ਵਧਾਈ = ਚੜ੍ਹਦੀ ਕਲਾ, ਉਤਸ਼ਾਹ। ਰਹਸੁ = ਆਨੰਦ। ਸਦ = ਸਦਾ। ਨਵ ਰੰਗੀਆ = ਨਵੇਂ ਰੰਗ ਵਾਲਾ। ਭਾਗਿ = ਕਿਸਮਤ ਨਾਲ। ਗੁਰਿ = ਗੁਰੂ ਨੇ। ਕੈ ਸਤਸੰਗੀਆ = ਦੀ ਸੰਗਤਿ ਵਿਚ। ਮਨਸਾ = ਮੁਰਾਦ। ਅੰਕਿ = ਅੰਕ ਵਿਚ। ਅੰਕੁ = ਅੰਗ, ਆਪਾ। ਮਿਲਿ = ਮਿਲ ਕੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ।੪।

ਅਰਥ: ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ) । ਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ, ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ। ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ। (ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।

ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ।੪।


ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਪੰਨਾ 742}

ਪਦਅਰਥ: ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ! ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ!।੧।

ਪ੍ਰਭ = ਹੇ ਪ੍ਰਭੂ! ਕਰਿ = ਬਣਾ ਕੇ। ਚੇਰੇ = ਸੇਵਕ।੧।ਰਹਾਉ।

ਦਾਤੇ = ਹੇ ਸਭ ਦਾਤਾਂ ਦੇਣ ਵਾਲੇ! ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ।੨।

ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ! ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ।੩।

ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ। ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!।੪।

ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ।

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ।੪।੧੮।੨੪।


ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ ਹਮ ਮੂਰਖ ਮੂਰਖ ਮਨ ਮਾਹਿ ॥ ਹਉਮੈ ਵਿਚਿ ਸਭ ਕਾਰ ਕਮਾਹਿ ॥ ਗੁਰ ਪਰਸਾਦੀ ਹੰਉਮੈ ਜਾਇ ॥ ਆਪੇ ਬਖਸੇ ਲਏ ਮਿਲਾਇ ॥੨॥ ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ਆਪੁ ਛੋਡਿ ਸਦਾ ਸੁਖੁ ਹੋਈ ॥ ਗੁਰਮਤਿ ਸਾਲਾਹੀ ਸਚੁ ਸੋਈ ॥੩॥ ਆਪੇ ਸਾਜੇ ਕਰਤਾ ਸੋਇ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ਜਿਸੁ ਸਚਿ ਲਾਏ ਸੋਈ ਲਾਗੈ ॥ ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ {ਪੰਨਾ 666}

ਪਦਅਰਥ: ਨਾਵੈ ਕੀ = (ਪਰਮਾਤਮਾ ਦੇ) ਨਾਮ ਦੀ। ਮਿਤਿ = ਮਾਪ, ਮਰਯਾਦਾ। ਸੇ = ਉਹ {ਬਹੁ-ਵਚਨ}। ਧੰਨੁ = ਭਾਗਾਂ ਵਾਲੇ। ਨਾਮਿ = ਨਾਮ ਵਿਚ। ਲਿਵ = ਲਗਨ। ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ। ਸਾਚਾ ਵੀਚਾਰੁ = ਸਦਾ-ਥਿਰ ਪ੍ਰਭੂ ਦੇ ਗੁਣਾਂ ਦਾ ਵਿਚਾਰ। ਦੇ = ਦੇਂਦਾ ਹੈ।੧।

ਅਚਰਜੁ = ਹੈਰਾਨ ਕਰਨ ਵਾਲਾ। ਕਲੀ ਕਾਲ ਵਿਚਿ = ਝਗੜਿਆਂ = ਭਰੇ ਜੀਵਨ = ਸਮੇ ਵਿਚ।੧।ਰਹਾਉ।

ਹਮ = ਅਸੀ ਜੀਵ। ਮਨ ਮਾਹਿ = (ਜੇ) ਮਨ ਵਿਚ (ਵਿਚਾਰ ਕਰ ਵੇਖੀਏ) । ਕਮਾਹਿ = (ਅਸੀ) ਕਰਦੇ ਹਾਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ਹੀ। ਆਪੇ = (ਪ੍ਰਭੂ) ਆਪ ਹੀ।੨।

ਬਿਖਿਆ = ਮਾਇਆ। ਅਭਿਮਾਨੁ = ਅਹੰਕਾਰ। ਅਹੰਕਾਰਿ = ਅਹੰਕਾਰ ਵਿਚ। ਮਾਨੁ = ਆਦਰ। ਆਪੁ = ਆਪਾ = ਭਾਵ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਸਚੁ = ਸਦਾ-ਥਿਰ ਪ੍ਰਭੂ।੩।

ਸਾਜੇ = ਪੈਦਾ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ। ਨਾਮਿ = ਨਾਮ ਵਿਚ (ਜੁੜਿਆਂ) । ਆਗੈ = ਪਰਲੋਕ ਵਿਚ (ਭੀ) ।੪।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ। ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।੧।ਰਹਾਉ।

ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ। ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ। ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ।੧।

ਹੇ ਭਾਈ! ਅਸੀ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, (ਸੋ ਜੋ ਅਸੀ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀ ਨਿਰੋਲ ਮੂਰਖ ਹਾਂ। ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ। (ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ।੨।

(ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ) । ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ। ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ।੩।

ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ। ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ। ਹੇ ਨਾਨਕ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ।੪।੮।


ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਪੰਨਾ 742}

ਪਦਅਰਥ: ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ! ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ!।੧।

ਪ੍ਰਭ = ਹੇ ਪ੍ਰਭੂ! ਕਰਿ = ਬਣਾ ਕੇ। ਚੇਰੇ = ਸੇਵਕ।੧।ਰਹਾਉ।

ਦਾਤੇ = ਹੇ ਸਭ ਦਾਤਾਂ ਦੇਣ ਵਾਲੇ! ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ।੨।

ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ! ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ।੩।

ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ। ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!।੪।

ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ।

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ।੪।੧੮।੨੪।


About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!