Breaking News
Home / ਹੁਕਮਨਾਮਾ ਸਾਹਿਬ / Hukamnama 10.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

Hukamnama 10.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi

ਗੂਜਰੀ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥ ਪਿਤਾ ਮੇਰੋ ਬਡੋ ਧਨੀ ਅਗਮਾ ॥ ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥ ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥ ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥ ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥ ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥ ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥ ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥ {ਪੰਨਾ 507}

ਪਦਅਰਥ: ਕਹੀਅਹਿ = ਤੂੰ ਕਿਹਾ ਜਾਂਦਾ ਹੈਂ। ਭੂਮਾ = ਭੂਮੀ ਦਾ ਮਾਲਕ। ਠਾਕੁਰ = ਮਾਲਕ, ਸਰਦਾਰ। ਠਕੁਰਾਈ = ਸਰਦਾਰੀ। ਕੋਮਾ = (ਉੱਚੀ) ਕੁਲ ਵਾਲਾ। ਸਿਰਿ = ਸਿਰ ਉੱਤੇ, ਸ੍ਰੇਸ਼ਟ। ਕੋਮਨ ਸਿਰਿ = ਉੱਚੀ ਕੁਲ ਵਾਲਿਆਂ ਦੇ ਸਿਰ ਉੱਤੇ।੧।

ਧਨੀ = ਮਾਲਕ। ਅਗਮਾ = ਅਪਹੁੰਚ। ਉਸਤਤਿ = ਵਡਿਆਈ। ਕਰਤੇ = ਹੇ ਕਰਤਾਰ! ਪੇਖਿ = ਵੇਖ ਕੇ। ਬਿਸਮਾ = ਹੈਰਾਨ।੧।ਰਹਾਉ।

ਦਾਤਨ ਸਿਰਿ = ਦਾਤਿਆਂ ਦੇ ਸਿਰ ਉਤੇ, ਦਾਤਿਆਂ ਵਿਚ ਸ਼ਿਰੋਮਣੀ। ਤੇਜਨ ਮਹਿ = ਤੇਜ ਪ੍ਰਤਾਪ ਵਾਲਿਆਂ ਵਿਚ। ਰਸੀਅਨ ਮਹਿ = ਰਸ ਲੈਣ ਵਾਲਿਆਂ ਵਿਚ। ਰਾਤਾ = ਰੱਤਾ ਹੋਇਆ, ਰਸ ਵਿਚ ਮਸਤ।੨।

ਸੂਰਾ = ਸੂਰਮਾ। ਭੋਗਨ ਮਹਿ = ਭੋਗਣ ਵਾਲਿਆਂ ਵਿਚ। ਜੋਗਨ ਮਹਿ = ਵਿਰਕਤਾਂ ਵਿਚ।੩।

ਕਰਤਨ ਮਹਿ = ਨਵੇਂ ਕੰਮ ਕਰਨ ਵਾਲਿਆਂ ਵਿਚ। ਆਚਾਰਨ ਮਹਿ = ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ।੪।

ਸਰਨ ਪਾਲਨ ਟੀਕਾ = ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਟਿੱਕਾ (ਸ਼ਿਰੋਮਣੀ) ਹੈਂ। ਕੇਤਕ = ਕਿਤਨੀ ਕੁ? ਬੇਅੰਤ। ਗਨਿ ਨ ਸਕਉ = ਮੈਂ ਗਿਣ ਨਹੀਂ ਸਕਦਾ। ਸੀਕਾ = ਸਿੱਕੇ, ਰੁਪਏ, ਖ਼ਜ਼ਾਨੇ।੫।

ਨਾਮਨ ਮਨਿ = ਨਾਮਣੇ ਵਾਲਿਆਂ ਵਿਚ। ਨਾਮਾ = ਨਾਮਣਾ। ਜੁਗਤਨ ਮਹਿ = ਚੰਗੀ ਜੀਵਨ = ਜੁਗਤਿ ਵਾਲਿਆਂ ਵਿਚ।੬।

ਸਿਧਨ ਮਹਿ = ਕਰਾਮਾਤੀ ਤਾਕਤਾਂ ਵਾਲਿਆਂ ਵਿਚ। ਸਿਧਾ = ਕਰਾਮਾਤੀ ਤਾਕਤ। ਕਰਮਨ ਸਿਰਿ = ਕਰਮ ਕਰਨ ਵਾਲਿਆਂ ਵਿਚ ਸ਼ਿਰੋਮਣੀ। ਆਗਿਆ = ਹੁਕਮ। ਹੁਕਮਨ ਸਿਰਿ = ਹੁਕਮ ਕਰਨ ਵਾਲਿਆਂ ਵਿਚ ਸ਼ਿਰੋਮਣੀ।੭।

ਬੋਲਾਵਹਿ = ਤੂੰ ਬੁਲਾਂਦਾ ਹੈਂ। ਬੋਲਹ = ਅਸੀ ਬੋਲਦੇ ਹਾਂ। ਸੁਆਮੀ = ਹੇ ਸੁਆਮੀ! ਕੁਦਰਤਿ = ਤਾਕਤ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਇਓ = ਗਾਇਆ।੮।

ਅਰਥ: ਹੇ ਕਰਤਾਰ! ਤੂੰ ਮੇਰਾ ਪਿਤਾ ਹੈਂ, ਤੂੰ ਸਾਡੀ ਸਿਆਣਪ ਦੀ ਪਹੁੰਚ ਤੋਂ ਪਰੇ ਹੈਂ। ਹੇ ਕਰਤਾਰ! ਤੇਰੀ ਕੇਹੜੀ ਕੇਹੜੀ ਵਡਿਆਈ ਅਸੀ ਕਰੀਏ? (ਤੇਰੀ ਲੀਲਾ) ਵੇਖ ਵੇਖ ਕੇ ਅਸੀ ਹੈਰਾਨ ਹੋ ਰਹੇ ਹਾਂ।੧।ਰਹਾਉ।

ਹੇ ਕਰਤਾਰ! ਦੁਨੀਆ ਦੇ) ਰਾਜਿਆਂ ਵਿਚ ਤੂੰ (ਸ਼ਿਰੋਮਣੀ) ਰਾਜਾ ਅਖਵਾਂਦਾ ਹੈਂ, ਭੁਇਂ ਦੇ ਮਾਲਕਾਂ ਵਿਚ ਤੂੰ (ਸਭ ਤੋਂ ਵੱਡਾ) ਭੁਇਂ ਦਾ ਮਾਲਕ ਹੈਂ। ਹੇ ਕਰਤਾਰ! ਦੁਨੀਆ ਦੇ) ਸਰਦਾਰਾਂ ਵਿਚ ਤੇਰੀ ਸਰਦਾਰੀ (ਸਭ ਤੋਂ ਵੱਡੀ) ਹੈ, ਉੱਚੀ ਕੁਲ ਵਾਲਿਆਂ ਵਿਚ ਤੂੰ ਸ਼ਿਰੋਮਣੀ ਕੁਲ ਵਾਲਾ ਹੈਂ।੧।

ਹੇ ਕਰਤਾਰ! ਦੁਨੀਆ ਦੇ) ਸੁਖੀ ਲੋਕਾਂ ਵਿਚ ਤੂੰ (ਸ਼ਿਰੋਮਣੀ) ਸੁਖੀ ਕਿਹਾ ਜਾ ਸਕਦਾ ਹੈਂ, ਦਾਨੀਆਂ ਵਿਚ ਤੂੰ ਹੀ (ਸ਼ਿਰੋਮਣੀ) ਤੇਜਸ੍ਵੀ ਕਹਾ ਸਕਦਾ ਹੈਂ (ਦੁਨੀਆ ਦੇ) ਰਸ ਮਾਣਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਰਸੀਆ ਹੈਂ।੨।

ਹੇ ਕਰਤਾਰ! ਸੂਰਮਿਆਂ ਵਿਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, (ਦੁਨੀਆ ਦੇ ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਭੋਗੀਆਂ ਵਿਚ ਤੂੰ ਹੀ ਭੋਗੀ ਹੈਂ। ਗ੍ਰਿਹਸਤੀਆਂ ਵਿਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ) , ਜੋਗੀਆਂ ਵਿਚ ਤੂੰ ਸ਼ਿਰੋਮਣੀ ਜੋਗੀ ਹੈਂ (ਇਤਨੇ ਵੱਡੇ ਪਰਵਾਰ ਵਾਲਾ ਹੁੰਦਿਆਂ ਭੀ ਨਿਰਲੇਪ ਹੈਂ)।੩।

ਹੇ ਕਰਤਾਰ! ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿਚ ਤੂੰ ਸ਼ਿਰੋਮਣੀ ਰਚਨਹਾਰ ਹੈ; ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ ਭੀ ਤੂੰ ਹੀ ਸ਼ਿਰੋਮਣੀ ਹੈਂ। ਹੇ ਕਰਤਾਰ! ਦੁਨੀਆ ਦੇ) ਸਾਹੂਕਾਰਾਂ ਵਿਚ ਤੂੰ ਸਦਾ ਕਾਇਮ ਰਹਿਣ ਵਾਲਾ (ਸ਼ਿਰੋਮਣੀ) ਸਾਹੂਕਾਰ ਹੈਂ, ਤੇ ਵਾਪਾਰੀਆਂ ਵਿਚ ਤੂੰ ਵੱਡਾ ਵਾਪਾਰੀ ਹੈਂ (ਜਿਸ ਨੇ ਇਤਨਾ ਵੱਡਾ ਜਗਤ-ਪਸਾਰਾ ਪਸਾਰਿਆ ਹੋਇਆ ਹੈ)।੪।

ਹੇ ਕਰਤਾਰ! ਦੁਨੀਆ ਦੇ) ਦਰਬਾਰ ਲਾਣ ਵਾਲਿਆਂ ਵਿਚ ਤੇਰਾ ਦਰਬਾਰ ਸ਼ਿਰੋਮਣੀ ਹੈ, ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਿਰੋਮਣੀ ਟਿੱਕਾ ਹੈਂ। ਹੇ ਕਰਤਾਰ! ਤੇਰੇ ਘਰ ਵਿਚ ਕਿਤਨੀ ਕੁ ਮਾਇਆ ਹੈ-ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤੇਰੇ ਖ਼ਜ਼ਾਨੇ ਗਿਣ ਨਹੀਂ ਸਕਦਾ।੫।

ਹੇ ਪ੍ਰਭੂ! ਦੁਨੀਆ ਦੇ) ਵਡਿਆਈ-ਨਾਮਣੇ ਵਾਲਿਆਂ ਵਿਚੋਂ ਤੇਰਾ ਨਾਮਣਾ ਸ਼ਿਰੋਮਣੀ ਹੈ, ਤੇ ਗਿਆਨਵਾਨਾਂ ਵਿਚ ਤੂੰ ਹੀ ਸ਼ਿਰੋਮਣੀ ਗਿਆਨੀ ਹੈਂ। ਹੇ ਪ੍ਰਭੂ! ਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ਤੇਰੀ ਜੁਗਤਿ ਸ੍ਰੇਸ਼ਟ ਹੈ, (ਦੁਨੀਆ ਦੇ ਤੀਰਥ-) ਇਸ਼ਨਾਨੀਆਂ ਵਿਚ ਤੂੰ ਸ਼ਿਰੋਮਣੀ ਇਸ਼ਨਾਨੀ ਹੈਂ (ਕਿਉਂਕਿ ਸਾਰੇ ਜਲਾਂ ਵਿਚ ਤੂੰ ਸਦਾ ਆਪ ਹੀ ਵੱਸ ਰਿਹਾ ਹੈਂ)।੬।

ਹੇ ਪ੍ਰਭੂ! ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚ ਤੇਰੀ ਕਰਾਮਾਤੀ ਤਾਕਤ ਸ਼ਿਰੋਮਣੀ ਹੈ, ਕੰਮ ਕਰਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਉੱਦਮੀ ਹੈਂ। ਹੇ ਪ੍ਰਭੂ! ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ।੭।

ਹੇ ਕਰਤਾਰ! ਹੇ ਸੁਆਮੀ! ਸਾਡੀ (ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀ) ਕੀਹ ਪਾਇਆਂ ਹੈ? ਜਿਵੇਂ ਤੂੰ ਸਾਨੂੰ ਬੁਲਾਂਦਾ ਹੈਂ ਉਸੇ ਤਰ੍ਹਾਂ ਅਸੀ ਬੋਲਦੇ ਹਾਂ।

ਹੇ ਨਾਨਕ! ਆਖ-ਕਰਤਾਰ ਦੀ ਪ੍ਰੇਰਨਾ ਨਾਲ ਹੀ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਇਹ ਸਿਫ਼ਤਿ-ਸਾਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ।੮।੧।੮।


Today’s Hukamnama from Gurdwara Baoli Sahib Goindwal Sahib

ਸਲੋਕ ॥ ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥ ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥ ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥ ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥ ਛੰਤੁ ॥ ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥ ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥ ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥ ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥ ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥ {ਪੰਨਾ 927-928}

ਪਦ ਅਰਥ: ਉਦਮੁ = (all-energy, ਜਿਸ ਵਿਚ ਕਿਤੇ ਰਤਾ ਭੀ ਆਲਸ ਨਾਹ ਹੋਵੇ) । ਅਗਮੁ = ਅਪਹੁੰਚ। ਅਗੋਚਰੋ = ਅਗੋਚਰੁ {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਾਹ ਹੋ ਸਕੇ। ਕਥਨੀ ਸਾ = ਕਥਨੀ ਸਾ (ਕਥਾਂ) , ਮੈਂ ਉਹ ਬੋਲ ਬੋਲਾਂ। ਤੁਧੁ = ਤੈਨੂੰ। ਅਧਾਰ = ਆਸਰਾ।1।

ਸਾਜਨ = ਹੇ ਸੱਜਣੋ! ਪਰਹੁ = ਪਏ ਰਹੋ। ਸਿਮਰਿ = ਸਿਮਰ ਕੇ। ਤੇ = ਤੋਂ। ਜਪਿ = ਜਪ ਕੇ।2।

ਛੰਤੁ। ਸਰਸ = ਰਸ ਵਾਲੀ, ਰਸੀਲੀ, ਸੁਆਦਲੀ। ਮਾਸੁ = ਮਹੀਨਾ। ਨਾਹੁ = ਨਾਥ, ਖਸਮ। ਮਉਲਿਆ = ਖਿੜ ਪਿਆ। ਸਾਸੁ = ਸਾਹ। ਘਰਿ = ਹਿਰਦੇ-ਘਰ ਵਿਚ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਸਖੀਏ = ਹੇ ਸਹੇਲੀਏ! ਸੁਘੜੁ = ਸੋਹਣੀ ਘਾੜਤ ਵਾਲਾ। ਬੇਤਾ = (ਸਭ ਕੁਝ) ਜਾਣਨ ਵਾਲਾ। ਵਡਭਾਗਿ = ਵੱਡੀ ਕਿਸਮਤ ਨਾਲ। ਤ੍ਰਾਸ = ਡਰ।

ਅਰਥ: ਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ) , ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ। ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ।1।

ਹੇ ਨਾਨਕ! (ਆਖ-) ਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ। (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ, ਭਗਵਾਨ ਦਾ ਨਾਮ ਜਪ ਕੇ (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ।2।

ਛੰਤੁ। (ਹੇ ਸੱਜਣੋ! ਜਿਸ ਮਨੁੱਖ ਨੂੰ) ਪ੍ਰਭੂ-ਖਸਮ ਮਿਲ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਉਸ ਦਾ (ਹਰੇਕ) ਸਾਹ ਖ਼ੁਸ਼ੀ ਨਾਲ ਮਹਿਕ ਉਠਦਾ ਹੈ, ਉਸ ਨੂੰ ਬਸੰਤ ਦੀ ਰੁਤਿ ਆਨੰਦ-ਦਾਇਕ ਪ੍ਰਤੀਤ ਹੁੰਦੀ ਹੈ, ਉਸ ਵਾਸਤੇ ਮਹੀਨਾ ਚੇਤ ਉਸ ਵਾਸਤੇ ਵੈਸਾਖ ਦਾ ਮਹੀਨਾ ਸੁਖਾਂ ਨਾਲ ਭਰਪੂਰ ਹੋ ਜਾਂਦਾ ਹੈ।

ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦੇ ਸੋਹਣੇ ਚਰਨ ਆ ਵੱਸਣ, ਉਸ ਦਾ ਹਿਰਦਾ ਖਿੜ ਪੈਂਦਾ ਹੈ; ਜਿਸ ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆ ਵੱਸੇ, ਉਥੇ ਸਦਾ ਆਨੰਦ ਬਣਿਆ ਰਹਿੰਦਾ ਹੈ। ਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ। ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ।

ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ। ਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ– ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ।2।


Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੫ ॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {ਪੰਨਾ 617}

ਪਦਅਰਥ: ਜੀਅਨ ਕੋ = ਸਭ ਜੀਵਾਂ ਦਾ। ਸਭ ਮਲੁ = ਸਾਰੀ ਮੈਲ {ਲਫ਼ਜ਼ ‘ਮਲੁ’ ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ ‘ਗੁਰਬਾਣੀ ਵਿਆਕਰਣ’}। ਨਿਧਾਨ = ਖ਼ਜ਼ਾਨਾ। ਕਉ = ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼।੧।

ਬਾਹੁੜਿ = ਫਿਰ, ਮੁੜ।੧।ਰਹਾਉ।

ਸਾਧ ਸੰਗੁ = ਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤ = ਉਹਨਾਂ ਨੂੰ ਮਿਲਿਆਂ। ਦੁਰਮਤਿ = ਖੋਟੀ ਮਤਿ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ।੨।

ਅਰਥ: ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ।੧।ਰਹਾਉ।

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।੧।

ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ। ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ।੨।੫।੩੩।


Today’s Hukamnama from Gurdwara Baba Darbara Singh Ji Tibba (Kapurthala)

ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}

ਪਦਅਰਥ: ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੧।

ਸਿਉ = ਨਾਲ। ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ।ਰਹਾਉ।

ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ। ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੨।

ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।

ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।

ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।


Today’s Hukamnama from State Gurdwara Sahib Kapurthala

ਬਿਲਾਵਲੁ ਮਹਲਾ ੫ ॥ ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥ ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥ {ਪੰਨਾ 807-808}

ਪਦਅਰਥ: ਸਹਜ = ਆਤਮਕ ਅਡੋਲਤਾ। ਸਹਜ ਸਮਾਧਿ = ਆਤਮਕ ਅਡੋਲਤਾ ਦੀ ਲੀਨਤਾ, ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ। ਗੁਰਿ = ਗੁਰੂ ਨੇ। ਦੀਨ = ਦੇ ਦਿੱਤੇ। ਸੰਗਿ = ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਚੀਨ੍ਹ੍ਹ = ਵਿਚਾਰੇ ਹਨ {ਅੱਖਰ ‘ਨ’ ਦੇ ਨਾਲ ਅੱਧਾ ‘ਹ’ ਹੈ}।ਰਹਾਉ।

ਜੈ ਜੈਕਾਰੁ = ਸੋਭਾ ਹੀ ਸੋਭਾ। ਜਗਤ੍ਰ ਮਹਿ = ਜਗਤ ਵਿਚ। ਲੋਚਹਿ = ਲੋਚਦੇ ਹਨ, ਚਾਹੁੰਦੇ ਹਨ। ਸਭਿ = ਸਾਰੇ। ਬਿਘਨੁ = ਰੁਕਾਵਟ।੧।

ਜਾ ਕਾ = ਜਿਸ (ਮਨੁੱਖ) ਦਾ। ਅੰਗੁ = ਪੱਖ। ਗੁਰ ਪਾਸਿ = ਗੁਰੂ ਦੇ ਕੋਲ (ਰਿਹਾਂ) ।੨।

ਅਰਥ: (ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ।ਰਹਾਉ।

ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਸਾਰੇ ਜਗਤ ਵਿਚ ਹਰ ਥਾਂ ਉਸ ਦੀ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ।੧।

ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ। ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ।੨।੧੨।੩੦।


About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!