Breaking News
Home / ਹੁਕਮਨਾਮਾ ਸਾਹਿਬ / Hukamnama 08.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

Hukamnama 08.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

ਧਨਾਸਰੀ ਮਹਲਾ ੫ ਘਰੁ ੧੨    ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥ {ਪੰਨਾ 683-684}

ਪਦਅਰਥ: ਬੰਦਨਾ = ਨਮਸਕਾਰ। ਗੁਣ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ ਦੇ ਗੁਣ।ਰਹਾਉ।

ਭਾਗਿ = ਕਿਸਮਤ ਨਾਲ। ਭੇਟੇ = ਮਿਲਦਾ ਹੈ। ਕੋਟਿ = ਕ੍ਰੋੜਾਂ। ਸੇਵਾ = ਭਗਤੀ।੪।

ਜਾ ਕਾ = ਜਿਸ (ਮਨੁੱਖ) ਦਾ। ਰਾਪੈ = ਰੰਗਿਆ ਜਾਂਦਾ ਹੈ। ਸੋਗ = ਚਿੰਤਾ। ਬਿਆਪੈ = ਜ਼ੋਰ ਪਾਂਦੀ।੨।

ਸਾਗਰੁ = ਸਮੁੰਦਰ। ਸਾਧੂ = ਗੁਰੂ। ਰੰਗੇ = ਰੰਗਿ, ਪ੍ਰੇਮ ਨਾਲ।੩।

ਪਰ ਧਨ = ਪਰਾਇਆ ਧਨ। ਦੋਖ = ਐਬ। ਫੇੜੇ = ਮੰਦੇ ਕਰਮ। ਜੰਦਾਰੁ = {ਜੰਦਾਲ} ਅਵੈੜਾ।੪।

ਪ੍ਰਭਿ = ਪ੍ਰਭੂ ਨੇ। ਉਧਰੇ = (ਵਿਕਾਰਾਂ ਤੋਂ) ਬਚ ਗਏ।੫।

ਅਰਥ: ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ। ਰਹਾਉ।

ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ।੧।

ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ।੨।

ਹੇ ਭਾਈ! ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ। ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੩।

ਹੇ ਭਾਈ! ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ।੪।

ਹੇ ਭਾਈ! ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ। ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ।੫।੧।੫੫।


ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ {ਪੰਨਾ 595}

ਪਦਅਰਥ: ਹਾਲੀ = ਹਲ ਵਾਹੁਣ ਵਾਲਾ। ਕਿਰਸਾਣੀ = ਵਾਹੀ ਦਾ ਕੰਮ। ਕਰਣੀ = ਉੱਚਾ ਆਚਰਨ। ਸਰਮੁ = {श्रम} ਮੇਹਨਤ, ਉੱਦਮ। ਰਖੁ = ਰਾਖਾ। ਗਰੀਬੀ ਵੇਸੁ = ਸਾਦਾ ਲਿਬਾਸ, ਸਾਦਗੀ, ਸਾਦਾ ਜੀਵਨ। ਭਾਉ = ਪ੍ਰੇਮ। ਕਰਮ = ਬਖ਼ਸ਼ਸ਼। ਕਰਮ ਕਰਿ = (ਪਰਮਾਤਮਾ ਦੀ) ਮੇਹਰ ਨਾਲ। ਜੰਮਸੀ = ਉੱਗੇਗਾ, ਪੈਦਾ ਹੋਵੇਗਾ। ਭਾਗਠ = ਭਾਗਾਂ ਵਾਲੇ, ਧਨਾਢ।੧।

ਬਾਬਾ = ਹੇ ਭਾਈ! ਇਨਿ = ਇਸ ਨੇ।ਰਹਾਉ।

ਹਾਣੁ = ਬੀਤਣਾ, ਗੁਜ਼ਰਨਾ। ਆਰਜਾ = ਉਮਰ। ਆਰਜਾ ਹਾਣੁ = ਉਮਰ ਦਾ ਬੀਤਣਾ, ਸੁਆਸਾਂ ਦਾ ਚਲਣਾ, ਹਰੇਕ ਸੁਆਸ ਦੇ ਨਾਲ ਨਾਮ ਨੂੰ ਪ੍ਰੋਣਾ। ਹਟੁ = ਦੁਕਾਨ। ਵਥੁ = ਸੌਦਾ। ਸੋਚ = ਵਿਚਾਰ। ਭਾਂਡਸਾਲ = ਭਾਂਡਿਆਂ ਦੀ ਕਤਾਰ। ਤਿਸੁ ਵਿਚ = ਉਸ ਭਾਂਡਸਾਲ ਵਿਚ। ਤਿਸ ਨੋ = ਉਸ ਨਾਮ = ਵਥ ਨੂੰ {ਨੋਟ: ‘ਜਿਸੁ, ਕਿਸੁ, ਤਿਸੁ, ਉਸੁ’ ਦਾ ਅੰਤਲਾ ੁ ਹੇਠ = ਲਿਖੇ ਸੰਬੰਧਕਾਂ ਦੇ ਨਾਲ ਉੱਡ ਜਾਂਦਾ ਹੈ– ਕਾ, ਕੇ, ਕੀ, ਦਾ, ਦੇ, ਦੀ, ਨੈ, ਨੋ, ਤੇ}। ਵਣਜਾਰੇ = ਸਤਸੰਗੀ। ਮਨ ਹਸੁ = ਮਨ ਦਾ ਹਾਸਾ, ਮਨ ਦਾ ਖਿੜਾਉ।੨।

ਸਾਸਤ = ਧਰਮ = ਪੁਸਤਕ। ਸਤੁ = ਉੱਚਾ ਆਚਰਨ। ਮਨ = ਹੇ ਮਨ! ਮਤੁ ਜਾਣਹਿ ਕਲੁ = ਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ। ਦੇਸਿ = ਦੇਸ ਵਿਚ। ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਮਹਲੁ = ਟਿਕਾਣਾ।੩।

ਚਾਕਰੀ = ਨੌਕਰੀ। ਕੰਮੁ = ਨੌਕਰੀ ਦਾ ਕੰਮ। ਬੰਨੁ = ਰੋਕ ਰੱਖ। ਧਾਵਣੀ = ਨੌਕਰੀ ਦੀ ਦੌੜ = ਭੱਜ। ਤਾ = ਤਦੋਂ ਹੀ। ਧੰਨੁ = ਸ਼ਾਬਾਸ਼ੇ। ਚਵਗਣ = ਚੌਗੁਣਾ। ਵੰਨੁ = ਰੰਗ।੪।

ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ-ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ।

ਅਰਥ: ਹੇ ਭਾਈ! ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ ਫਿਰ ਭੀ) ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ) ।੧।ਰਹਾਉ।

(ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਣ ਲਈ) ਮਨ ਨੂੰ ਹਾਲੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ (ਨਾਮ ਫ਼ਸਲ ਵਾਸਤੇ) ਪਾਣੀ ਹੈ, (ਇਹ ਆਪਣਾ) ਸਰੀਰ (ਹੀ) ਪੈਲੀ ਹੈ। (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, (ਬੀ ਬੀਜ ਕੇ ਉਸ ਨੂੰ ਪੰਛੀਆ ਤੋਂ ਬਚਾਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮ-ਬੀਜ ਨੂੰ ਮੁਕਾ ਦੇਵੇਗੀ) ਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾਣ ਲਈ) ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ ਕੀਤਿਆਂ ਸਰੀਰ-ਪੈਲੀ ਵਿਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਾਢ ਹੋ ਗਏ।੧।

(ਹੇ ਭਾਈ!) ਉਮਰ ਦੇ ਹਰੇਕ ਸੁਆਸ ਨੂੰ ਖੱਟੀ ਬਣਾ, ਇਸ ਹੱਟੀ ਵਿਚ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਆਪਣੀ ਸੁਰਤਿ ਤੇ ਵਿਚਾਰ-ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿਚ ਇਸ ਹਰੀ-ਨਾਮ ਸੌਦੇ ਨੂੰ ਪਾ। ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ। ਇਸ ਵਣਜ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ।੨।

(ਹੇ ਭਾਈ! ਸੌਦਾਗਰਾਂ ਵਾਂਗ ਹਰੀ-ਨਾਮ ਦਾ ਸੌਦਾਗਰ ਬਣ) ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ, (ਜ਼ਿੰਦਗੀ ਦੇ ਸਫ਼ਰ ਵਿਚ ਭੀ ਖ਼ਰਚ ਦੀ ਲੋੜ ਹੈ) ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾਈਂ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਲਏਂਗਾ।੩।

(ਹੇ ਭਾਈ! ਨੌਕਰ ਰੋਜ਼ੀ ਕਮਾਣ ਲਈ ਮੇਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ, ਤੂੰ ਭੀ) ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ (ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਂਦਾ ਨਹੀਂ ਤੂੰ ਭੀ) ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ, ਇਹੀ ਹੈ ਉਸ ਦੀ ਸੇਵਾ। ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ-ਭੱਜ। (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ, ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ।੪।੨।



ਧਨਾਸਰੀ ਮਹਲਾ ੩ ॥ ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ਗੁਰ ਕੈ ਸਬਦਿ ਭਰੇ ਭੰਡਾਰਾ ॥ ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ ਮਾਇਆ ਮੋਹਿ ਜਲੈ ਅਭਿਮਾਨੁ ॥੧॥ ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ਜੋ ਚਾਖੈ ਸੋ ਨਿਰਮਲੁ ਹੋਇ ॥ ਨਿਰਮਲ ਨਾਮਿ ਹਉਮੈ ਮਲੁ ਧੋਇ ॥ ਸਾਚੀ ਭਗਤਿ ਸਦਾ ਸੁਖੁ ਹੋਇ ॥੨॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ ਅਨਦਿਨੁ ਦਾਝਹਿ ਸਾਤਿ ਨ ਪਾਇ ॥ ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥{ਪੰਨਾ 664}

ਪਦਅਰਥ: ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ। ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ) । ਜਾਣੁ = ਸਮਝ। ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ।੧।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ। ਭਾਗਿ = ਕਿਸਮਤ ਨਾਲ।ਰਹਾਉ।

ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ। ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ।੨।

ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ। ਹਰਖੁ = ਖ਼ੁਸ਼ੀ। ਸੋਗੁ = ਗ਼ਮ। ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ। ਤੇ = ਤੋਂ, ਪਾਸੋਂ।੩।

ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ। ਸਭ = ਸਾਰੀ। ਨਾਮਿ = ਨਾਮ ਵਿਚ (ਜੁੜ ਕੇ) ।੪।

ਅਰਥ: ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ। ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ। ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । (ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ।੧।

ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ। ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ। ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ। ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ।੩।

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ। (ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ।੪।੨।


ਬਿਲਾਵਲੁ ਮਹਲਾ ੫ ॥ ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ {ਪੰਨਾ 823-824}

ਪਦਅਰਥ: ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੇ ਮਹਿ = ਹਿਰਦੇ ਵਿਚ।੧।ਰਹਾਉ।

ਨਿਵਰੇ = ਦੂਰ ਹੋ ਗਏ ਹਨ। ਦੂਤ = (ਕਾਮਾਦਿਕ) ਦੁਸ਼ਮਨ। ਬੈਰਾਈ = ਵੈਰੀ। ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਕਰ ਸਕਦਾ। ਪਰਤਾਪੁ = ਤਾਕਤ।੧।

ਰਖੁ = ਟੇਕ, ਆਸਰਾ। ਮਾਹੀ = ਮਾਹਿ, ਵਿਚ। ਤਾ ਕੀ = ਉਸ (ਪ੍ਰਭੂ) ਦੀ। ਜਾ ਤੇ ਊਪਰਿ = ਜਿਸ ਤੋਂ ਵੱਡਾ।੨।

ਅਰਥ: (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ।੧।ਰਹਾਉ।

ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ। ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ।੧।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ। ਹੇ ਭਾਈ! ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ।੨।੧੨।੯੮।


About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!