Breaking News
Home / ਹੁਕਮਨਾਮਾ ਸਾਹਿਬ / Hukamnama 06.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

Hukamnama 06.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}

ਪਦਅਰਥ: ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੧।

ਸਿਉ = ਨਾਲ। ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ।ਰਹਾਉ।

ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ। ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੨।

ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।

ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।

ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।


ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}

ਪਦਅਰਥ: ਜਿਸ ਕੇ = {ਲਫ਼ਜ਼ ‘ਜਿਸ’ ਦਾ ੁ ਸੰਬੰਧਕ ‘ਕੇ’ ਦੇ ਕਾਰਨ ਉੱਡ ਗਿਆ ਹੈ}। ਸੁਆਮੀ = ਹੇ ਸੁਆਮੀ! ਬੋਲਿ ਨ ਜਾਣੈ = ਬੋਲਣ ਨਹੀਂ ਜਾਣਦਾ। ਮਦਿ = ਅਹੰਕਾਰ ਵਿਚ। ਮਾਤਾ = ਮਸਤ। ਮਰਣਾ = ਮੌਤ, ਮੌਤ ਦਾ ਸਹਿਮ। ਚੀਤਿ = ਚਿੱਤ ਵਿਚ।੧।

ਰਾਮਰਾਇ = ਹੇ ਪ੍ਰਭੂ = ਪਾਤਿਸ਼ਾਹ! ਕਉ = ਨੂੰ। ਨੇਰੇ = ਨੇੜੇ।੧।ਰਹਾਉ।

ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਨਾਸਾ = ਦੂਰ ਹੋ ਜਾਂਦਾ ਹੈ। ਬਖਸ = ਬਖ਼ਸ਼ਸ਼। ਦਿਲਾਸਾ = ਭਰੋਸਾ, ਤਸੱਲੀ।੨।

ਧਿਆਇਨਿ = ਧਿਆਉਂਦੇ ਹਨ। ਪਾਇਨਿ = ਪਾਂਦੇ ਹਨ। ਆਰਾਧਹਿ = ਆਰਾਧਦੇ ਹਨ। ਭਰਵਾਸੇ = ਆਸਰੇ ਨਾਲ। ਪੰਚ ਦੁਸਟ = ਕਾਮਾਦਿਕ ਪੰਚ ਵੈਰੀ। ਲੈ = ਫੜ ਕੇ। ਸਾਧਹਿ = ਵੱਸ ਵਿਚ ਕਰ ਲੈਂਦੇ ਹਨ।੩।

ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਸੁਰਤਿ ਜੋੜਨ ਦੀ ਜਾਚ। ਨ ਜਾਣਾ = ਨ ਜਾਣਾਂ, ਨਹੀਂ ਸਾਂ ਜਾਣਦਾ। ਸਾਰ = ਕਦਰ। ਜਿਨਿ = ਜਿਸ (ਗੁਰੂ) ਨੇ। ਕਰ = ਇੱਜਤ, ਲਾਜ।੪।

ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ) । ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।

ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।

ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।

ਹੇ ਪ੍ਰਭੂ! ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।

ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ।੪।੧੦।੫੭।



ਸੋਰਠਿ ਮਹਲਾ ੫ ਘਰੁ ੧ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ ਮੇਰੇ ਮਨ ਜਪੀਐ ਹਰਿ ਭਗਵੰਤਾ ॥ ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥ ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥ ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥ {ਪੰਨਾ 639}

ਪਦਅਰਥ: ਸਭੁ = ਸਾਰਾ। ਜਿਨਹਿ = ਜਿਨਿ ਹੀ, ਜਿਸ ਨੇ ਹੀ {ਲਫ਼ਜ਼ ‘ਜਿਨਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਭਾਈ = ਹੇ ਭਾਈ! ਕਰਣ = ਜਗਤ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭੁ ਤਾਕਤਾਂ ਦਾ ਮਾਲਕ। ਜੀਉ = ਜਿੰਦ। ਪਿੰਡੁ = ਸਰੀਰ। ਦੇ ਕਰਿ = ਦੇ ਕੇ। ਵਥੁ = ਵਸਤ, ਸੱਤਿਆ। ਕਿਨਿ = ਕਿਸ ਦੀ ਰਾਹੀਂ? ਕਿਸ ਪਾਸੋਂ? ਕਹੀਐ = ਕਿਹਾ ਜਾ ਸਕਦਾ ਹੈ, ਬਿਆਨ ਕੀਤਾ ਜਾ ਸਕਦਾ ਹੈ। ਕਿਉ = ਕਿਵੇਂ? ਅਕਥੁ = ਉਹ ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਗੁਰੁ ਗੋਬਿੰਦੁ = ਗੋਬਿੰਦ ਦਾ ਰੂਪ ਗੁਰੂ। ਜਿਸ ਤੇ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਤੇ’ ਦੇ ਕਾਰਨ ਉੱਡ ਗਿਆ ਹੈ} ਜਿਸ ਪਾਸੋਂ। ਜਾਪੈ = ਸਮਝੀਦਾ ਹੈ। ਤਥੁ = ਅਸਲੀਅਤ।੧।

ਦੇਇ = ਦੇਂਦਾ ਹੈ। ਹੰਤਾ = ਨਾਸ ਕਰਨ ਵਾਲਾ।ਰਹਾਉ।

ਜਾ ਕੈ ਘਰਿ = ਜਿਸ (ਪ੍ਰਭੂ) ਦੇ ਘਰ ਵਿਚ। ਨਉ ਨਿਧਿ = ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ। ਭੰਡਾਰ = ਖ਼ਜ਼ਾਨੇ। ਤਿਸ ਕੀ = {ਲਫ਼ਜ਼ ‘ਤਿਸ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ}। ਅਗਮ = ਅਪਹੁੰਚ। ਅਪਾਰ = ਬੇਅੰਤ, ਜਿਸ ਦਾ ਪਾਰਲਾ ਬੰਨਾ ਨਹੀਂ ਦਿੱਸਦਾ। ਸਾਰ = ਸੰਭਾਲ। ਭੇਟੀਐ = ਲੱਭੀਏ। ਸਬਦਿ = ਸ਼ਬਦ ਵਿਚ (ਜੋੜ ਕੇ) । ਮਿਲਾਵਣਹਾਰ = ਮਿਲਾ ਸਕਣ ਵਾਲਾ।੨।

ਅਰਥ: ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ। ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ ਕਰਨ ਵਾਲਾ ਹੈ।ਰਹਾਉ।

ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ, ਜਿਸ ਨੇ ਆਪਣੀ ਸੱਤਿਆ ਦੇ ਕੇ (ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ, ਉਹ ਕਰਤਾਰ (ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ। ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ। ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ! ਗੋਬਿੰਦ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ।੧।

ਹੇ ਭਾਈ! ਜਿਸ ਪ੍ਰਭੂ ਦੇ ਘਰ ਵਿਚ ਹਰੇਕ ਚੀਜ਼ ਮੌਜੂਦ ਹੈ, ਜਿਸ ਦੇ ਘਰ ਵਿਚ ਜਗਤ ਦੇ ਸਾਰੇ ਨੌ ਹੀ ਖ਼ਜ਼ਾਨੇ ਮੌਜੂਦ ਹਨ, ਜਿਸ ਦੇ ਘਰ ਵਿਚ ਭੰਡਾਰੇ ਭਰੇ ਪਏ ਹਨ ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਸਭ ਤੋਂ ਉੱਚਾ ਹੈ, ਉਹ ਅਪਹੁੰਚ ਹੈ, ਉਹ ਬੇਅੰਤ ਹੈ। ਹੇ ਭਾਈ! ਉਹ ਪ੍ਰਭੂ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਸਦਾ ਹੀ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਉਸ ਦਾ ਦਰਸਨ ਕਰਨ ਲਈ) ਹੇ ਭਾਈ! ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, (ਗੁਰੂ ਹੀ ਆਪਣੇ) ਸ਼ਬਦ ਵਿਚ ਜੋੜ ਕੇ ਪਰਮਾਤਮਾ ਨਾਲ ਮਿਲਾ ਸਕਣ ਵਾਲਾ ਹੈ।੨।


ਧਨਾਸਰੀ ਮਹਲਾ ੩ ਘਰੁ ੨ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ {ਪੰਨਾ 663}

ਪਦਅਰਥ: ਅਖੁਟੁ = ਕਦੇ ਨਾਹ ਮੁੱਕਣ ਵਾਲਾ। ਨ ਨਿਖੁਟੈ = ਮੁੱਕਦਾ ਨਹੀਂ। ਨ ਜਾਇ = ਨਾਹ ਨਾਸ ਹੁੰਦਾ ਹੈ। ਸਤਿਗੁਰਿ = ਗੁਰੂ ਨੇ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਸਦਕੇ ਜਾਂਦਾ ਹਾਂ। ਤੇ = ਨਾਲ, ਤੋਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।੧।

ਸੇ = ਉਹ {ਬਹੁ-ਵਚਨ}। ਨਾਮਿ = ਨਾਮ ਵਿਚ। ਲਿਵ = ਲਗਨ। ਲਾਇ = ਲਾ ਕੇ। ਗੁਰਿ = ਗੁਰੂ ਨੇ। ਪਰਗਾਸਿਆ = ਵਿਖਾ ਦਿੱਤਾ। ਕਿਰਪਾ ਤੇ = ਕਿਰਪਾ ਨਾਲ। ਮਨਿ = ਮਨ ਵਿਚ।ਰਹਾਉ।

ਕਾਟਿ = ਕੱਟ ਕੇ, ਦੂਰ ਕਰ ਕੇ। ਰਿਦੈ = ਹਿਰਦੇ ਵਿਚ। ਸਮਾਇ = ਟਿਕਾ ਦੇਂਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ। ਸੁਖ = ਆਤਮਕ ਆਨੰਦ {ਬਹੁ-ਵਚਨ}। ਮਨ ਅੰਤਰਿ = ਮਨ ਵਿਚ।੨।

ਅਚਰਜੁ = ਹੈਰਾਨ ਕਰਨ ਵਾਲਾ ਤਮਾਸ਼ਾ। ਜਨ = ਹੇ ਜਨੋ! ਭਾਈ = ਹੇ ਭਾਈ! ਦੁਬਿਧਾ = ਮਨ ਦੀ ਡਾਂਵਾਂ = ਡੋਲ ਹਾਲਤ, ਮੇਰ = ਤੇਰ। ਮੰਨਿ = ਮਨਿ, ਮਨ ਵਿਚ। ਅਮੋਲਕੁ = ਜੇ ਕਿਸੇ ਭੀ ਕੀਮਤ ਤੋਂ ਨਹੀਂ ਮਿਲ ਸਕਦਾ। ਪਰਸਾਦਿ = ਕਿਰਪਾ ਨਾਲ। ਆਇ = ਆ ਕੇ।੩।

ਸਭ ਮਹਿ = ਸਭ ਜੀਵਾਂ ਵਿਚ। ਸੋਇ = ਉਹੀ। ਗੁਰਮਤਿ = ਗੁਰੂ ਦੀ ਮਤਿ ਉਤੇ ਤੁਰਿਆਂ। ਘਟਿ = ਹਿਰਦੇ ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਜਿਨਿ = ਜਿਸ (ਮਨੁੱਖ) ਨੇ। ਜਾਣਿ = ਸਾਂਝ ਪਾ ਕੇ। ਮਾਨਿਆ = ਪਤੀਜ ਜਾਂਦਾ ਹੈ।੪।

ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ।ਰਹਾਉ।

ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹ ੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ।੧।

(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।੨।

ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ।੩।

(ਹੇ ਭਾਈ! ਭਾਵੇਂ) ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ।੪।


About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!