Breaking News
Home / ਅੰਨਦਾਤਾ ਲਈ / ਜ਼ਹਿਰ ਮੁਕਤ ਖੇਤੀ ਅਤੇ ‘ਮਾਤਾ ਧਰਤਿ ਮਹਤੁ’ ਦੇ ਮਹਾਂਵਾਕ ਦਾ ਸੰਕਲਪ।

ਜ਼ਹਿਰ ਮੁਕਤ ਖੇਤੀ ਅਤੇ ‘ਮਾਤਾ ਧਰਤਿ ਮਹਤੁ’ ਦੇ ਮਹਾਂਵਾਕ ਦਾ ਸੰਕਲਪ।

474871__gha
ਪੰਜਾਬ ਦੇ ਅੰਨਦਾਤਾ ਕਿਸਾਨ ਵੱਲੋਂ ਪਿਛਲੇ 4-5 ਦਹਾਕਿਆਂ ਤੋਂ ਅਪਣਾਇਆ ਗਿਆ ਖੇਤੀ ਮਾਡਲ ਰਸਾਇਕ ਖਾਦਾਂ, ਨਦੀਨ ਨਾਸ਼ਕ ਅਤੇ ਕੀਟ ਨਾਸ਼ਕ ਜ਼ਹਿਰਾਂ ਦੀ ਵਰਤੋਂ ਉੱਤੇ ਟਿਕਿਆ ਹੋਇਆ ਹੈ। ਅਜੋਕੇ ਖੇਤੀ ਮਾਡਲ ਅਧੀਨ ਕੰਮ ਕਰਨ ਵਾਲੇ ਕਿਸਾਨ, ਜਹਿਰਾਂ ਅਤੇ ਖਤਰਨਾਕ ਰਸਾਇਣਾਂ ਤੋਂ ਬਗੈਰ ਕੋਈ ਫ਼ਸਲ ਪੈਦਾ ਕਰਨ ਦਾ ਸੁਪਨਾ ਵੀ ਨਹੀਂ ਲੈ ਸਕਦੇ। ਅਜੋਕੇ ਖੇਤੀ ਮਾਡਲ ਕਾਰਨ ਜਿਥੇ ਵਾਤਾਵਰਨ ਖਤਰਨਾਕ ਹੱਦ ਤੱਕ ਵਿਗੜਦਾ ਜਾ ਰਿਹਾ ਹੈ, ਉਥੇ ਕਿਸਾਨ ਦੀ ਆਪਣੀ ਆਰਥਿਕ ਹਾਲਤ ਵੀ ਕਰਜ਼ਿਆਂ ਥੱਲੇ ਦੱਬਣ ਕਾਰਨ ਪਤਲੀ ਹੁੰਦੀ ਜਾ ਰਹੀ ਹੈ। ਖੇਤੀ ਦੇ ਇਸ ਮਾਡਲ ਅਧੀਨ ਸਾਲਾਂ ਬੱਧੀ ਜ਼ਹਿਰਾਂ ਅਤੇ ਸਿਹਤ ਲਈ ਖਤਰਨਾਕ ਰਸਾਇਣਕ ਖਾਦਾਂ ਦਾ ਪ੍ਰਯੋਗ ਹੋਣ ਕਾਰਨ ਵਾਹੀਯੋਗ ਜ਼ਮੀਨ ਏਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਇਸ ਉੱਤੇ ਉਗਾਈ ਜਾਂਦੀ ਹਰ ਫ਼ਸਲ ਦੀ ਉਪਜ ਵੀ ਜ਼ਹਿਰਾਂ ਦੀ ਮਾਰ ਹੇਠ ਆ ਚੁੱਕੀ ਹੈ। ਜਿਸ ਨਾਲ ਮਨੁੱਖ ਸਮੇਤ ਪਸ਼ੂ ਅਤੇ ਸਮੁੱਚਾ ਜੀਵ ਜਗਤ ਸਿਹਤ ਪੱਖੋਂ ਭਿਆਨਕ ਹਾਲਤਾਂ ਵਿਚ ਫਸਦਾ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਧਿਆਨ ਦੇਈਏ ਤਾਂ ਸਾਡੀ ਧਰਤੀ ਤੋਂ ਬਹੁਤ ਸਰੇ ਪੰਛੀ ਅਤੇ ਜਾਨਵਰ ਅਲੋਪ ਹੋ ਚੁੱਕੇ ਹਨ, ਧਰਤੀ ਦੇ ਨਾਲ ਨਾਲ ਹਵਾ ਤੇ ਪਾਣੀ ਵੀ ਪਲੀਤ ਹੋ ਚੁੱਕਾ ਹੈ। ਜਿਸ ਕਾਰਨ ਧਰਤੀ ਹੇਠਲੇ ਸੂਖਮ ਜੀਵ, ਇਸ ਉੱਪਰ ਰਹਿਣ ਵਾਲੇ ਜੀਵਾਂ ਅਤੇ ਪਾਣੀ ਵਿਚ ਪਾਏ ਜਾਣ ਵਾਲੇ ਜੀਵਾਂ ਦਾ ਵਿਨਾਸ਼ ਲਗਾਤਾਰ ਜਾਰੀ ਹੈ। ਸਾਡੇ ਜੀਵ ਜਗਤ ਦੀਆਂ ਕਈ ਪਰਜਾਤੀਆਂ ਧਰਤੀ ਤੋਂ ਅਲੋਪ ਹੋ ਚੁੱਕੀਆਂ ਹਨ ਅਤੇ ਕੁਝ ਅਲੋਪ ਹੋਣ ਦੇ ਕਿਨਾਰੇ ‘ਤੇ ਹਨ। ਅਜਿਹੇ ਹਲਾਤਾਂ ਦੇ ਮੁੱਖ ਕਾਰਨ ਵਿਚੋਂ ਇਕ ਹੈ ਅਜੋਕਾ ਖੇਤੀ ਮਾਡਲ। ਜੇਕਰ ਅਜਿਹੇ ਖੇਤੀ ਮਾਡਲ ਨੂੰ ਵਿਨਾਸ਼ਕਾਰੀ ਖੇਤੀ ਮਾਡਲ ਕਹਿ ਲਿਆ ਜਾਵੇ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ।
ਅਜੋਕੇ ਸਮੇਂ ਵਿਚ ਅਜਿਹੀ ਵਿਨਾਸ਼ਕਾਰੀ ਖੇਤੀ ਦਾ ਇਕੋ ਇਕ ਬਦਲ ਹੈ ਕੁਦਰਤੀ ਖੇਤੀ ਮਾਡਲ। ਕੁਦਰਤੀ ਖੇਤੀ ਨੂੰ ਸੁਭਾਸ਼ ਪਾਲੇਕਰ ਅਤੇ ਸੁਰੇਸ਼ ਦੇਸਾਈ ਵਰਗੇ ਖੇਤੀ ਮਾਹਿਰਾਂ ਨੇ ਸਾਲਾਂ ਬੱਧੀ ਤਜਰਬੇ ਕਰਨ ਤੋਂ ਬਾਅਦ ਅਜੋਕੇ ਸਮੇਂ ਅਨੁਸਾਰ ਵਿਕਸਤ ਕੀਤਾ ਹੈ। ਜਿਥੇ ਰਸਾਇਣਕ ਖੇਤੀ ਦਾ ਇਕੋ ਇਕ ਉਦੇਸ਼ ਵੱਧ ਤੋਂ ਵੱਧ ਝਾੜ ਲੈ ਕੇ ਵੱਧ ਤੋਂ ਵੱਧ ਪੈਸੇ ਕਮਾਉਣਾ ਹੀ ਹੁੰਦਾ ਹੈ। ਉਥੇ ਕੁਦਰਤੀ ਖੇਤੀ ਸਾਨੂੰ ਇਕ ਉੱਚੀ ਅਤੇ ਸੁੱਚੀ ਜੀਵਨ ਜਾਂਚ ਸਿਖਾਉਂਦੀ ਹੈ। ਇਸ ਖੇਤੀ ਤੋਂ ਅਸੀਂ ਸਿੱਖਦੇ ਹਾਂ ਕਿ ਧਰਤੀ ਸਾਡੀ ਦਾਸੀ ਨਹੀਂ ਸਗੋਂ ਮਾਂ ਹੈ ਅਤੇ ਮਾਂ ਤੋਂ ਵੱਧ ਤੋਂ ਵੱਧ ਦਾਤਾਂ ਲੈਣ ਲਈ ਇਸ ਦੀ ਵੱਧ ਤੋਂ ਵੱਧ ਸੇਵਾ ਕਰਨੀ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਵਿਚ ਵੀ ਫਰਮਾਇਆ ਗਿਆ ਹੈ:
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’
ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਧਰਤੀ ਦਾ ਜਿਗਰਾ ਬਹੁਤ ਵੱਡਾ (ਮਾਂ ਵਰਗਾ) ਹੁੰਦਾ ਹੈ। ਜਿਸ ਨੂੰ ਅਸੀਂ ਕੱਟ ਵੱਢ ਦਈਏ ਤਾਂ ਵੀ ਕੋਈ ਗਿਲਾ ਨਹੀਂ ਕਰਦੀ ਸਗੋਂ ਹਰ ਇਕ ਨਾਲ ਇਕੋ ਜਿੰਨਾ ਪਿਆਰ ਕਰਦੀ ਹੈ। ਕੁਦਰਤੀ ਖੇਤੀ ਦਾ ਵਿਗਿਆਨ ਸਾਨੂੰ ਸਿਖਾਉਂਦਾ ਹੈ ਕਿ ਵੱਧ ਤੋਂ ਵੱਧ ਉਪਜ ਲੈਣ ਲਈ ਧਰਤੀ ਵਿਚਲੇ ਸੂਖਮ ਜੀਵਾਂ ਨੂੰ ਮੁੜ ਤੋਂ ਪੈਦਾ ਕਰਨਾ ਪਏਗਾ ਜੋ ਹਰੀ ਕ੍ਰਾਂਤੀ ਦੀ ਹਨੇਰੀ ਅਧੀਨ ਅਪਣਾਈ ਗਈ ਰਸਾਇਣਕ ਖੇਤੀ ਕਾਰਨ ਸਾਡੀ ਜ਼ਮੀਨ ਵਿਚੋਂ ਨਸ਼ਟ ਹੋ ਚੁੱਕੇ ਹਨ।
ਸਾਡੇ ਕੁਝ ਕਿਸਾਨ ਭਰਾਵਾਂ ਅਤੇ ਆਮ ਲੋਕਾਂ ਵਿਚ ਕੁਦਰਤੀ ਖੇਤੀ ਨੂੰ ਲੈ ਕੇ ਬੇ-ਬੁਨਿਆਦ ਡਰ ਭਰੇ ਹੋਏ ਹਨ ਕਿ ਇਹ ਖੇਤੀ ਮਾਡਲ ਅਪਣਾਉਣਾ ਅੱਜ ਦੇ ਸਮੇਂ ਵਿਚ ਅਸੰਭਵ ਹੈ। ਪਰ ਜੇਕਰ ਕਿਸੇ ਚੰਗੇ ਵਿਚਾਰ ਨੂੰ ਅਸੀਂ ਬਿਨਾਂ ਘੋਖਿਆਂ ਪੜਤਾਲਿਆਂ ਹੀ ਨਕਾਰ ਦੇਈਏ ਤਾਂ ਇਹ ਸਿਆਣਪ ਵਾਲੀ ਗੱਲ ਨਹੀਂ ਹੋਵੇਗੀ। ਇਹ ਵਿਚਾਰ ਕਿ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਸਾਨੂੰ ਸੈਕੜੇ ਟਨ ਦੇਸੀ ਰੂੜੀ ਦੀ ਜ਼ਰੂਰਤ ਪਏਗੀ ਜੋ ਕਿ ਬਹੁਤ ਹੀ ਖਰਚੀਲਾ ਹੀ ਨਹੀਂ ਸਗੋਂ ਇਕ ਅਸੰਭਵ ਜਿਹਾ ਕੰਮ ਹੈ, ਬਿਲਕੁਲ ਬੇ-ਬੁਨਿਆਦ ਹੈ। ਕੁਦਰਤੀ ਖੇਤੀ ਮਾਹਿਰ ਸੁਭਾਸ਼ ਪਾਲਿਕਰ ਦਾ ਦਾਅਵਾ ਹੈ ਕਿ ਸਿਰਫ ਇਕ ਦੇਸੀ ਗਾਂ ਦਾ ਗੋਬਰ ਅਤੇ ਮੂਤਰ 40 ਏਕੜ ਜ਼ਮੀਨ ਲਈ ਕਾਫੀ ਹੁੰਦਾ ਹੈ। ਦੂਸਰਾ ਵੱਡਾ ਡਰ ਸਾਡੇ ਜ਼ਿਹਨ ਵਿਚ ਡੂੰਘਾ ਧੱਸਿਆ ਹੋਇਆ ਹੈ ਕਿ ਕੁਦਰਤੀ ਖੇਤੀ ਅਪਣਾਉਣ ਨਾਲ ਸਾਡੇ ਫ਼ਸਲਾਂ ਦੇ ਝਾੜ ਬਹੁਤ ਘੱਟ ਜਾਣਗੇ। ਜਦੋਂ ਅਸੀਂ ਕੁਦਰਤੀ ਖੇਤੀ ਦਾ ਮਾਡਲ ਲਾਗੂ ਕਰਦੇ ਹਾਂ ਤਾਂ ਇਹ ਡਰ ਵੀ ਬੇਬੁਨਿਆਦ ਸਾਬਿਤ ਹੁੰਦਾ ਹੈ ਕਿਉਂਕਿ ਜਿਸ ਕਿਸਾਨ ਨੇ ਵੀ ਕੁਦਰਤੀ ਖੇਤੀ ਦਾ ਮਾਡਲ ਅਪਣਾਇਆ ਹੈ ਉਸ ਨੇ ਇਹ ਸਿੱਖ ਲਿਆ ਕਿ ਆਪਣੀ ਜ਼ਮੀਨ ਦੀ ਸਿਹਤ ਨੂੰ ਠੀਕ ਕਰਨ ਤੋਂ ਬਾਅਦ ਅਸੀਂ ਆਪਣੀਆਂ ਫ਼ਸਲਾਂ ਤੋਂ ਜ਼ਹਿਰ ਮੁਕਤ ਪੌਸ਼ਟਿਕ ਭਰਪੂਰ ਝਾੜ ਲੈ ਕੇ ਰਸਾਇਣਕ ਖੇਤੀ ਦੇ ਰਿਕਾਰਡ ਵੀ ਤੋੜ ਸਕਦੇ ਹਾਂ। ਕੁਦਰਤੀ ਖੇਤੀ ਦੇ ਮਾਡਲ ਨੂੰ ਖੇਤੀ ਵਿਰਾਸਤ ਮਿਸ਼ਨ ਅਤੇ ਇਸ ਵਰਗੀਆਂ ਕਈ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਆਮ ਲੋਕਾਂ ਵਿਚ ਪ੍ਰਚਾਰਨ ਕਰਕੇ ਪੰਜਾਬ ਦੇ ਸੈਂਕੜੇ ਕਿਸਾਨਾਂ ਨੇ ਇਸ ਨੂੰ ਅਪਣਾਇਆ ਅਤੇ ਬਾਖੂਬੀ ਆਪਣੇ ਖੇਤਾਂ ਵਿਚ ਲਾਗੂ ਕਰਕੇ ਦਿਖਾਇਆ ਹੈ। ਇਸ ਦੀ ਇਕ ਚੰਗੀ ਉਦਾਹਰਨ ਭਗਤਪੂਰਨ ਸਿੰਘ ਪਿੰਗਲਵਾੜਾ ਫਾਰਮ ਧੀਰਾਕੋਟ ਨੇੜੇ ਗੁਰੂ ਕਾ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਹੈ, ਜਿਥੇ ਜਾ ਕੇ ਸਾਨੂੰ ਕੁਦਰਤੀ ਖੇਤੀ ਪ੍ਰਤੀ ਸ਼ੰਕੇ ਦੂਰ ਹੁੰਦੇ ਹਨ ਅਤੇ ਇਸ ਦੀ ਅਜੋਕੇ ਸਮੇਂ ਵਿਚ ਪ੍ਰਮਾਣਿਕਤਾ ਸਾਕਾਰ ਹੁੰਦੀ ਸਿੱਧ ਹੁੰਦੀ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਵੱਲੋਂ ਪਿਛਲੇ 10 ਸਾਲਾਂ ਤੋਂ ਲਗਾਤਾਰ ਜ਼ਹਿਰਾਂ ਮੁਕਤ ਕੁਦਰਤੀ ਖੇਤੀ ਕਰਦੇ ਹੋਏ ਕਈ ਮੀਲ-ਪੱਥਰ ਗੱਡੇ ਹਨ। ਪਿੰਗਲਵਾੜਾ ਫਾਰਮ ਦੇ ਮੁੱਖ ਪ੍ਰਬੰਧਕ ਮਾਸਟਰ ਰਾਜਬੀਰ ਸਿੰਘ ਨੇ ਦੱਸਿਆ ਕਿ ਸਾਡੇ ਫਾਰਮ ਵੱਲੋਂ ਵਿਕਸਤ ਕੀਤੀ ਗੰਨੇ ਦੀ ਬਿਜਾਈ ਦੀ ਵਿਸ਼ੇਸ਼ ਤਕਨੀਕ ਦੁਆਰਾ ਇਕ ਏਕੜ ਵਿਚੋਂ ਦੋ ਕਨਾਲ ਗੰਨਾ ਬੀਜ ਕੇ 400 ਕੁਇੰਟਲ ਝਾੜ ਪੈਦਾ ਕੀਤਾ ਹੈ ਅਤੇ ਬਾਕੀ 6 ਕਨਾਲ ਵਿਚੋਂ ਕਣਕ, ਝੋਨੇ ਅਤੇ ਹੋਰ ਮੌਸਮੀ ਫ਼ਸਲਾਂ ਦੀ ਉੱਪਜ ਵਾਧੂ ਵਿਚ ਲਈ ਹੈ। ਜਿਸ ਤੋਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਨੁਮਾਇੰਦੇ ਵੀ ਹੈਰਾਨ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਣਕ ਦੇ ਝਾੜ ਵੀ ਬਿਨਾਂ ਕਿਸੇ ਰਸਾਇਣਕ ਖਾਦ ਦੇ ਵਰਤਿਆਂ ਹੁਣ ਤੱਕ 18 ਤੋਂ 20 ਕੁਇੰਟਲ ਤੱਕ ਪੈਦਾ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਅਸੀਂ ਕਣਕ ਦੀ ਬਿਜਾਈ ਹੋਰ ਵੀ ਬਿਹਤਰ ਕਰਕੇ ਇਸ ਤੋਂ ਵੱਧ ਝਾੜ ਲੈਣ ਵਿਚ ਕਾਮਯਾਬ ਹੋ ਜਾਵਾਂਗੇ। ਝੋਨੇ ਦੇ ਸਬੰਧ ਵਿਚ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬਾਸਮਤੀ 1121 ਦਾ ਅਸੀਂ 24 ਕੁਇੰਟਲ ਤੱਕ ਝਾੜ ਲੈ ਕੇ ਰਿਕਾਰਡ ਪੈਦਾਵਾਰ ਕੀਤੀ ਹੈ।
ਸੋ ਆਓ ਅਸੀਂ ਸਮੂਹ ਕਿਸਾਨ ਭਰਾ ਸਾਰੇ ਭਰਮ ਭੁਲੇਖੇ ਪਿਛੇ ਛੱਡਦੇ ਹੋਏ ਕੁਦਰਤੀ ਖੇਤੀ ਨੂੰ ਅਪਣਾ ਕੇ ਸਰਬੱਤ ਦੇ ਭਲੇ ਵਾਲੀ ਜੀਵਨ ਜਾਂਚ ਬਣਾਈਏ ਅਤੇ ਧਰਤੀ ਮਾਂ ਦੇ ਅਸਲੀ ਪੁੱਤਰ ਕਹਿਲਾਈਏ।

ਵਰਿੰਦਰਜੀਤ ਜਗੋਵਾਲ
-ਨਵਚੇਤਨ ਪ੍ਰੈਸ, ਕਾਹਨੂੰਵਾਨ (ਗੁਰਦਾਸਪੁਰ)
ਮੋਬਾਈਲ : 98552-03852.
(source Ajit)

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!