Home / ਹੈਡਲਾਈਨਜ਼ ਪੰਜਾਬ / ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰਦੁਆਰਾ ਰੀਠਾ ਸਾਹਿਬ: ਡਾ. ਹਰਜਿੰਦਰ ਸਿੰਘ ਦਿਲਗੀਰ

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰਦੁਆਰਾ ਰੀਠਾ ਸਾਹਿਬ: ਡਾ. ਹਰਜਿੰਦਰ ਸਿੰਘ ਦਿਲਗੀਰ

ਹਲਦਵਾਨੀ ਤੋਂ ਹੁੰਦੇ ਹੋਏ ਗੁਰੂ ਨਾਨਕ ਸਾਹਿਬ ਪਿੰਡ ਚੌੜਾ ਪਿੱਤਾ (ਮੌਜੂਦਾ ਰੀਠਾ ਸਾਹਿਬ ਵਾਲੀ ਜਗਹ ‘ਤੇ) ਪੁੱਜੇ। ਇੱਥੇ, ਪਿੰਡ ਦੇ ਹੇਠਾਂ, ਦੋ ਨਦੀਆਂ ਲਧੀਆ ਅਤੇ ਰਤੀਆ ਦਾ ਸੰਗਮ ਹੈ; ਗੁਰਦੁਆਰਾ ਪਿੰਡ ਦੇ ਹੇਠਾਂ, ਇਨਾਂ ਨਦੀਆਂ ਦੇ ਕੰਢੇ ‘ਤੇ ਬਣਿਆ ਹੋਇਆ ਹੈ। ਰੀਠਾ ਸਾਹਿਬ ਦਾ ਕੱਚਾ ਰਸਤਾ, ਪਹਾੜੀਆਂ ਅਤੇ ਨਦੀਆਂ ਦੇ ਕੰਢਿਆਂ ਰਾਹੀਂ, 60 ਕੂ ਕਿਲੋਮੀਟਰ ਹੈ; ਪਰ ਪੱਕੀ ਸੜਕ ਦਾ ਰਸਤਾ ਬਹੁਤ ਲੰਮਾ ਬਣਦਾ ਹੈ। ਇਸ ਜਗਹ ‘ਤੇ ਉਸ ਵੇਲੇ ਯੋਗੀਆਂ ਦਾ ਇਕ ਡੇਰਾ ਸੀ। ਗੁਰੂ ਜੀ ਨੇ ਯੋਗੀਆਂ ਨੂੰ ਸੱਚ ਦੇ ਧਰਮ ਦਾ ਰਸਤਾ ਦੱਸਿਆ। ਮਗਰੋਂ ਯੋਗੀਆਂ ਦੀ ਮਾਨਤਾ ਖ਼ਤਮ ਹੋ ਗਈ ਅਤੇ ਉਨ੍ਹਾਂ ਦਾ ਡੇਰਾ ਵੀ ਖ਼ਤਮ ਹੋ ਗਿਆ। ਹੁਣ ਗੁਰਦੁਆਰੇ ਦੀ ਰੀਸ-ਬਰੀਸੇ ਉਨ੍ਹਾਂ ਨੇ ਵੀ ਜੋਗੀ ਢੇਰ ਨਾਥ ਦੇ ਨਾਂ ‘ਤੇ ਇਕ ਮੱਠ/ਡੇਰਾ/ਮੰਦਰ ਬਣਾਇਆ ਹੈ ਪਰ ਉਸ ਵਿਚ ਹੁਣ ਬਾਹਰ ਤੋਂ ਕੋਈ ਵੀ ਯਾਤਰੂ ਨਹੀਂ ਆਉਂਦਾ; ਕੁਝ ਪਿੰਡ ਵਾਸੀ ਕਦੇ-ਕਦੇ ਪੂਜਾ ਜ਼ਰੂਰ ਕਰਦੇ ਹਨ।
ਇਹ ਉਹ ਇਲਾਕਾ ਹੈ ਜਿਥੇ ਇਲਾਕੇ ਵਿਚ ਕੋਈ ਖ਼ੁਰਾਕ ਨਾ ਮਿਲ ਸਕਣ ਕਾਰਨ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਨੇ ਜੰਗਲੀ ਫਲ, ਕੰਦ ਮੂਲ, ਰੀਠਿਆਂ ਦੇ ਫਲ (ਇਹ ਰੀਠੇ ਪੂਰੀ ਤਰ੍ਹਾਂ ਮਿੱਠੇ ਨਹੀਂ ਹਨ ਪਰ ਕੌੜੇ ਨਾ ਹੋਣ ਕਰ ਕੇ ਇਨ੍ਹਾਂ ਨੂੰ ਮਿੱਠੇ ਕਿਹਾ ਜਾਂਦਾ ਹੈ) ਅਤੇ ਪੱਤੇ ਖਾਧੇ। (ਸ਼ਾਇਦ ਇਹ ਕੰਦ ਮੂਲ ਤੇ ਰੀਠੇ ਵਗ਼ੈਰਾ ਖਾਣ ਤੋਂ ਹੀ ਮਗਰੋਂ ਕਿਸੇ ਲੇਖਕ ਨੇ ਗੁਰੂ ਸਾਹਿਬ ਵੱਲੋਂ ਰੀਠੇ ਮਿੱਠੇ ਕਰਨ ਦੀ ‘ਕਰਾਮਾਤ’ ਦੀ ਕਹਾਣੀ ਘੜ ਲਈ ਹੋਵਗੀ)।
ਮੌਜੂਦਾ ਗੁਰਦੁਆਰਾ ਰੀਠਾ ਸਾਹਿਬ ਦੀ ਇਮਾਰਤ 1970 ਤੋਂ ਬਾਅਦ ਦੀ ਹੈ। ਪਹਿਲਾਂ ਇੱਥੇ ਇਕ ਨਿੱਕਾ ਜਿਹਾ ਮੰਜੀ ਸਾਹਿਬ ਹੁੰਦਾ ਸੀ; ਪਰ 1929-30 ਵਿਚ ਹਲਦਵਾਨੀ ਦੇ ਕੁਝ ਪੰਜਾਬੀ ਵਪਾਰ ਦੇ ਸਿਲਸਿਲੇ ਵਿਚ ਇਧਰ ਆਏ; ਉਨ੍ਹਾਂ ਵਿਚੋਂ ਆਸਾ ਸਿੰਘ ਤੇ ਬੈਸਾਖੀ ਰਾਮ ਨੇ ਏਥੇ ਹੱਟੀ ਪਾ ਲਈ। ਕੁਝ ਚਿਰ ਮਗਰੋਂ ਉਨ੍ਹਾਂ ਨੇ ਇਕ ਮੁਕਾਮੀ ਵਾਸੀ ਲਾਲ ਨਾਥ ਤੋਂ ਜੋਗੀਆਂ ਦੇ ਡੇਰੇ ਦੇ ਨਾਲ ਦੀ ਜਗਹ ਖ਼ਰੀਦ ਲਈ ਅਤੇ ਹੌਲੀ-ਹੌਲੀ ਇਕ ਕੱਚੀ ਜਿਹੀ (ਟੀਨ ਦੀ ਛੱਤ ਵਾਲੀ) ਇਮਾਰਤ ਬਣਾ ਕੇ ਇਕ ਗੁਰਦੁਆਰਾ ਬਣਾ ਲਿਆ। ਉਸ ਵੇਲੇ ਇਸ ਦੇ ਪੁਜਾਰੀ ਉਦਾਸੀ ਸਾਧੂ ਸਨ। 1970 ਤੋਂ ਮਗਰੋਂ ਸਿੱਖਾਂ ਨੇ ਕੁਝ ਹੋਰ ਜ਼ਮੀਨ ਖ਼ਰੀਦ ਲਈ ਅਤੇ ਇਹ ਗੁਰਦੁਆਰਾ ਨਾਨਕਮੱਤਾ ਦੀ ਕਮੇਟੀ ਦੇ ਇੰਤਜ਼ਾਮ ਵਿਚ ਆ ਗਿਆ। ਹੁਣ ਚੌੜਾ ਪਿੱਤਾ ਦਾ ਨਾਂ ‘ਰੀਠਾ ਸਾਹਿਬ’ ਵਧੇਰੇ ਜਾਣਿਆ ਜਾਣ ਲਗ ਪਿਆ। ਹੌਲੀ-ਹੌਲੀ ਗੁਰਦੁਆਰੇ ਦੀ ਇਮਾਰਤ ਵੀ ਵੱਡੀ ਹੁੰਦੀ ਗਈ। ਹੁਣ ਕੀਨੀਆ ਦੀ ਸੰਗਤ ਨੇ ਇਕ ਸਰਾਂ ਵੀ ਬਣਾ ਦਿੱਤੀ ਹੈ। 2000 ਸੰਨ ਦੇ ਨੇੜੇ ਤੇੜੇ, ਇਸ ਗੁਰਦੁਆਰੇ ‘ਤੇ ਸ਼ਾਮ ਸਿੰਘ ਨਾਂ ਦੇ ਇਕ ਡੇਰੇਦਾਰ ਨੇ ਕਬਜ਼ਾ ਕਰ ਲਿਆ ਸੀ।
ਇਸ ਇਲਾਕੇ ਵਿਚ ਕਈ ਪਾਸੇ ਰੀਠਿਆਂ ਦੇ ਕੁਝ ਦਰਖ਼ਤ ਮੌਜੂਦ ਹਨ। ਗੁਰਦੁਆਰੇ ਵਿਚ ਇਕ ਪੁਰਾਣੇ ਦਰਖ਼ਤ ਦਾ ਸੁੱਕਾ ਤਣਾ ਰਖਿਆ ਹੋਇਆ ਹੈ ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਗੁਰੂ ਸਾਹਿਬ ਦੇ ਵੇਲੇ ਦੇ ਦਰਖ਼ਤ ਦੀ ਨਿਸ਼ਾਨੀ ਹੈ।ਉਂਞ ਹੁਣ ਗੁਰਦੁਆਰੇ ਵਿਚ ਕੁਝ ਦਰਖ਼ਤ ਨਵੇਂ ਲਗਾ ਦਿੱਤੇ ਗਏ ਹਨ (2 ਦਰਖ਼ਤ ਮੁਖ ਗੇਟ ‘ਤੇ ਅਤੇ 4-5 ਪਿੱਛਲੇ ਪਾਸੇ; ਪਰ ਇਨ੍ਹਾਂ ਸਾਰਿਆਂ ਬੂਟਿਆਂ ਦੇ ਰੀਠੇ ਕੌੜੇ ਹਨ, ਮਿੱਠੇ ਨਹੀਂ)।
ਇਸ ਗੁਰਦੁਆਰੇ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਰੀਠਿਆਂ ਦਾ ਫਲ ਨੂੰ ‘ਪ੍ਰਸ਼ਾਦ’ ਦੇ ਨਾ ‘ਤੇ ਦਿੱਤਾ ਜਾਂਦਾ ਹੈ; ਇਹ ਰੀਠੇ ਉਨ੍ਹਾਂ ਲੋਕਾਂ ਤੋਂ ਖਰੀਦੇ ਜਾਂਦੇ ਹਨ ਜਿਨ੍ਹਾਂ ਦੀਆਂ ਜ਼ਮੀਨਾਂ ਵਿਚ ਰੀਠਿਆਂ ਦੇ ਦਰਖ਼ਤ ਹਨ। ਸਭ ਤੋਂ ਵਧ ਰੀਠੇ ਇਕ ਜ਼ਮੀਂਦਾਰ ਤੋਂ ਖਰੀਦੇ ਜਾਂਦੇ ਹਨ, ਜਿਸ ਦੀ ਗੁਰਦੁਆਰੇ ਤੋਂ 5 ਕੂ ਕਿਲੋਮੀਟਰ ਪਹਿਲਾਂ ਹੈ ਅਤੇ ਉਸ ਕੋਲ ਮਿੱਠੇ ਰੀਟਿਆਂ ਵਾਲੇ ਇਕ-ਦੋ ਦਰਖ਼ਤ ਹਨ, ਜੋ ਬਹੁਤ ਫਲ ਦੇਂਦੇ ਹਨ; ਉਹ ਕਮੇਟੀ ਨੂੰ ਡੇਢ ਤੋਂ ਦੋ ਰੁਪੈ ਦਾ ਇਕ ਰੀਠਾ ਵੇਚਦਾ ਹੈ। (ਇੱਥੇ ਜਗਹ ਖ਼ਰੀਦ ਕੇ ਹੁਣ ਗੁਰਦੁਆਰਾ ‘ਤੇ ਕਾਬਜ਼ ਸਾਧ ਨੇ ‘ਨਾਨਕ ਵਾੜੀ’ ਨਾਂ ‘ਤੇ ਇਕ ਬਾਗ਼ ਲਾਇਆ ਹੈ ਜਿਸ ਵਿਚ ਮਿੱਠੇ ਰੀਠਿਆਂ ਦੇ ਦਰਖ਼ਤ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ)।
ਇਹ ਵੀ ਚਰਚਾ ਹੈ ਕਿ ਜਿਸ ਸਾਧ ਦਾ ਗੁਰਦੁਆਰੇ ‘ਤੇ ਕਬਜ਼ਾ ਹੈ ਉਹ ਰੀਠਿਆਂ ਨੂੰ ਖੰਡ ਦੀ ਚਾਸ਼ਨੀ ਨਾਲ ਮਿੱਠਾ ਕਰ ਕੇ ‘ਪ੍ਰਸ਼ਾਦ’ ਵਜੋਂ ਦੇਂਦਾ ਹੈ। ਰੀਠਾ ਸਾਹਿਬ ਵਾਲੀ ਕਹਾਣੀ ਕਦੋਂ ਘੜੀ ਗਈ, ਇਹ ਕਿਹਾ ਨਹੀਂ ਜਾ ਸਕਦਾ। ਇਹ ਸਾਖੀ ਬਾਲੇ ਵਾਲੀ ਜਨਮਸਾਖੀ, ਮਿਹਰਬਾਨ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਣ ਵਾਲੀ ਜਨਮਸਾਖੀ (ਦਰਅਸਲ ਸਰੂਪ ਸਿੰਘ ਨਿਰਮਲਾ ਦੀ ਲਿਖੀ) ਜਾਂ ਵਿਲਾਇਤ ਵਾਲੀ ਜਨਮਸਾਖੀ ਜਾਂ ਕਿਸੇ ਵੀ ਪੁਰਾਣੇ ਸੋਮੇ ਵਿਚ ਨਹੀਂ ਮਿਲਦੀ। ਵਿਲਾਇਤ ਵਾਲੀ ਜਨਮਸਾਖੀ ਵਿਚ ‘ਨਾਨਕਮੱਤਾ’ ਵਾਲੀ ਸਾਖੀ ਜ਼ਰੂਰ ਮੌਜੂਦ ਹੈ। ਇੰਞ ਹੀ ਬਾਲਾ ਜਨਮਸਾਖੀ ਵਿਚ ਢਾਕੇ ਵੱਲ ਇਕ ਜਗਹ ‘ਤੇ ਗੁਰੂ ਜੀ ਅਤੇ ਮਰਦਾਨੇ ਵੱਲੋਂ ਖਖੜੀਆਂ ਖਾ ਕੇ ਆਹਾਰ ਕਰਨ ਦਾ ਜ਼ਿਕਰ ਜ਼ਰੂਰ ਮਿਲਦਾ ਹੈ।
ਰੀਠਾ ਸਾਹਿਬ ਜਾਣ ਵਾਸਤੇ ਦੋ ਰਸਤੇ ਹਨ: (1) ਕਾਸ਼ੀਪੁਰ, ਰੁਦਰਪੁਰ, ਨਾਨਕਮੱਤਾ ਵੱਲੋਂ ਖਟੀਮਾ, ਟਨਕਪੁਰ, ਚੰਪਾਵਤ, ਲੋਹਾਘਾਟ, ਦੂਨਾਘਾਟ ਹੁੰਦੇ ਹੋਏ ਰੀਠਾ ਸਾਹਿਬ, ਤਕਰੀਬਨ 200 ਕਿਲੋਮੀਟਰ (2) ਹਲਦਵਾਨੀ ਤੋਂ ਕਾਠਗੋਦਾਮ, ਭੀਮਤਾਲ, ਰੀਠਾ ਸਾਹਿਬ, ਤਕਰੀਬਨ 158 ਕਿਲੋਮੀਟਰ ।
(ੳ)ਨਾਨਕ ਮੱਤਾ ਤੋਂ ਰੀਠਾ ਸਾਹਿਬ: ਖਟੀਮਾ (19), ਟਨਕਪੁਰ (25), ਚੰਪਾਵਤ (81), ਲੋਹਾ ਘਾਟ (24) ਅਤੇ ਇੱਥੋਂ ਰੀਠਾ ਸਾਹਿਬ 52 ਕਿਲੋਮੀਟਰ ਹੈ। ਰਸਤਾ ਖ਼ਤਰਨਾਕ ਪਹਾੜੀਆਂ ਵਾਲਾ ਹੋਣ ਕਰ ਕੇ ਲੋਕ ਸਵੇਰੇ 4 ਵਜੇ ਚਲ ਕੇ ਵਾਪਿਸ ਵੀ ਆ ਸਕਦੇ ਹਨ ਪਰ ਦੇਰ ਨਾਲ ਚਲਣ ਵਾਲਿਆਂ ਨੂੰ ਰਾਤ ਰੀਠਾ ਸਾਹਿਬ ਠਹਿਰਨਾ ਪੈਂਦਾ ਹੈ। (ਅ) ਹਲਦਵਾਨੀ ਤੋਂ ਰੀਠਾ ਸਾਹਿਬ: (ਕਾਠਗੋਦਾਮ 8, ਭੀਮਤਾਲ 18, ਰੀਠਾ ਸਾਹਿਬ 142); ਇਹ ਰਸਤਾ ਮੁਸ਼ਕਿਲ ਹੈ ਕਿਉਂ ਕਿ ਇਸ ਪਾਸੇ ਟਰੈਫ਼ਿਕ ਤੇ ਸਹੂਲਤਾਂ ਘਟ ਹਨ। ਨੈਨੀਤਾਲ ਤੋਂ ਰੀਠਾ ਸਾਹਿਬ 129 ਕਿਲੋਮੀਟਰ ਹੈ।
ਰੀਠਾ ਸਾਹਿਬ ਵਾਲੀ ਥਾਂ ਤੋਂ ਚਲ ਕੇ ਗੁਰੂ ਸਾਹਿਬ (ਸੜਕ ਰਾਹੀਂ 185 ਕਿਲੋਮੀਰ ਦੂਰ, ਪਰ ਪੈਦਲ ਤਕਰੀਬਨ 50 ਕਿਲੋਮੀਟਰ) ਗੋਰਖ ਮੱਤਾ ਗਏ।
(ਕਿਤਾਬ ਸਿੱਖ ਤਵਾਰੀਖ਼, ਸਫ਼ੇ 61-63), ਛਪੀ 2008

About thatta

Comments are closed.

Scroll To Top
error: