Breaking News
Home / ਅੰਨਦਾਤਾ ਲਈ / ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਖੇਤੀਬਾੜੀ ਵਿਕਾਸ ਵਿਚ ਭੂਮਿਕਾ

ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਖੇਤੀਬਾੜੀ ਵਿਕਾਸ ਵਿਚ ਭੂਮਿਕਾ

671436__aa

ਖੇਤੀ-ਖੇਤਰ ਵਿਚ ਆਧੁਨਿਕ ਉਦਯੋਗ ਦੇ ਰੂਪ ਵਿਚ ਸੂਚਨਾ ਅਤੇ ਸੰਚਾਰ ਤਕਨਾਲੋਜੀ ਆਪਣੀ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ। ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਖੇਤੀਬਾੜੀ-ਖੋਜ ਵਿਚ ਸੂਚਨਾ ਅਤੇ ਸੰਚਾਰ ਤਕਨਾਲੋਜੀ ਭਾਰਤੀ ਕਿਸਾਨ ਲਈ ਕਾਫ਼ੀ ਲਾਹੇਵੰਦ ਸਿੱਧ ਹੋ ਰਹੀ ਹੈ। ਇਸ ਦੀ ਵਰਤੋਂ ਨਾਲ ਕਿਸਾਨ ਖੇਤੀ ਨਿਵੇਸ਼, ਫ਼ਸਲ ਉਤਪਾਦਨ ਤਕਨਾਲੋਜੀ, ਫੂਡ-ਪ੍ਰੋਸੈਸਿੰਗ-ਮਾਰਕੀਟਿੰਗ, ਮੱਛੀ-ਪਾਲਣ, ਪਸ਼ੂ-ਪਾਲਣ ਅਤੇ ਖੇਤੀ ਵਪਾਰ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਜ਼ਿਆਦਾਤਰ ਦਿਹਾਤੀ ਖੇਤਰ ਦੇ ਕਿਸਾਨ ਕੇਵਲ ਰੇਡੀਓ, ਟੈਲੀਵਿਜ਼ਨ ਜਾਂ ਮੋਬਾਈਲ ਫ਼ੋਨ ਨੂੰ ਹੀ ਸੰਚਾਰ ਦੇ ਸਾਧਨ ਵਜੋਂ ਵਰਤਦੇ ਹਨ। ਕੰਪਿਊਟਰ ਅਤੇ ਨੈੱਟਵਰਕ ਦੀ ਵਰਤੋਂ ਉਹ ਬਹੁਤ ਘੱਟ ਕਰਦੇ ਹਨ ਜਾਂ ਕਰਦੇ ਹੀ ਨਹੀਂ। ਇਸ ਆਰਟੀਕਲ ਰਾਹੀਂ ਮੈਂ ਦਿਹਾਤੀ ਖੇਤਰ ਦੇ ਕਿਸਾਨ ਵੀਰਾਂ ਨੂੰ ਅਪੀਲ ਕਰੂੰਗੀ ਕਿ ਉਹ ਰੇਡੀਓ, ਟੈਲੀਵਿਜ਼ਨ ਜਾਂ ਮੋਬਾਈਲ ਫ਼ੋਨ ਦੇ ਨਾਲ-ਨਾਲ ਕੰਪਿਊਟਰ ਅਤੇ ਨੈੱਟਵਰਕ ਦੀ ਵਰਤੋਂ ਨੂੰ ਸੂਚਨਾ ਅਤੇ ਸੰਚਾਰ ਦੇ ਮਾਧਿਅਮ ਵਜੋਂ ਕਰਨ।
ਹਰ ਖੇਤਰ ਦੇ ਸਬੰਧ ਵਿਚ ਜ਼ਿਆਦਾਤਰ ਲੋਕ ਢੁੱਕਵੀਂ ਅਤੇ ਪ੍ਰਮਾਣਿਕ ਜਾਣਕਾਰੀ ਚਾਹੁੰਦੇ ਹਨ। ਖੇਤੀ-ਖੇਤਰ ਵਿਚ ਕਿਸਾਨ ਵੀ ਇਸ ਪ੍ਰਤੀ ਚਿੰਤਤ ਰਹਿੰਦਾ ਹੈ ਕਿ ਭਵਿੱਖ ਵਿਚ ਖੇਤੀ-ਖੇਤਰ ਵਿਚ ਕੀ ਵਾਪਰੇਗਾ। ਫ਼ਸਲਾਂ ਦੇ ਮੰਡੀਕਰਨ ਦਾ ਲਾਭ, ਮੌਸਮ ਦੀ ਅਣਹੋਣੀ, ਪਾਣੀ ਦੀ ਸਮੱਸਿਆ ਦਾ ਹੱਲ, ਨਵੇਂ ਬੀਜ ਅਤੇ ਕੀਟ-ਨਾਸ਼ਕ ਦਵਾਈਆਂ ਆਦਿ ਬਾਰੇ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਕੰਪਿਊਟਰ ਅਤੇ ਨੈੱਟਵਰਕ ਤਕਨਾਲੋਜੀ ਸਹਿਜੇ ਹੀ ਪ੍ਰਦਾਨ ਕਰਦੀ ਹੈ। ਆਧੁਨਿਕ ਖੇਤੀ-ਖੇਤਰ ਵਿਚ ਕੰਪਿਊਟਰ ਕਿਸਾਨਾਂ ਲਈ ਇਕ ਵਰਦਾਨ ਸਾਬਿਤ ਹੋ ਰਿਹਾ ਹੈ। ਕਿਸਾਨ ਇਸ ਦੀ ਵਰਤੋਂ ਚੰਗਾ ਲੇਖਾ ਪ੍ਰੋਗਰਾਮ (ਐੱਮ.ਐੱਸ-ਆਫ਼ਿਸ) ਫ਼ਸਲਾਂ ਤੋਂ ਪ੍ਰਾਪਤ ਹੋ ਰਹੇ ਮੁਨਾਫ਼ੇ ਦਾ ਰਿਕਾਰਡ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਿਹੜੀਆਂ ਅਤੇ ਕਿੰਨੀ ਮਾਤਰਾ ਵਿਚ, ਫ਼ਸਲ ਦੀ ਪੈਦਾਵਰ ਅਤੇ ਪੌਦੇ ਦੀ ਅਬਾਦੀ ਵਿਚਕਾਰ ਤੁਲਨਾਤਮਿਕ ਵਿਸ਼ਲੇਸ਼ਣ, ਮਿੱਟੀ ਵਿਸ਼ਲੇਸ਼ਣ ਆਦਿ ਰਿਕਾਰਡ ਰੱਖਣ ਲਈ ਇਕ ਮਹਾਨ ਸੰਦ ਵਜੋਂ ਕਰ ਸਕਦਾ ਹੈ। ਪਸ਼ੂ ਖੇਤੀ ਦੇ ਨਾਲ ਸਬੰਧਤ ਕੰਪਿਊਟਰ ਅਜਿਹੇ ਸਾਫ਼ਟਵੇਅਰ ਪ੍ਰਦਾਨ ਕਰਦਾ ਹੈ ਜੋ ਪਸ਼ੂਆਂ ਦੀ ਉਮਰ, ਸਿਹਤ, ਦੁੱਧ ਉਤਪਾਦਨ, ਔਲਾਦ ਉਤਪਾਦਿਕਤਾ ਅਤੇ ਜਣਨ-ਚੱਕਰ ਆਦਿ ਦਾ ਰਿਕਾਰਡ ਰੱਖਣ ਲਈ ਵਰਤੇ ਜਾਂਦੇ ਹਨ। ਕੰਪਿਊਟਰ ਐਡਿਡ ਡਿਜ਼ਾਈਨ ਸਾਫ਼ਟਵੇਅਰ ਦੀ ਸਹਾਇਤਾ ਨਾਲ ਮਸ਼ੀਨਰੀ ਦੇ ਸਾਮਾਨ ਦੀ ਮੁਰੰਮਤ, ਅਪ-ਗ੍ਰੇਡ, ਡਿਜ਼ਾਈਨ ਵਿਚ ਤਬਦੀਲੀ ਆਦਿ ਹੋ ਸਕਦੀ ਹੈ, ਜਿਸ ਦੀ ਸਹਾਇਤਾ ਨਾਲ ਕਿਸਾਨ ਆਪਣੇ ਖੇਤੀ ਸੰਦਾਂ ਨੂੰ ਨਵਾਂ ਰੂਪ ਦੇ ਕੇ ਵਰਤ ਸਕਦਾ ਹੈ।
ਕੰਪਿਊਟਰ ਦੇ ਨਾਲ ਜੇ ਅਸੀਂ ਇੰਟਰਨੈੱਟ ਦੀ ਗੱਲ ਕਰੀਏ ਸੰਸਾਰ ਵਿਚ ਕੋਈ ਅਜਿਹਾ ਕਾਰੋਬਾਰ ਨਹੀਂ ਜੋ ਇੰਟਰਨੈੱਟ ਦੀ ਗਲੋਬਲ ਪਹੁੰਚ ਤੋਂ ਬਾਹਰ ਹੋਵੇ। ਖੇਤੀਬਾੜੀ ਦੇ ਵਿਕਾਸ ਦੇ ਸਹਿਯੋਗ ਵਿਚ ਇੰਟਰਨੈੱਟ ਇਕ ਮਹੱਤਵਪੂਰਨ ਤਕਨਾਲੋਜੀ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆੳਂਦਾ ਹੈ। ਕਿਸਾਨਾਂ ਅਤੇ ਖੇਤੀ-ਮਾਹਿਰਾਂ ਵਿਚਕਾਰ ਇੰਟਰਨੈੱਟ ਇਕ ਗਿਆਨ ਦੀ ਮੁਦਰਾ ਦੇ ਰੂਪ ਵਿਚ ਕੰਮ ਕਰਦਾ ਹੈ। ਇਸ ਦੀ ਸਹਾਇਤਾ ਨਾਲ ਇਕ ਆਮ ਕਿਸਾਨ ਦਾ ਦੂਸਰੇ ਕਿਸਾਨ ਤੋਂ ਅਤੇ ਖੇਤੀ-ਮਾਹਰਾਂ ਵਿਚਲੀ ਦੂਰੀ ਦਾ ਪਾੜਾ ਘਟਦਾ ਹੈ। ਸੋਸ਼ਲ-ਸਾਈਟਸ, ਈ-ਮੇਲ ਆਦਿ ਰਾਹੀਂ ਕਿਸਾਨ ਆਪਣੀਆਂ ਸਮੱਸਿਆਵਾਂ ਖੇਤੀ-ਮਾਹਿਰਾਂ ਅੱਗੇ ਪੇਸ਼ ਕਰ ਸਕਦੇ ਹਨ ਅਤੇ ਖੇਤੀ- ਮਾਹਿਰ ਆਪਣੇ ਗਿਆਨ ਅਤੇ ਹੁਨਰ ਨੂੰ ਕਿਸਾਨਾਂ ਵਿਚ ਵੰਡ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਫ਼ਸਲ-ਉਤਪਾਦਨ, ਮੱਛੀ-ਪਾਲਣ, ਬਾਗਬਾਨੀ, ਪਸ਼ੂ-ਪਾਲਣ, ਡੇਅਰੀ-ਫਾਰਮਿੰਗ ਅਦਿ ਧੰਦਿਆਂ ਵਿਚ ਸੁਨਹਿਰੀ ਇਨਕਲਾਬ ਲਿਆਦਾਂ ਜਾ ਸਕਦਾ ਹੈ, ਜਿਸ ਤਹਿਤ ਇਕ ਆਮ ਕਿਸਾਨ ‘ਇਕ ਸਫ਼ਲ ਕਿਸਾਨ’ ਬਣ ਸਕਦਾ ਹੈ।
ਇੰਟਰਨੈੱਟ ਦੀ ਸਹਾਇਤਾ ਨਾਲ ਕਿਸਾਨ ਮੌਜੂਦਾ ਸਟਾਕ ਮਾਰਕੀਟ ਕੌਸਟ, ਮੌਜੂਦਾ ਮੌਸਮ ਅਤੇ ਮੌਸਮ ਭਵਿੱਖਬਾਣੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਜੋ ਵਾਤਾਵਰਨ ਦੇ ਬਦਲਾਅ ਅਨੁਸਾਰ ਕਾਰਵਾਈ ਕੀਤੀ ਜਾ ਸਕੇ। ਖੇਤੀਬਾੜੀ ਨਾਲ ਸਬੰਧਤ ਕਈ ਇੰਟਰਨੈੱਟ ਸਾਈਟਸ ਮੌਜੂਦ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਕਿਸਾਨ ਆਪਣੇ-ਆਪ ਨੂੰ ਅਗਾਂਹਵਧੂ ਅਤੇ ਇਕ ਸਫ਼ਲ ਕਿਸਾਨ ਬਣ ਸਕਦਾ ਹੈ ਅਤੇ ਖੇਤੀਬਾੜੀ ਨਾਲ ਸਬੰਧਤ ਕੋਈ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ:-

ਸਰਬਜੀਤ ਕੌਰ
www.agripunjab.gov, www.agripb.gov.in
www.mandiboard.nic.in, www.pau.edu
-ਕੰਪਿਊਟਰ-ਆਪਰੇਟਰ (ਆਤਮਾ), ਜ਼ਿਲ੍ਹਾ ਮੋਗਾ।

(source Ajit)

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!