Breaking News
Home / ਤਾਜ਼ਾ ਖਬਰਾਂ / ਸੁਲਤਾਨਪੁਰ ਲੋਧੀ: ਨਾਮਵਰ ਡਾਕਟਰ ਅਮਨਪ੍ਰੀਤ ਸਿੰਘ ਭੇਦਭਰੇ ਢੰਗ ਨਾਲ ਹਸਪਤਾਲ ‘ਚੋ ਅਗਵਾ

ਸੁਲਤਾਨਪੁਰ ਲੋਧੀ: ਨਾਮਵਰ ਡਾਕਟਰ ਅਮਨਪ੍ਰੀਤ ਸਿੰਘ ਭੇਦਭਰੇ ਢੰਗ ਨਾਲ ਹਸਪਤਾਲ ‘ਚੋ ਅਗਵਾ

ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਤਲਵੰਡੀ ਰੋਡ ‘ਤੇ 50 ਬਿਸਤਰਿਆਂ ਵਾਲਾ ਮਲਟੀਸਪੈਸ਼ਲਿਟੀ ਹਸਪਤਾਲ ਚਲਾ ਰਹੇ ਇਲਾਕੇ ਦੇ ਨਾਮੀ ਡਾਕਟਰ ਅਮਨਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਦੀ ਰਾਤ ਤੜਕਸਾਰ 1 ਤੋ 2 ਵਜੇ ਦਰਮਿਆਨ ਆਪਣੇ ਹਸਪਤਾਲ ਦੇ ਉੱਪਰ ਬਣੀ ਰਿਹਾਇਸ਼ ‘ਚ ਸੁੱਤੇ ਨੂੰ ਭੇਦ ਭਰੇ ਢੰਗ ਨਾਲ ਅਗਵਾ ਕਰ ਲੈਣ ਦੀ ਸਨਸਨੀ ਖੇਜ ਖਬਰ ਮਿਲੀ ਹੈ । ਡਾਕਟਰ ਅਮਨਪ੍ਰੀਤ ਦੇ ਪਿਤਾ ਹੈਡਮਾਸਟਰ ਸੁਰਜਨ ਸਿੰਘ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਡਾਕਟਰ ਅਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਘਰੋਂ ਲਿਜਾ ਕੇ ਮਾਰ ਦੇਣ ਦਾ ਖਦਸ਼ਾ ਪ੍ਰਗਟ ਕੀਤਾ ਹੈ । ਇਸ ਮਾਮਲੇ ਦੀ ਪੜਤਾਲ ਡੀ.ਐੱਸ.ਪੀ. ਵਰਿਆਮ ਸਿੰਘ ਖਹਿਰਾ ਤੇ ਐੱਸ.ਐੱਚ.ਓ. ਸਰਬਜੀਤ ਸਿੰਘ ਵਲੋ ਕੀਤੀ ਜਾ ਰਹੀ ਹੈ ਤੇ ਪੁਲਸ ਵਲੋਂ ਡਾਕਟਰ ਨੂੰ ਜਲਦੀ ਲੱਭ ਲੈਣ ਦਾ ਵਿਸ਼ਵਾਸ਼ ਦਿਵਾਇਆ ਜਾ ਰਿਹਾ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਅਮਨਪ੍ਰੀਤ ਸਿੰਘ ਤੇ ਉਸਦੀ ਪਤਨੀ ਡਾਕਟਰ ਸੰਦੀਪ ਕੌਰ ਵਿਚਕਾਰ ਪਿਛਲੇ ਕੁਝ ਅਰਸੇ ਤੋਂ ਕਾਫੀ ਵਿਵਾਦ ਰਹਿੰਦਾ ਸੀ, ਜੋ ਡਾਕਟਰ ਦੇ ਲਾਪਤਾ ਹੋਣ ਦਾ ਕਾਰਨ ਮੰਨਿਆ ਜਾ ਰਿਹਾ ਹੈ । ਥਾਨਾ ਸੁਲਤਾਨਪੁਰ ਲੋਧੀ ਪੁਲਸ ਨੂੰ ਦਿਤੇ ਬਿਆਨ ‘ਚ ਅਮਨਪ੍ਰੀਤ ਹਸਪਤਾਲ ਦੇ ਚੇਅਰਮੈਨ ਤੇ ਡਾਕਟਰ ਅਮਨਪ੍ਰੀਤ ਦੇ ਪਿਤਾ ਰਿਟਾਇਰਡ ਹੈਡਮਾਸਟਰ ਨੇ ਆਪਣੀ ਨੂੰਹ ‘ਤੇ ਦੋਸ਼ ਲਗਾਇਆ ਹੈ ਕਿ ਉਸਨੇ ਹੀ ਡਾਕਟਰ ਅਮਨਪ੍ਰੀਤ ਸਿੰਘ ਨੂੰ ਕਿਸੇ ਨਾਲ ਮਿਲ ਕੇ ਘਰੋਂ ਰਾਤ ਨੂੰ ਅਗਵਾ ਕਰਵਾਇਆ ਹੈ ਤੇ ਸ਼ੱਕ ਪ੍ਰਗਟ ਕੀਤਾ ਕਿ ਉਸਨੂੰ ਮਰਵਾਇਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਡਾਕਟਰ ਅਮਨਪ੍ਰੀਤ ਸਿੰਘ ਆਪਣੇ ਮਿੱਤਰ ਡਾਕਟਰ ਹਰਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਡਾਕਟਰ ਤਵਨੀਤ ਸਿੰਘ ਨਾਲ ਜਲੰਧਰ ਤੋਂ ਇਕ ਇੰਡਿਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਅਟੈਂਡ ਕਰਕੇ 25 ਜਨਵਰੀ ਦੀ ਰਾਤ ਸਵਾ ਬਾਰਾਂ ਵਜੇ ਦੇ ਕਰੀਬ ਆਪਣੇ ਘਰ ਆਇਆ ਸੀ ਤੇ ਰਾਤ ਆਪਣੇ ਕੱਪੜੇ ਬਦਲ ਕੇ ਦੁੱਧ ਦਾ ਗਲਾਸ ਪੀ ਕੇ ਸੌ ਗਿਆ ਤੇ ਉਪਰੰਤ 26 ਜਨਵਰੀ ਦੀ ਤੜਕਸਾਰ 1 ਤੋ 2 ਵਜੇ ਦੇ ਕਰੀਬ ਹੀ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਅਗਵਾ ਕਰ ਲਿਆ ਤੇ ਕਿਸੇ ਅਣਪਛਾਤੀ ਥਾਂ ਲੈ ਗਏ । ਜਿਸਦਾ ਹੁਣ ਤੱਕ ਕੋਈ ਸੁਰਾਗ ਨਹੀ ਮਿਲ ਰਿਹਾ। ਦੂਜੇ ਪਾਸੇ ਡਾਕਟਰ ਅਮਨਪ੍ਰੀਤ ਸਿੰਘ ਦੀ ਪਤਨੀ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆਪਣੇ ਸਹੁਰੇ ਪਰਿਵਾਰ ਵਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਕਿਹਾ ਕਿ ਊਹ ਖੁਦ ਬਹੁਤ ਦੁਖੀ ਹੈ । ਉਨ੍ਹਾਂ ਕਿਹਾ ਕਿ ਡਾਕਟਰ ਅਮਨਪ੍ਰੀਤ ਜਲਦੀ ਘਰ ਆ ਜਾਣਗੇ । ਮਾਸਟਰ ਸੁਰਜਨ ਸਿੰਘ ਨੇ ਦੱਸਿਆ ਕਿ ਹਸਪਤਾਲ ‘ਚ ਡਾਕਟਰ ਅਮਨਪ੍ਰੀਤ ਸਿੰਘ ਨੇ ਜੋ ਸੀ.ਸੀ.ਟੀ. ਵੀ ਕੈਮਰੇ ਲਗਾਏ ਹੋਏ ਹਨ, ਦੀ ਡੀ.ਵੀ.ਆਰ. ਦੀ ਮੈਂਬਰੀ ਡਾਕਟਰ ਦੇ ਅਗਵਾ ਹੋਣ ਤੋਂ ਬਾਅਦ ਡਲੀਟ ਕਰ ਦਿੱਤੀ ਗਈ ਹੈ । ਉਨ੍ਹਾਂ ਇਹ ਵੀ ਦੱਸਿਆ ਕਿ 25 ਜਨਵਰੀ ਦੀ ਰਾਤ ਨੂੰ ਹਸਪਤਾਲ ਦੇ ਪਿਛਲੇ ਪਾਸੇ ਲੱਗੇ ਗੇਟ ਦੇ ਤਾਲੇ ਦੀ ਚਾਬੀ ਵੀ ਉਨ੍ਹਾਂ ਦੀ ਨੂੰਹ ਨੇ ਹਸਪਤਾਲ ਦੀ ਰਿਸੈਪਸ਼ਨ ਦੇ ਸਟਾਫ ਕੋਲੋਂ ਇਹ ਕਹਿ ਕੇ ਮੰਗਵਾਈ ਸੀ ਕਿ ਕੂੜਾ ਸੁੱਟਵਾਉਣਾ ਹੈ । ਇਸ ਤੋਂ ਇਲਾਵਾ ਪਿਛਲੇ ਗੇਟ ਮੁਹਰੇ ਕਿਸੇ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਲੇ ਹਨ, ਜੋ ਡਾਕਟਰ ਅਮਨਪ੍ਰੀਤ ਦੇ ਅਗਵਾ ਹੋਣ ਦੀ ਪੁਸ਼ਟੀ ਕਰਦੇ ਹਨ ।

ਕੀ ਕਹਿੰਦੇ ਹਨ ਡੀ.ਐਸ.ਪੀ. :- ਡੀ.ਐਸ. ਪੀ. ਸੁਲਤਾਨਪੁਰ ਲੋਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਨਾ ਹੀ ਕਿਹਾ ਕਿ ਡਾਕਟਰ ਨੂੰ ਕਿਸੇ ਨੇ ਵੀ ਅਗਵਾ ਨਹੀਂ ਕੀਤਾ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਡਾਕਟਰ ਅਮਨਪ੍ਰੀਤ ਸਿੰਘ ਅੱਜ ਹਰ ਹਾਲਤ ‘ਚ ਘਰ ਪਰਤ ਆਉਣਗੇ । ਉਨ੍ਹਾਂ ਡਾਕਟਰ ਦੇ ਮਾਤਾ-ਪਿਤਾ ਨੂੰ ਵੀ ਦਿਲਾਸਾ ਦਿੱਤਾ ਕਿ ਉਨ੍ਹਾਂ ਦਾ ਸਪੁੱਤਰ ਠੀਕ-ਠਾਕ ਹੈ।
ਇਸ ਤੋਂ ਇਲਾਵਾ ਡਾਕਟਰ ਹਰਜੀਤ ਸਿੰਘ , ਜੈਲਦਾਰ ਅਜੀਤਪਾਲ ਸਿੰਘ ਬਾਜਵਾ, ਚੇਅਰਮੈਨ ਸੁਖਵਿੰਦਰ ਸਿੰਘ ਸੁੱਖ, ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ , ਪ੍ਰਿੰਸੀਪਲ ਯਾਦਵਿੰਦਰ ਸਿੰਘ ਪ੍ਰਧਾਨ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਰਾਇਲ ਆਦਿ ਨੇ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਭੇਦਭਰੇ ਢੰਗ ਨਾਲ ਲਾਪਤਾ ਹੋਏ ਡਾਕਟਰ ਅਮਨਪ੍ਰੀਤ ਸਿੰਘ ਦਾ ਸੁਰਾਗ ਜਲਦੀ ਲਗਾਇਆ ਜਾਵੇ ।

(ਸਰੋਤ ਜੱਗਬਾਣੀ-ਸੁਲਤਾਨਪੁਰ ਲੋਧੀ-ਸੋਢੀ)

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!