Breaking News
Home / ਅੰਨਦਾਤਾ ਲਈ / ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਢੁਕਵਾਂ ਹੈ ਸਤੰਬਰ ਤੋਂ ਨਵੰਬਰ ਤੱਕ ਦਾ ਮੌਸਮ

ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਢੁਕਵਾਂ ਹੈ ਸਤੰਬਰ ਤੋਂ ਨਵੰਬਰ ਤੱਕ ਦਾ ਮੌਸਮ

309305__makhiਪੰਜਾਬ ਅੰਦਰ ਫੁੱਲ ਫਲਾਕੇ ਵਾਲੀਆਂ ਫ਼ਸਲਾਂ ਦੀ ਕਾਸ਼ਤ ਹੋਣ ਕਾਰਨ ਇਥੇ ਸ਼ਹਿਦ ਦੀਆਂ ਮੱਖੀਆਂ ਦੀ ਕਾਸ਼ਤ ਕਰਨੀ ਅਸਾਨ ਹੈ। ਮੱਧ ਸਤੰਬਰ ਤੋਂ ਨਵੰਬਰ ਤੱਕ ਦੇ ਦਿਨ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਕਾਫੀ ਢੁਕਵੇਂ ਹਨ। ਇਨ੍ਹਾਂ ਦਿਨਾਂ ਵਿਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਨਵਾਂ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਮੌਸਮ ਪਹਿਲਾਂ ਤੋਂ ਪਾਲੀਆਂ ਜਾ ਰਹੀਆਂ ਮੱਖੀਆਂ ਦੇ ਵਾਧੇ ਲਈ ਵੀ ਕਾਫੀ ਢੁਕਵਾਂ ਮੰਨਿਆ ਜਾਂਦਾ ਹੈ। ਮੱਖੀਆਂ ਪਾਲਣ ਦਾ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਤਾਂ ਅਜਿਹੇ ਖੇਤਰ ਦੀ ਚੋਣ ਕਰਨੀ ਚਾਹੀਦੀ ਹੈ ਜਿਸ ਦੇ ਨੇੜੇ ਤੇੜੇ ਤਕਰੀਬਨ ਸਾਰਾ ਸਾਲ ਫੁੱਲ ਫਲਾਕਾ ਰਹਿੰਦਾ ਹੋਵੇ ਅਤੇ ਪਾਣੀ ਦਾ ਪ੍ਰਬੰਧ ਕਰਨਾ ਵੀ ਆਸਾਨ ਹੋਵੇ। ਇਸ ਤੋਂ ਇਲਾਵਾ ਟਰੈਕਟਰ ਟਰਾਲੀ ਦੀ ਡੱਬਿਆਂ ਤੱਕ ਪਹੁੰਚ ਆਸਾਨ ਹੋਣ ਦੇ ਨਾਲ-ਨਾਲ ਡੱਬੇ ਰੱਖਣ ਵਾਲੀ ਥਾਂ ਪੱਧਰੀ ਸਾਫ ਸੁਥਰੀ ਅਤੇ ਹੜ੍ਹ ਦੀ ਮਾਰ ਤੋਂ ਦੂਰ ਹੋਵੇ। ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਬਕਸਿਆਂ ਦਾ ਮੂੰਹ ਦੱਖਣ-ਪੂਰਬੀ ਦਿਸ਼ਾ ਵੱਲ ਅਤੇ ਕਤਾਰਾਂ ਵਿਚ ਘੱਟੋ ਘੱਟ 10 ਫੁੱਟ ਅਤੇ ਬਕਸੇ ਤੋਂ ਬਕਸੇ ਦੀ ਦੂਰੀ 3 ਫੁੱਟ ਰੱਖਣੀ ਚਾਹੀਦੀ ਹੈ। ਇਹ ਧੰਦਾ ਸ਼ੁਰੂ ਕਰਨ ਲਈ ਦਸ ਫਰੇਮਾਂ ਵਾਲਾ ਮੱਖੀਆਂ ਪਾਲਣ ਵਾਲਾ ਡੱਬਾ, ਰਾਣੀ ਨਿਖੇੜਨ ਵਾਲੀ ਜਾਲੀ, ਸਿਰ ਅਤੇ ਚਿਹਰੇ ਉਪਰ ਪਾਉਣ ਵਾਲੀ ਜਾਲੀ, ਖੁਰਪੀ, ਧੌਂਕਣੀ, ਸੈਲਾ ਦੀਆਂ ਟੋਪੀਆਂ ਲਾਉਣ ਲਈ ਚਾਕੂ, ਟਰੇਅ, ਸ਼ਹਿਦ ਕੱਢਣ ਵਾਲੀ ਮਸ਼ੀਨ, ਬੁਨਿਆਦੀ ਸ਼ੀਟਾਂ ਅਤੇ ਰਾਣੀ ਦਾ ਪਿੰਜਰਾ ਆਦਿ ਸਮਾਨ ਦੀ ਲੋੜ ਪੈਂਦੀ ਹੈ।
ਸ਼ਹਿਦ ਦੀਆਂ ਮੱਖੀਆਂ ਪਾਲਣ ਦੌਰਾਨ ਵੱਖ-ਵੱਖ ਰੁੱਤਾਂ ਦੌਰਾਨ ਇਨ੍ਹਾਂ ਦੀ ਸਾਂਭ ਸੰਭਾਲ ਪ੍ਰਤੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਖਾਸ ਤੌਰ ‘ਤੇ ਧੁੱਪ-ਛਾਂ ਦਾ ਖਿਆਲ ਰੱਖਣਾ, ਬਕਸਿਆਂ ਨੂੰ ਫੁੱਲਾਂ ਦੇ ਨੇੜੇ ਤਬਦੀਲ ਕਰਨਾ, ਪਾਣੀ ਦਾ ਪ੍ਰਬੰਧ ਕਰਨਾ, ਮੱਖੀਆਂ ਦੇ ਅਡਰੇਵੇੇਂ ਨੂੰ ਰੋਕਣਾ, ਰਾਣੀ ਮੱਖੀ ਦੀ ਸਿਹਤ ਅਤੇ ਅੰਡੇ ਦੇਣ ਦੀ ਸਮਰਥਾ ਦੀ ਘੋਖ ਕਰਨਾ, ਫੁੱਲ-ਫਲਾਕੇ ਦੀ ਘਾਟ ਦੌਰਾਨ ਚਾਸ਼ਨੀ ਦੇਣਾ, ਕੀੜ੍ਹੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਕਰਨਾ, ਰਾਣੀ ਮੱਖੀ ਦੀ ਮੌਤ ਹੋਣ ‘ਤੇ ਨਵੀਂ ਰਾਣੀ ਮੱਖੀ ਦੇਣਾ, ਮੱਖੀਆਂ ਦੀ ਗਿਣਤੀ ਘੱਟਣ ਦੀ ਸੂਰਤ ਵਿਚ ਹੋਰ ਮੱਖੀਆਂ ਦਾ ਪ੍ਰਬੰਧ ਕਰਨਾ, ਵੱਖਰੇ ਮਖਿਆਲ ਬਣਾਉਣਾ, ਕਮਜ਼ੋਰ ਮਖਿਆਲ ਨੂੰ ਦੂਜੇ ਮਖਿਆਲਾਂ ਨਾਲ ਜੋੜਨਾ ਆਦਿ ਅਜਿਹੇ ਜ਼ਰੂਰੀ ਕੰਮ ਹਨ ਜਿਨ੍ਹਾਂ ਦਾ ਧਿਆਨ ਰੱਖੇ ਬਗੈਰ ਇਸ ਧੰਦੇ ਨੂੰ ਸਫਲ ਬਣਾਉਣਾ ਮੁਸ਼ਕਿਲ ਹੈ।
ਬਸੰਤ ਰੁੱਤ ਵੇਲੇ ਜ਼ਿਆਦਾ ਅੰਡੇ ਦੇਣ ਵਾਲੀ ਨਵੀਂ ਰਾਣੀ ਬਹਾਲ ਕਰਨੀ ਚਾਹੀਦੀ ਹੈ ਅਤੇ ਕਟੁੰਬਾਂ ਨੂੰ ਬਣੇ ਹੋਏ ਛੱਤੇ ਜਾਂ ਬੁਨਿਆਦੀ ਸ਼ੀਟਾਂ ਵਾਲੇ ਫਰੇਮ ਦੇਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬਕਸਿਆਂ ਅੰਦਰ ਮੱਖੀਆਂ ਨੂੰ ਲੋੜੀਂਦੀ ਜਗ੍ਹਾ ਦੇਣ ਲਈ ਸੁਪਰ ਚੈਂਬਰ ਬਣਾਉਣੇ ਚਾਹੀਦੇ ਹਨ। ਕਟੁੰਬ ਵਿਚ ਬੇਲੋੜੇ ਨਿਖੱਟੂ ਪੈਦਾ ਹੋਣ ਤੋਂ ਰੋਕਣ ਲਈ ਜਵਾਨ ਰਾਣੀ ਮੱਖੀ ਵਰਤਣੀ ਚਾਹੀਦੀ ਹੈ ਅਤੇ ਨਿਖੱਟੂ ਸੈਲਾਂ ਵਾਸਤੇ ਛੱਤੇ ਨਹੀਂ ਦੇਣੇ ਚਾਹੀਦੇ। ਕਟੁੰਬਾਂ ਨੂੰ ਹਵਾਦਾਰ ਬਣਾਉਣ ਦੇ ਇਲਾਵਾ ਰਾਣੀ ਨਿਖੇੜੂ ਜਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਬਰਸਾਤ ਦੇ ਦਿਨਾਂ ਵਿਚ ਮੱਖੀਆਂ ਨੂੰ ਬਾਹਰੋਂ ਖੁਰਾਕ ਲਿਆਉਣ ਲਈ ਬਹੁਤਾ ਸਮਾਂ ਨਹੀਂ ਮਿਲਦਾ ਅਤੇ ਕਟੁੰਬਾਂ ਅੰਦਰ ਸ਼ਹਿਦ ਖਤਮ ਹੋ ਜਾਂਦਾ ਹੈ। ਖੁਰਾਕ ਦੀ ਘਾਟ ਪੈਦਾ ਹੋਣ ਕਾਰਨ ਵੱਡੇ ਕਟੁੰਬ ਕਮਜ਼ੋਰ ਕਟੁੰਬਾਂ ਦੀ ਰੋਬਿੰਗ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਖੁਰਾਕ ਜ਼ਬਰਦਸਤੀ ਖੁਦ ਖਾਣੀ ਸ਼ੁਰੂ ਕਰ ਦਿੰਦੇ ਹਨ। ਇਸ ਕਾਰਨ ਇਨ੍ਹਾਂ ਦਿਨਾਂ ਦੌਰਾਨ ਮੱਖੀਆਂ ਦੀ ਗਿਣਤੀ ਬਰਕਰਾਰ ਰੱਖਣ ਲਈ ਵਰਖਾ ਰੁੱਤ ਦੇ ਸ਼ੁਰੂ ਵਿਚ ਹੀ ਕਮਜ਼ੋਰ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਹੋਰ ਰਾਣੀ ਰਹਿਤ ਕਟੁੰਬਾਂ ਨਾਲ ਮਿਲਾ ਦੇਣਾ ਚਾਹੀਦਾ ਹੈ। ਬਕਸਿਆਂ ਦੀ ਸਫਾਈ ਦਾ ਧਿਆਨ ਰੱਖਣ ਤੋਂ ਇਲਾਵਾ ਬਕਸੇ ਨੂੰ ਧੁੱਪ ਲਗਾਉਣੀ ਚਾਹੀਦੀ ਹੈ। ਫੁੱਲ ਫਲਾਕੇ ਦੀ ਘਾਟ ਵਾਲੇ ਦਿਨਾਂ ਵਿਚ ਖੁਰਾਕ ਦੀ ਘਾਟ ਨੂੰ ਪੂਰਾ ਕਰਨ ਲਈ ਮਨਸੂਈ ਖੁਰਾਕ ਸਾਰੇ ਕਟੁੰਬਾਂ ਨੂੰ ਦੇਣੀ ਚਾਹੀਦੀ ਹੈ। ਇਸ ਕੰਮ ਤੋਂ ਪਹਿਲਾਂ ਬਕਸਿਆਂ ਦੀਆਂ ਤਰੇੜਾਂ ਆਦਿ ਬੰਦ ਕਰਨ ਤੋਂ ਇਲਾਵਾ ਇਸ ਦਾ ਗੇਟ ਵੀ ਛੋਟਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਕ ਸਮੇਂ ਵਿਚ ਇਕ ਹੀ ਮੱਖੀ ਅੰਦਰ ਬਾਹਰ ਆ ਸਕੇ। ਮਨਸੂਈ ਖੁਰਾਕ ਦੇਣ ਨਾਲ ਕਟੁੰਬਾਂ ਦੀ ਰੋਬਿੰਗ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਫਿਰ ਵੀ ਤਕੜੇ ਕਟੁੰਬਾਂ ਦੀਆਂ ਮੱਖੀਆਂ ਕਮਜ਼ੋਰ ਕਟੁੰਬਾਂ ਵਿਚੋਂ ਖੁਰਾਕ ਚੋਰੀ ਕਰਦੀਆਂ ਹਨ ਤਾਂ ਘਾਹ ਨੂੰ ਇਕ ਪ੍ਰਤੀਸ਼ਤ ਕਾਰਬੋਲਿਕ ਤੇਜ਼ਾਬ ਜਾਂ ਮਿੱਟੀ ਦੇ ਤੇਲ ਵਿਚ ਭਿਉਂ ਕੇ ਕਮਜ਼ੋਰ ਕਟੁੰਬ ਦੇ ਗੇਟ ‘ਤੇ ਰੱਖ ਦੇਣਾ ਚਾਹੀਦਾ ਹੈ ਅਤੇ ਗਿੱਲੀ ਮਿੱਟੀ ਨਾਲ ਕਟੁੰਬ ਦੇ ਗੇਟ ‘ਤੇ ਬਾਟਮ ਬੋਰਡ ਦੇ ਅਗਲੇ ਸਿਰੇ ਤੱਕ ਇਕ ਹੀ ਮੱਖੀ ਦੇ ਲੰਘਣ ਲਈ ਸੁਰੰਗ ਰੂਪੀ ਰਸਤਾ ਬਣਾ ਦੇਣਾ ਚਾਹੀਦਾ ਹੈ। ਜੇਕਰ ਰੋਬਿੰਗ ਜ਼ਿਆਦਾ ਹੋਵੇ ਤਾਂ ਕਮਜ਼ੋਰ ਕਟੁੰਬ ਨੂੰ ਕੁਝ ਸਮੇਂ ਲਈ ਬੰਦ ਕਰਨ ਤੋਂ ਇਲਾਵਾ ਤਕੜੇ ਕਟੁੰਬ ਨੂੰ 3 ਕਿਲੋਮੀਟਰ ਦੀ ਦੂਰੀ ‘ਤੇ ਛੱਡ ਆਉਣਾ ਚਾਹੀਦਾ ਹੈ। ਮੋਮ ਕੀੜੇ, ਵਰੋਵਾ ਚਿੱਚੜੀ, ਭਰਿੰਡਾਂ, ਦੰਦੀਏ, ਕਾਲੇ ਕੀੜੇ, ਹਰੀ ਚਿੜੀ, ਕਾਲੀ ਚਿੜੀ ਆਦਿ ਵੀ ਮੱਖੀਆਂ ਨੂੰ ਕਾਫੀ ਨੁਕਸਾਨ ਪਹੁੰਚਾਉਂਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਲਈ ਮਾਹਿਰਾਂ ਨਾਲ ਸੰਪਰਕ ਕਰਦੇ ਰਹਿਣਾ ਚਾਹੀਦਾ ਹੈ। ਮੋਮ ਕੀੜੇ ਦੀਆਂ ਸੁੰਡੀਆਂ ਖਾਲੀ ਛੱਤੇ ਜਾਂ ਮੱਖੀਆਂ ਵਾਲੇ ਛੱਤੇ ਦੇ ਖਾਲੀ ਹਿੱਸੇ ‘ਤੇ ਹਮਲਾ ਕਰਦੀਆਂ ਹਨ ਅਤੇ ਮੋਮ ਨੂੰ ਖਾ ਕੇ ਛੱਤਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ। ਇਸ ਕਾਰਨ ਮੱਖੀਆਂ ਛੱਤੇ ਛੱਡ ਕੇ ਉਡ ਜਾਂਦੀਆਂ ਹਨ। ਇਨ੍ਹਾਂ ਦੀ ਰੋਕਥਾਮ ਲਈ ਕਟੁੰਬਾਂ ਨੂੰ ਤਕੜੇ ਕਰਨ ਤੋਂ ਇਲਾਵਾ ਬੋਟਮ ਬੋਰਡ ਨੂੰ ਸਾਫ ਰੱਖਣਾ ਚਾਹੀਦਾ ਹੈ ਅਤੇ ਬਕਸੇ ਦੀਆਂ ਤਰੇੜਾਂ ਮਿੱਟੀ ਨਾਲ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਵਾਧੂ ਛੱਤਿਆਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜੂੰਆਂ ਤੋਂ ਬਚਾਉਣ ਲਈ ਫਰੇਮਾਂ ਦੀਆਂ ਉਪਰਲੀਆਂ ਡੰਡੀਆਂ ਉਤੇ ਹਰ ਹਫਤੇ ਗੰਧਕ ਦਾ ਧੂੜਾ ਕੀਤਾ ਜਾ ਸਕਦਾ ਹੈ। ਬਾਕੀ ਦੇ ਕੀਟ ਪਤੰਗਿਆਂ ਅਤੇ ਬਿਮਾਰੀਆਂ ਦੇ ਹਮਲੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ। ਨਵੰਬਰ ਦੇ ਆਖਰੀ ਹਫਤੇ ਤਿਆਰ ਹੋਇਆ ਸ਼ਹਿਦ ਕੱਢ ਲੈਣਾ ਚਾਹੀਦਾ ਹੈ ਅਤੇ ਮੱਖੀ ਕਟੁੰਬਾਂ ਨੂੰ ਧੁੱਪ ਵਾਲੀ ਥਾਂ ‘ਤੇ ਲੈ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਮੱਸਿਆਵਾਂ ਦੇ ਹੱਲ ਅਤੇ ਇਸ ਧੰਦੇ ਨੂੰ ਸਫਲ ਬਣਾਉਣ ਲਈ ਮਾਹਿਰਾਂ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ।

ਹਰਮਨਪ੍ਰੀਤ ਸਿੰਘ
-ਉਪ-ਦਫ਼ਤਰ, ਗੁਰਦਾਸਪੁਰ।
(source Ajit)

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!