Breaking News
Home / ਉੱਭਰਦੀਆਂ ਕਲਮਾਂ / ਸ਼ੁਕਰ ਕਿ ਰੂਬੀ ਰੱਬ ਨਹੀ ਏ, ਰੱਬ ਦੇ ਵਰਗਾ ਠੱਗ ਨਹੀ ਏ-ਰੂਬੀ ਟਿੱਬੇ ਵਾਲਾ

ਸ਼ੁਕਰ ਕਿ ਰੂਬੀ ਰੱਬ ਨਹੀ ਏ, ਰੱਬ ਦੇ ਵਰਗਾ ਠੱਗ ਨਹੀ ਏ-ਰੂਬੀ ਟਿੱਬੇ ਵਾਲਾ

22

ਮਾਂ ਨਾਂ ਪੁੱਤ ਤੋਂ ਰਹਿੰਦੀ ਵਾਂਝੀ,
ਹਰ ਇਕ ਖੁਸ਼ੀ ਹੋਣੀ ਸੀ ਸਾਂਝੀ,
ਓਹ ਪਲ ਬੜੇ ਬੇ-ਮੁੱਲ ਹੋਣੇ ਸੀ,
ਹਰ ਟਾਹਣੀ ਤੇ ਫੁੱਲ ਹੋਣੇ ਸੀ,
ਨਾਂ ਚਾਅ ਕੋਈ ਦਿਲ ਵਿੱਚ ਦੱਬ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਕੁੱਖ ਅੰਦਰ ਕੋਈ ਧੀ ਨਾਂ ਮਰਦੀ,
ਨਾਂ ਕੋਈ ਬਲੀ ਦਾਜ਼ ਦੀ ਚੜ੍ਹਦੀ,
ਖੁਸ਼ੀਆਂ ਨੂੰ ਵੀ ਬੂਰ ਪੈਣੇ ਸੀ,
ਗਮ ਤਾਂ ਕੋਹਾਂ ਦੂਰ ਰਹਿਣੇ ਸੀ,
ਨਾ ਪਾਪ ਭਾਲਿਆਂ ਲੱਭ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਦੁੱਖ ਤਕਲੀਫ ਨਾਂ ਹੁੰਦੀ ਬਿਮਾਰੀ,
ਤੰਦਰੁਸਤ ਹੁੰਦੀ ਦੁਨੀਆ ਸਾਰੀ,
ਦਰਦ ਪੀੜ ਨਾਂ ਉੱਠਦੀਆਂ ਚੀਸਾਂ,
ਜੰਨਤ ਕਰਦੀ ਸਾਡੀਆਂ ਰੀਸਾਂ,
ਨਾਂ ਜਨਮ ਮਰਨ ਦਾ ਯੱਭ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਨਫਰਤ ਦਿਲ ਵਿਚ ਬੀਜ਼ ਨਾਂ ਹੁੰਦੀ,
ਨਸ਼ੇ ਦੇ ਨਾਂਅ ਦੀ ਚੀਜ਼ ਨਾਂ ਹੁੰਦੀ,
ਨਾਂ ਅੱਧ ਖਿੜਿਆ ਮੁਰਝਾਓਂਦਾ ਬੰਦਾ,
ਪੂਰੀ ਉਮਰ ਹੰਢਾਉਂਦਾ ਬੰਦਾ,
ਪਿਆਰ ਨਾਂ ਦਿਲੋ ਅਲੱਗ ਹੁੰਦਾ,
ਪਰ ਜੇਕਰ ਮੈ ਰੱਬ ਹੁੰਦਾ।
—————————–
ਨਾਂ ਕਿਤੇ ਡੁੱਲ੍ਹਦੀ ਰੱਤ ਹੋਣੀ ਸੀ,
ਹਰ ਇਕ ਸਿਰ ਤੇ ਛ੍‍ੱਤ ਹੋਣੀ ਸੀ,
ਨਾਂ ਤਨ ਕਿਸੇ ਦਾ ਹੁੰਦਾ ਨੰਗਾ,
ਠੰਡ ਵਿਚ ਨਾਂ ਫਿਰ ਠਰਦਾ ਬੰਦਾ,
ਮੈ ਬਲਦਾ ਬਣ ਕੇ ਅੱਗ ਹੁੰਦਾ,
ਪਰ ਜੇਕਰ ਮੈਂ ਰੱਬ ਹੁੰਦਾ।
—————————–
ਬੰਜ਼ਰ ਧਰਤੀ ਦਿਸੇ ਨਾਂ ਖਾਲ਼ੀ,
ਹਰ ਥਾਂ ਤੇ ਹੁੰਦੀ ਹਰਿਆਲੀ,
ਚਾਨਣੀਆਂ ਰਾਤਾਂ ਹੀ ਹੁੰਦੀਆਂ,
ਗਮ ਦੀ ਰਾਤ ਨਾਂ ਹੁੰਦੀ ਕਾਲ਼ੀ,
ਕਿੰਨਾਂ ਸੋਹਣਾਂ ਇਹ ਜਗ ਹੁੰਦਾ
ਪਰ ਜੇਕਰ ਮੈਂ ਰੱਬ ਹੁੰਦਾ।
—————————–
ਸ਼ੁਕਰ ਕਿ ਰੂਬੀ ਰੱਬ ਨਹੀ ਏ,
ਰੱਬ ਦੇ ਵਰਗਾ ਠੱਗ ਨਹੀ ਏ,
ਰੱਬ ਹੁੰਦਾ ਮੇਰਾ ਨਾਂਅ ਨਾਂ ਵਿਕਦਾ,
ਡੇਰਿਆਂ ਵਿਚ ਥਾਂ ਥਾਂ ਨਾਂ ਵਿਕਦਾ,
ਨਾਂ ਮਗਰ ਭੇਡਾਂ ਦਾ ਵੱਗ ਹੁੰਦਾ,
ਪਰ…ਜੇਕਰ ਮੈ ਰੱਬ ਹੁੰਦਾ।
ਪਰ ਜੇਕਰ ਮੈ ਰੱਬ ਹੁੰਦਾ।
-ਰੂਬੀ ਟਿੱਬੇ ਵਾਲਾ

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!