ਸੂਹੀ ਮਹਲਾ ੫ ॥ ਸਾਧਸੰਗਿ ਤਰੈ ਭੈ ਸਾਗਰੁ ॥ ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥ ਸਿਮਰਿ ਸਿਮਰਿ ਜੀਵਾ ਨਾਰਾਇਣ ॥ ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥ ਜੀਵਨ ਪਦਵੀ ਹਰਿ ਕਾ ਨਾਉ ॥ ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥ ਆਠ ਪਹਰ ਪਾਰਬ੍ਰਹਮੁ ਧਿਆਈਐ ॥ ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥ ਸਰਣਿ ਪਏ ਜਪਿ ਦੀਨ ਦਇਆਲਾ ॥ ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥ {ਅੰਗ 744}
ਪਦਅਰਥ: ਸਾਧ ਸੰਗਿ—ਗੁਰੂ ਦੀ ਸੰਗਤਿ ਵਿਚ। ਤਰੈ—ਪਾਰ ਲੰਘ ਜਾਂਦਾ ਹੈ। ਭੈ—{ਲਫ਼ਜ਼ ‘ਭਉ’ ਤੋਂ ਬਹੁ-ਵਚਨ}। ਸਾਗਰੁ—(ਸੰਸਾਰ-) ਸਮੁੰਦਰ। ਸਿਮਰਿ—ਸਿਮਰ ਕੇ। ਰਤਨਾਗਰੁ—{रत्नाकर} ਰਤਨਾਂ ਦੀ ਖਾਣਿ।੧।
ਜੀਵਾ—ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਸੋਗ—ਗ਼ਮ। ਸਭਿ—ਸਾਰੇ। ਮਿਲਿ—ਮਿਲ ਕੇ। ਤਜਾਇਣ—ਤਜੇ ਜਾਂਦੇ ਹਨ।੧।ਰਹਾਉ।
ਪਦਵੀ—ਦਰਜਾ, ਪਿਆਰ। ਸਾਚੁ—ਸਦਾ-ਥਿਰ ਪ੍ਰਭੂ (ਦਾ ਮਿਲਾਪ)। ਸੁਆਉ—ਸੁਆਰਥ, ਜ਼ਿੰਦਗੀ ਦਾ ਨਿਸ਼ਾਨਾ।੨।
ਧਿਆਈਐ—ਸਿਮਰਨਾ ਚਾਹੀਦਾ ਹੈ। ਪੂਰਬਿ—ਪੂਰਬਲੇ ਜਨਮ ਵਿਚ।੩।
ਜਪਿ—ਜਪ ਕੇ। ਨਾਨਕ ਜਾਚੈ—ਨਾਨਕ ਮੰਗਦਾ ਹੈ। ਰਵਾਲਾ—ਚਰਨ—ਧੂੜ।੪।
ਅਰਥ: ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਭਾਈ! ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ।੧।ਰਹਾਉ।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ ਮਨੁੱਖ ਡਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੧।
ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ। (ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ।੨।
ਹੇ ਭਾਈ! ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ, ਪਰ ਇਹ ਦਾਤਿ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ।੩।
ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੨੮।੩੪।
Check Also
Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib
Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ …