Breaking News
Home / ਅੰਨਦਾਤਾ ਲਈ / ਮਧੂ ਮੱਖੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਹੋਈ ਸਰਕਾਰ।

ਮਧੂ ਮੱਖੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਹੋਈ ਸਰਕਾਰ।

235619__makhi
ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਇਲਾਵਾ ਕਣਕ ਝੋਨੇ ਦੇ ਫ਼ਸਲੀ ਚੱਕਰ ਨਾਲ ਪੈਦਾ ਹੋ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਜਿੱਥੇ ਆਉਣ ਵਾਲੇ ਪੰਜ ਸਾਲਾਂ ਦੌਰਾਨ ਇਸ ਫ਼ਸਲੀ ਚੱਕਰ ਵਿਚੋਂ ਕਿਸਾਨਾਂ ਨੂੰ ਕੱਢਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉੱਥੇ ਸਰਕਾਰ ਵੱਲੋਂ ਸਹਾਇਕ ਧੰਦਿਆਂ ਦੀ ਪ੍ਰਫੁਲਤਾ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਪਿਛਲੇ ਦਿਨੀਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਵੱਡੀ ਪੱਧਰ ‘ਤੇ ਉਤਸ਼ਾਹਿਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਜਿਸ ਤਹਿਤ ਪੰਜਾਬ ਅੰਦਰ ਜਾਇੰਟ ਡਾਇਰੈਕਟਰ ਪੱਧਰ ਦੇ ਇਕ ਅਧਿਕਾਰੀ ਨੂੰ ਇਸੇ ਕਾਰਜ ਲਈ ਤਾਇਨਾਤ ਕਰਕੇ ਮਧੂ ਮੱਖੀ ਪਾਲਕਾਂ ਲਈ ਲਾਭਕਾਰੀ ਨੀਤੀਆਂ ਬਣਾਉਣ ਦੇ ਇਲਾਵਾ ਉਨ੍ਹਾਂ ਦੀ ਆਰਥਿਕ ਸਥਿਰਤਾ ਬਣਾਈ ਰੱਖਣ ਲਈ ਪ੍ਰੋਗਰਾਮ ਬਣਾਉਣ ਦੇ ਹੁਕਮ ਕੀਤੇ ਗਏ ਸਨ। ਇਸ ਧੰਦੇ ਵਿਚ ਮਾਰਕੀਟਿੰਗ ਦੀ ਸਮੱਸਿਆ ਦੇ ਹੱਲ ਲਈ ਸ: ਬਾਦਲ ਨੇ ਸ਼ਹਿਦ ਦੀ ਵਿਗਿਆਨਿਕ ਢੰਗ ਨਾਲ ਪ੍ਰੋਸੈਸਿੰਗ ਕਰਨ ਉਪਰੰਤ ਮਾਰਕਫੈੱਡ ਰਾਹੀਂ ਮਾਰਕੀਟਿੰਗ ਕਰਨ ਦੀ ਗੱਲ ਕਹੀ ਸੀ। ਇਸ ਕਾਰਨ ਆਉਣ ਵਾਲੇ ਸਮੇਂ ਵਿਚ ਜੇਕਰ ਸ: ਬਾਦਲ ਦੇ ਇਸ ਉਪਰਾਲੇ ਸਦਕਾ ਜੇਕਰ ਸ਼ਹਿਦ ਦਾ ਮੰਡੀਕਰਨ ਹੋਣ ਦੇ ਇਲਾਵਾ ਹੋਰ ਮੁਸ਼ਕਿਲਾਂ ਹੱਲ ਹੁੰਦੀਆਂ ਹਨ ਤਾਂ ਇਹ ਧੰਦਾ ਕਾਫ਼ੀ ਲਾਹੇਵੰਦ ਬਣ ਸਕਦਾ ਹੈ।
ਪੰਜਾਬ ਅੰਦਰ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਹੋਣ ਕਾਰਨ ਇਥੇ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਬਹੁਤ ਸੰਭਾਵਨਾ ਹੈ ਕਿਉਂਕਿ ਇਨ੍ਹਾਂ ਨੂੰ ਆਪਣੀ ਖੁਰਾਕ ਲਈ ਫੁੱਲ ਫੁਲਾਕਾ ਆਸਾਨੀ ਨਾਲ ਮਿਲ ਜਾਂਦਾ ਹੈ। ਭਾਵੇਂ ਸਾਲ ਦੇ ਜ਼ਿਆਦਾਤਰ ਮਹੀਨਿਆਂ ਦੌਰਾਨ ਇਨ੍ਹਾਂ ਮੱਖੀਆਂ ਨੂੰ ਖੁਰਾਕ ਦੇਣ ਸਬੰਧੀ ਕੋਈ ਬਹੁਤੀ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਪਰ ਇਸ ਦੇ ਬਾਵਜੂਦ ਵੀ ਵੱਖ-ਵੱਖ ਰੁੱਤਾਂ ਦੌਰਾਨ ਇਨ੍ਹਾਂ ਦੀ ਦੇਖਭਾਲ ਕਰਨ ਸਬੰਧੀ ਕਈ ਅਹਿਮ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।
ਅੱਜਕਲ੍ਹ ਬਰਸਾਤ ਵਾਲੇ ਦਿਨ ਸ਼ਹਿਦ ਦੀਆਂ ਮੱਖੀਆਂ ਲਈ ਬਹੁਤੇ ਸੁਖਾਵੇਂ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਵਰਖਾ ਹੋਣ ਤੋਂ ਇਲਾਵਾ ਬਦਲ ਛਾਏ ਰਹਿੰਦੇ ਹਨ ਅਤੇ ਨਮੀ ਵਿਚ ਵੀ ਵਾਧਾ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਮੱਖੀਆਂ ਨੂੰ ਬਾਹਰੋਂ ਖ਼ੁਰਾਕ ਲਿਆਉਣ ਲਈ ਬਹੁਤਾ ਸਮਾਂ ਨਹੀਂ ਮਿਲਦਾ ਅਤੇ ਕਟੁੰਬਾਂ ਅੰਦਰ ਸ਼ਹਿਦ ਖ਼ਤਮ ਹੋ ਜਾਂਦਾ ਹੈ। ਖ਼ੁਰਾਕ ਦੀ ਘਾਟ ਪੈਦਾ ਹੋਣ ਕਾਰਨ ਵੱਡੇ ਕਟੁੰਬ ਕਮਜ਼ੋਰ ਕਟੁੰਬਾਂ ਦੀ ਰੋਬਿੰਗ ਸ਼ੁਰੂ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਖ਼ੁਰਾਕ ਜ਼ਬਰਦਸਤੀ ਖ਼ੁਦ ਖਾਣੀ ਸ਼ੁਰੂ ਕਰ ਦਿੰਦੇ ਹਨ। ਇਸ ਕਾਰਨ ਮੱਖੀਆਂ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਦਿਨਾਂ ਦੌਰਾਨ ਮੱਖੀਆਂ ਦੀ ਗਿਣਤੀ ਬਰਕਰਾਰ ਰੱਖਣ ਲਈ ਵਰਖਾ ਰੁੱਤ ਦੇ ਸ਼ੁਰੂ ਵਿਚ ਹੀ ਕਮਜ਼ੋਰ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਹੋਰ ਰਾਣੀ ਰਹਿਤ ਕਟੁੰਬਾ ਨਾਲ ਮਿਲਾ ਦੇਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੌਰਾਨ ਬਕਸੇ ਦੇ ਫ਼ਰਸ਼ ‘ਤੇ ਪਏ ਕੂੜੇ-ਕਰਕਟ ਵਿਚ ਮੋਮ ਕੀੜੇ ਦੀਆਂ ਸੁੰਡੀਆਂ ਪਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਬਾਅਦ ਵਿਚ ਮੱਖੀਆਂ ਅਤੇ ਛੱਤਿਆਂ ਦਾ ਨੁਕਸਾਨ ਕਰਦੀਆਂ ਹਨ। ਇਸ ਲਈ ਬਕਸਿਆਂ ਦੀ ਸਫ਼ਾਈ ਦਾ ਧਿਆਨ ਰੱਖਣ ਤੋਂ ਇਲਾਵਾ ਬਕਸੇ ਨੂੰ ਧੁੱਪ ਲਗਾਉਣੀ ਚਾਹੀਦੀ ਹੈ। ਇਨ੍ਹਾਂ ਦਿਨਾਂ ਦੌਰਾਨ ਕਟੁੰਬ ਵਿਚ ਹੁੰਮਸ ਹੋ ਜਾਂਦਾ ਹੈ ਜਿਸ ਕਰਕੇ ਮੱਖੀਆਂ ਬਕਸਿਆਂ ਦੇ ਗੇਟ ਅੱਗੇ ਝੁੰਡ ਬਣਾ ਲੈਂਦੀਆਂ ਹਨ। ਇਸ ਲਈ ਵਰਖਾ ਦੇ ਦਿਨਾਂ ਦੌਰਾਨ ਬਕਸਿਆਂ ਦਾ ਆਲਾ ਦੁਆਲਾ ਸਾਫ਼ ਕਰਕੇ ਇਨ੍ਹਾਂ ਨੂੰ ਉੱਚੀ ਜਗ੍ਹਾ ‘ਤੇ ਹਵਾਦਾਰ ਬਣਾ ਕੇ ਰੱਖਣਾ ਚਾਹੀਦਾ ਹੈ।
ਫੁੱਲ ਫਲਾਕੇ ਦੀ ਘਾਟ ਅਤੇ ਮੌਸਮ ਦੀ ਖ਼ਰਾਬੀ ਕਾਰਨ ਪੈਦਾ ਹੁੰਦੀ ਖ਼ੁਰਾਕ ਦੀ ਘਾਟ ਨੂੰ ਪੂਰਾ ਕਰਨ ਲਈ ਇਕ ਹਿੱਸਾ ਖੰਡ ਅਤੇ ਇਕ ਹਿੱਸਾ ਪਾਣੀ ਤੋਂ ਤਿਆਰ ਕੀਤੀ ਗਈ ਮਨਸੂਈ ਖ਼ੁਰਾਕ ਸਾਰੇ ਕਟੁੰਬਾਂ ਨੂੰ ਦੇਰ ਸ਼ਾਮ ਨੂੰ ਦੇਣੀ ਚਾਹੀਦੀ ਹੈ। ਇਸ ਕੰਮ ਤੋਂ ਪਹਿਲਾਂ ਬਕਸਿਆਂ ਦੀਆਂ ਤਰੇੜਾਂ ਆਦਿ ਬੰਦ ਕਰਨ ਤੋਂ ਇਲਾਵਾ ਇਸ ਦਾ ਗੇਟ ਵੀ ਛੋਟਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਕ ਸਮੇਂ ਵਿਚ ਇਕ ਹੀ ਮੱਖੀ ਅੰਦਰ ਬਾਹਰ ਆ ਸਕੇ। ਇਸ ਖ਼ੁਰਾਕ ਨੂੰ ਖ਼ਾਲੀ ਫਰੇਮ ਦੇ ਮੋਮੀ ਘਰਾਂ ਵਿਚ ਸਿੱਧਾ ਹੀ ਪਾ ਕੇ ਫਰੇਮ ਨੂੰ ਡੱਬੇ ਵਿਚ ਰੱਖ ਦੇਣਾ ਚਾਹੀਦਾ ਹੈ ਅਤੇ ਜਾਂ ਫਿਰ ਇਸ ਨੂੰ ਕਿਸੇ ਖੁੱਲ੍ਹੇ ਭਾਂਡੇ ਵਿਚ ਪਾ ਕੇ ਉਸ ਵਿਚ ਚੌੜੀਆਂ ਫੱਟੀਆਂ ਰੱਖ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਮੱਖੀਆਂ ਬਿਨਾਂ ਡੁੱਬੇ ਅਤੇ ਲਿੱਬੜੇ ਖ਼ੁਰਾਕ ਲੈ ਸਕਣ। ਮਨਸੂਈ ਖ਼ੁਰਾਕ ਦੇਣ ਨਾਲ ਕਟੁੰਬਾਂ ਦੀ ਰੋਬਿੰਗ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਫਿਰ ਵੀ ਤਕੜੇ ਕਟੁੰਬਾਂ ਦੀਆਂ ਮੱਖੀਆਂ ਕਮਜ਼ੋਰ ਕਟੁੰਬਾਂ ਵਿਚੋਂ ਖ਼ੁਰਾਕ ਚੋਰੀ ਕਰਦੀਆਂ ਹਨ ਤਾਂ ਘਾਹ ਨੂੰ ਇਕ ਪ੍ਰਤੀਸ਼ਤ ਕਾਰਬੋਲਿਕ ਤੇਜ਼ਾਬ ਜਾਂ ਮਿੱਟੀ ਦੇ ਤੇਲ ਵਿਚ ਭਿਉਂ ਕੇ ਕਮਜ਼ੋਰ ਕਟੁੰਬ ਦੇ ਗੇਟ ‘ਤੇ ਰੱਖ ਦੇਣਾ ਚਾਹੀਦਾ ਹੈ ਅਤੇ ਗਿੱਲੀ ਮਿੱਟੀ ਨਾਲ ਕਟੁੰਬ ਦੇ ਗੇਟ ‘ਤੇ ਬਾਟਮ ਬੋਰਡ ਦੇ ਅਗਲੇ ਸਿਰੇ ਤੱਕ ਇਕ ਹੀ ਮੱਖੀ ਦੇ ਲੰਘਣ ਲਈ ਸੁਰੰਗ ਰੂਪੀ ਰਸਤਾ ਬਣਾ ਦੇਣਾ ਚਾਹੀਦਾ ਹੈ।
ਜੇਕਰ ਰੋਬਿੰਗ ਜ਼ਿਆਦਾ ਹੋਵੇ ਤਾਂ ਕਮਜ਼ੋਰ ਕਟੁੰਬ ਨੂੰ ਕੁੱਝ ਸਮੇਂ ਲਈ ਬੰਦ ਕਰਨ ਤੋਂ ਇਲਾਵਾ ਤਕੜੇ ਕਟੁੰਬ ਨੂੰ 3 ਕਿੱਲੋਮੀਟਰ ਦੀ ਦੂਰੀ ‘ਤੇ ਛੱਡ ਦੇਣਾ ਆਉਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੌਰਾਨ ਮੋਮ ਕੀੜੇ, ਵਰੋਵਾ ਚਿੱਚੜੀ, ਭਰਿੰਡਾਂ, ਦੰਦੀਏ, ਕਾਲੇ ਕੀੜੇ, ਹਰੀ ਚਿੜੀ, ਕਾਲੀ ਚਿੜੀ ਆਦਿ ਵੀ ਮੱਖੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਲਈ ਮਾਹਿਰਾਂ ਨਾਲ ਸੰਪਰਕ ਕਰਦੇ ਰਹਿਣਾ ਚਾਹੀਦਾ ਹੈ। ਮੋਮ ਕੀੜੇ ਦੀਆਂ ਸੁੰਡੀਆਂ ਖ਼ਾਲੀ ਛੱਤੇ ਜਾਂ ਮੱਖੀਆਂ ਵਾਲੇ ਛੱਤੇ ਦੇ ਖ਼ਾਲੀ ਹਿੱਸੇ ‘ਤੇ ਹਮਲਾ ਕਰਦੀਆਂ ਹਨ ਅਤੇ ਮੋਮ ਨੂੰ ਖਾ ਕੇ ਛੱਤਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ। ਇਸ ਕਾਰਨ ਮੱਖੀਆਂ ਛੱਤੇ ਛੱਡ ਕੇ ਉੱਡ ਜਾਂਦੀਆਂ ਹਨ। ਇਨ੍ਹਾਂ ਦੀ ਰੋਕਥਾਮ ਲਈ ਕਟੁੰਬਾਂ ਨੂੰ ਤਕੜੇ ਕਰਨ ਤੋਂ ਇਲਾਵਾ ਬੋਟਮ ਬੋਰਡ ਨੂੰ ਸਾਫ਼ ਰੱਖਣਾ ਚਾਹੀਦਾ ਹੈ ਅਤੇ ਬਕਸੇ ਦੀਆਂ ਤਰੇੜਾਂ ਮਿੱਟੀ ਨਾਲ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਵਾਧੂ ਛੱਤਿਆਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਜੂੰਆਂ ਤੋਂ ਬਚਾਉਣ ਲਈ ਫਰੇਮਾਂ ਦੀਆਂ ਉੱਪਰਲੀਆਂ ਡੰਡੀਆਂ ਉੱਤੇ ਹਰ ਹਫ਼ਤੇ ਗੰਧਕ ਦਾ ਧੂੜਾ ਕੀਤਾ ਜਾ ਸਕਦਾ ਹੈ। ਬਾਕੀ ਦੇ ਕੀਟ ਪਤੰਗਿਆਂ ਅਤੇ ਬਿਮਾਰੀਆਂ ਦੇ ਹਮਲੇ ਪ੍ਰਤੀ ਪੂਰੀ ਤਰਾਂ ਸੁਚੇਤ ਰਹਿਣਾ ਚਾਹੀਦਾ ਹੈ। ਬਰਸਾਤ ਦੇ ਦਿਨਾਂ ਦੌਰਾਨ ਡੱਬਿਆਂ ਨੂੰ ਉੱਚੇ ਸਥਾਨ ‘ਤੇ ਰੱਖ ਕੇ ਪਾਣੀ ਤੋਂ ਬਚਾਉਣਾ ਚਾਹੀਦਾ ਹੈ।

ਹਰਮਨਪ੍ਰੀਤ ਸਿੰਘ
-ਗੁਰਦਾਸਪੁਰ।

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!