Breaking News
Home / ਅੰਨਦਾਤਾ ਲਈ / ਭਿੰਡੀ ਦੀ ਸਫ਼ਲ ਕਾਸ਼ਤ ਦੇ ਉੱਨਤ ਢੰਗ

ਭਿੰਡੀ ਦੀ ਸਫ਼ਲ ਕਾਸ਼ਤ ਦੇ ਉੱਨਤ ਢੰਗ

MINOLTA DIGITAL CAMERAਭਿੰਡੀ ਦੀ ਸਫ਼ਲ ਕਾਸ਼ਤ ਦੇ ਉੱਨਤ ਢੰਗ

ਭਾਰਤ ਦੁਨੀਆ ਵਿਚ ਭਿੰਡੀ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਪੰਜਾਬ ਵਿਚ ਇਸ ਫਸਲ ਦੇ ਹੇਠ ਲਗਭਗ 2.64 ਹਜ਼ਾਰ ਹੈਕਟੇਅਰ ਰਕਬਾ ਅਤੇ 27.48 ਹਜ਼ਾਰ ਟਨ ਪੈਦਾਵਾਰ ਹੁੰਦੀ ਹੈ। ਭਿੰਡੀ ਗਰਮ ਅਤੇ ਦਰਮਿਆਨੇ-ਗਰਮ ਮੌਸਮ ਦੀ ਫ਼ਸਲ ਹੈ। ਇਸ ਦੀ ਸਫ਼ਲ ਪੈਦਾਵਾਰ ਵਾਸਤੇ ਇਕ ਲੰਮਾ ਗਰਮ ਅਤੇ ਸਿਲ੍ਹਾ ਮੌਸਮ ਚਾਹੀਦਾ ਹੈ। ਭਿੰਡੀ ਦੇ ਬੀਜ ਦੀ ਪੁੰਗਰਣ ਸ਼ਕਤੀ ਤਾਪਮਾਨ ‘ਤੇ ਨਿਰਭਰ ਕਰਦੀ ਹੈ। ਭਿੰਡੀ ਦੇ ਬੀਜ 20 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੋਂ ਥੱਲੇ ਨਹੀਂ ਪੁੰਗਰਦੇ ਅਤੇ ਪੁੰਗਰਨ ਵਾਸਤੇ ਢੁੱਕਵਾਂ ਤਾਪਮਾਨ 29 ਡਿਗਰੀ ਸੈਂਟੀਗ੍ਰੇਡ ਹੈ। ਭਿੰਡੀ ਦੀ ਸਫਲ ਕਾਸ਼ਤ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ:
ਖੇਤ ਦੀ ਚੋਣઠ: ਭਿੰਡੀ ਹਰ ਤਰ੍ਹਾਂ ਦੀ ਜ਼ਮੀਨ ਦੇ ਵਿਚ ਪੈਦਾ ਕੀਤੀ ਜਾ ਸਕਦੀ ਹੈ। ਜ਼ਮੀਨ ਭੁਰਭੁਰੀ ਹੋਣੀ ਚਾਹੀਦੀ ਹੈ। ਹਲਕੀ ਅਤੇ ਰੇਤਲੀ-ਮੈਰਾ ਤੋਂ ਮੈਰਾ-ਜ਼ਮੀਨ ਇਸ ਫਸਲ ਦੀ ਸਫ਼ਲ ਕਾਸ਼ਤ ਦੇ ਲਈ ਢੁੱਕਵੀਂ ਹੈ। ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿ ਸਕਦੀ ਹੈ।
ਕਿਸਮਾਂ ਦੀ ਚੋਣ
ਪੰਜਾਬ-8 : ਇਸ ਕਿਸਮ ਦੇ ਬੂਟੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਸ ਕਿਸਮ ਦੇ ਤਣੇ ਤੇ ਜਾਮਣੀ ਰੰਗ ਦੇ ਡੱਬ ਹੁੰਦੇ ਹਨ। ਇਸ ਦੇ ਪੱਤੇ ਡੂੰਘੇ ਕੱਟਵੇਂ ਅਤੇ ਕਿਨਾਰੇ ਘੱਟ ਦੰਦਿਆਂ ਵਾਲੇ ਹੁੰਦੇ ਹਨ। ਪੱਤੇ, ਤਣੇ ਅਤੇ ਡੰਡੀ ਉੱਤੇ ਘੱਟ ਲੂੰ ਹੁੰਦੇ ਹਨ। ਇਸ ਦੇ ਫ਼ਲ ਪਤਲੇ, ਲੰਮੇ, ਗੂੜ੍ਹੇ ਹਰੇ ਰੰਗ ਦੇ ਅਤੇ ਪੰਜ ਨੁਕਰਾਂ ਵਾਲੇ ਹੁੰਦੇ ਹਨ। ਇਸ ਕਿਸਮ ਵਿਚ ਪੀਲੀਏ ਨੂੰ ਸਹਿਣ ਦੀ ਸਮੱਰਥਾ ਹੁੰਦੀ ਹੈ। ਇਹ ਕਿਸਮ ਜੈਸਿਡ ਤੇ ਚਿੱਤਕਬਰੀ ਸੁੰਡੀ ਦੇ ਹਮਲੇ ਨੂੰ ਸਹਾਰ ਸਕਦੀ ਹੈ। ਇਹ ਕਿਸਮ ਡੱਬਾਬੰਦੀ ਵਾਸਤੇ ਵੀ ਚੰਗੀ ਹੈ। ਇਸ ਦਾ ਔਸਤ ਝਾੜ 55 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਲਈ ਢੁੱਕਵੀਂ ਹੈ।
ਪੰਜਾਬ 7: ਇਸ ਦੇ ਬੂਟੇ ਦਰਮਿਆਨੇ ਉੱਚੇ ਅਤੇ ਤਣੇ ‘ਤੇ ਜਾਮਣੀ ਡੱਬ ਹੁੰਦੇ ਹਨ। ਇਸ ਦੇ ਪੱਤੇ ਡੂੰਘੇ ਕੱਟਵੇਂ ਅਤੇ ਕਿਨਾਰੇ ਘੱਟ ਦੰਦਿਆਂ ਵਾਲੇ ਹੁੰਦੇ ਹਨ। ਪੱਤੇ, ਤਣੇ ਅਤੇ ਡੰਡੀ ਉੱਤੇ ਘੱਟ ਲੂੰ ਹੁੰਦੇ ਹਨ। ਡੰਡੀ ਦਾ ਹੇਠਲਾ ਹਿੱਸਾ ਗੂੜ੍ਹਾ ਜਾਮਣੀ ਰੰਗ ਦਾ ਹੁੰਦਾ ਹੈ। ਪੱਤੇ, ਫਲ ਅਤੇ ਡੰਡੀ ਉੱਤੇ ਲੂੰ ਹੁੰਦੇ ਹਨ। ਇਸ ਦੇ ਫ਼ਲ ਦਰਮਿਆਨੇ ਲੰਮੇ ਹਰੇ ਰੰਗ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਫ਼ਲ ਦੀ ਨੋਕ ਖੁੰਡੀ ਹੁੰਦੀ ਹੈ। ਇਸ ਕਿਸਮ ਵਿਚ ਪੀਲੀਏ ਨੂੰ ਸਹਿਣ ਦੀ ਸਮਰੱਥਾ ਹੁੰਦੀ ਹੈ। ਇਸ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਵੀ ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਦੀ ਬਿਜਾਈ ਲਈ ਢੁੱਕਵੀਂ ਹੈ।
ਪੰਜਾਬ ਪਦਮਨੀ: ਇਸ ਦੇ ਬੂਟੇ ਦੇ ਤਣੇ ਅਤੇ ਡੰਡੀ ਉੱਤੇ ਜਾਮਣੀ ਧੱਬੇ ਹੁੰਦੇ ਹਨ। ਇਸ ਦੇ ਪੱਤੇ ਲੂਆਂ ਵਾਲੇ ਅਤੇ ਫ਼ਲ ਤੇਜ਼ੀ ਨਾਲ ਵਧਣ ਵਾਲੇ, ਗੂੜ੍ਹੇ ਹਰੇ ਰੰਗ ਦੇ, ਪਤਲੇ ਲੰਮੇ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ ਜੋ ਕਿ ਜ਼ਿਆਦਾ ਦੇਰ ਤਕ ਨਰਮ ਰਹਿੰਦੇ ਹਨ। ਇਸ ਕਿਸਮ ਨੂੰ ਪੀਲੀਏ ਦੀ ਬਿਮਾਰੀ ਘੱਟ ਲਗਦੀ ਹੈ ਅਤੇ ਇਸ ਦੀ ਨਵੀਂ ਫੋਟ ਨੂੰ ਪੀਲੀਏ ਦੀ ਬਿਮਾਰੀ ਦੀਆਂ ਨਿਸ਼ਾਨੀਆਂ ਕਾਫ਼ੀ ਦੇਰ ਬਾਅਦ ਆਉਂਦੀਆਂ ਹਨ। ਇਸ ਕਿਸਮ ਦੇ ਫ਼ਲਾਂ ਦੀ ਪਹਿਲੀ ਤੁੜਾਈ ਬੀਜਣ ਦੇ 60 ਦਿਨਾਂ ਤੋਂ ਬਾਅਦ ਕੀਤੀ ਜਾ ਸਕਦੀ ਹੈ। ਇਹ ਕਿਸਮ ਬਰਸਾਤ ਅਤੇ ਬਹਾਰ ਰੁੱਤ ਦੇ ਦੋ ਮੌਸਮੀ ਹਲਾਤਾਂ ਦੇ ਵਿਚ ਉਗਾਈ ਜਾ ਸਕਦੀ ਹੈ। ਇਸ ਕਿਸਮ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦਾ ਢੰਗ : ਭਿੰਡੀ ਦੀ ਬਿਜਾਈ ਦਾ ਸਮਾਂ ਬਹਾਰ ਰੁੱਤ ਅਤੇ ਗਰਮੀਆਂ ਵਿਚ ਫ਼ਰਵਰੀ-ਮਾਰਚ ਹੁੰਦਾ ਹੈ ਅਤੇ ਬਰਸਾਤ ਦੀ ਫ਼ਸਲ ਦੀ ਬਿਜਾਈ ਜੂਨ-ਜੁਲਾਈ ਦੇ ਮਹੀਨੇ ਦੇ ਵਿਚ ਕੀਤੀ ਜਾਂਦੀ ਹੈ। ਭਿੰਡੀ ਦੇ ਬੀਜ ਦੀ ਮਾਤਰਾ ਮੌਸਮ ਦੇ ਮੁਤਾਬਕ ਹੁੰਦੀ ਹੈ। ਬਹਾਰ ਰੁੱਤ ਅਤੇ ਗਰਮੀਆਂ ਦੇ ਵਿਚ (ਫ਼ਰਵਰੀ-ਮਾਰਚ) 8-10 ਕਿਲੋ ਬੀਜ ਅਤੇ ਜੂਨ-ਜੁਲਾਈ ਦੇ ਵਿਚ 4-6 ਕਿਲੋ ਬੀਜ ਦੀ ਲੋੜ ਹੁੰਦੀ ਹੈ। ਭਿੰਡੀ ਦੇ ਬੀਜ ਦਾ ਛਿਲਕਾ ਕਾਫ਼ੀ ਮੋਟਾ ਹੁੰਦਾ ਹੈ, ਇਸ ਲਈ ਇਸ ਦੇ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਲਈ ਪਾਣੀ ਵਿਚ ਭਿਉਣਾ ਜ਼ਰੂਰੀ ਹੈ। ਇਸ ਦੀ ਬਿਜਾਈ ਫਰਵਰੀ-ਮਾਰਚ ਵਿਚ ਵੱਟਾਂ ‘ਤੇ ਅਤੇ ਜੂਨ-ਜੁਲਾਈ ਵਿਚ ਪੱਧਰੇ ਕਰਨੀ ਚਾਹੀਦੀ ਹੈ। ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟੇ ਤੋਂ ਬੂੱਟੇ ਦਾ ਫ਼ਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ। ਪਿਛੇਤੀ ਬਿਜਾਈ ਵਾਸਤੇ ਫ਼ਾਸਲਾ ਥੋੜ੍ਹਾ ਜਿਹਾ ਵਧਾਉਣਾ ਚਾਹੀਦਾ ਹੈ।
ਖਾਦਾਂઠ: ਭਿੰਡੀ ਦੀ ਫ਼ਸਲ ਨੂੰ 15-20 ਟਨ ਰੂੜੀ ਦੀ ਲੋੜ ਹੁੰਦੀ ਹੈ ਜਿਸ ਨੂੰ ਚੰਗੀ ਤਰ੍ਹਾਂ ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ ਰਲਾਉਣਾ ਚਾਹੀਦਾ ਹੈ। ਵਧੇਰੇ ਝਾੜ ਲੈਣ ਲਈ 36 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ ਸਿਫ਼ਾਰਸ਼ ਕੀਤੀ ਜਾਂਦੀ ਹੈ। ਅੱਧੀ ਯੂਰੀਆ ਬੀਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾਉ।
ਨਦੀਨਾਂ ਦੀ ਰੋਕਥਾਮઠ: ਨਦੀਨਾਂ ਦੀ ਰੋਕਥਾਮ ਗੋਡੀਆਂ ਅਤੇ ਨਦੀਨਨਾਸ਼ਕਾਂ ਰਾਹੀਂ ਕੀਤੀ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਕੁੱਲ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਫ਼ਸਲ ਉਗਣ ਤੋਂ 15 ਦਿਨ ਬਾਅਦ ਕਰੋ। ਇਸ ਪਿੱਛੋਂ 15-15 ਦਿਨ ਦੇ ਵਕਫ਼ੇ ‘ਤੇ ਕਰੋ। ਨਦੀਨਨਾਸ਼ਕਾਂ ਰਾਹੀਂ ਫ਼ਸਲ ਬੀਜਣ ਤੋਂ 4 ਦਿਨ ਪਹਿਲਾਂ 800 ਮਿਲੀਲਿਟਰ ਤੋਂ ਇਕ ਲਿਟਰ ਬਾਸਾਲਿਨ 45 ਈ. ਸੀ. (ਫਲੂਕਲੋਰਾਲਿਨ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ। ਛਿੜਕਾਅ ਪਿੱਛੋਂ ਖੇਤ ਵਿਚ ਹੈਰੋ ਜ਼ਰੂਰ ਫੇਰੋ। ਬਾਸਾਲਿਨ ਤੋਂ ਇਲਾਵਾ 2 ਲਿਟਰ ਲਾਸੋ ਪ੍ਰਤੀ ਏਕੜ ਬਿਜਾਈ ਤੋਂ ਇਕ ਦਿਨ ਪਿੱਛੋਂ 200-225 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਸਪਰੇਅ ਕਰੋ। ਜੇਕਰ ਸਪਰੇਅ ਕਰਨ ਪਿੱਛੋਂ ਵੀ ਖੇਤ ਵਿਚ ਕਾਫ਼ੀ ਨਦੀਨ ਜਾਪਣ ਤਾਂ ਬਿਜਾਈ ਤੋਂ 60 ਦਿਨਾਂ ਬਾਅਦ ਇਕ ਗੋਡੀ ਕਰੋ। ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਜਾਂ 750 ਮਿਲੀਲਿਟਰ ਸਟੌਂਪ ਪ੍ਰਤੀ ਏਕੜ + 1 ਗੋਡੀ ਪ੍ਰਤੀ ਏਕੜ ਬਿਜਾਈ ਤੋਂ ਇਕ ਦਿਨ ਪਿੱਛੋਂ ਵੀ ਨਦੀਨਾਂ ਦੀ ਰੋਕਥਾਮ ਕਰਨ ਵਿਚ ਬਰਾਬਰ ਕਾਮਯਾਬ ਹਨ।
ਸਿੰਚਾਈઠ: ਬੀਜਣ ਵੇਲੇ ਖੇਤ ਵਿਚ ਵਤਰ ਹੋਣਾ ਚਾਹੀਦਾ ਹੈ। ਗਰਮੀਆਂ ਵਿਚ ਪਹਿਲਾ ਪਾਣੀ ਬੀਜਣ ਤੋਂ 4-5 ਦਿਨ ਬਾਅਦ ਲਗਾਉ ਅਤੇ ਫਿਰ 6-7 ਦਿਨ ਦੇ ਵਕਫ਼ੇ ‘ਤੇ ਲਾਉ। ਬਹਾਰ ਰੁੱਤ ਵਿਚ 10-12 ਦਿਨ ਬਾਅਦ ਅਤੇ ਬਰਸਾਤ ਵਿਚ ਘੱਟ ਸਿੰਚਾਈ ਦੀ ਲੋੜ ਹੁੰਦੀ ਹੈ। ਕੁੱਲ 10-12 ਪਾਣੀਆਂ ਦੀ ਲੋੜ ਹੁੰਦੀ ਹੈ।

ਬੀਜ ਉਤਪਾਦਨઠ: ਬੀਜ ਦੇ ਉਤਪਾਦਨ ਵਾਸਤੇ ਭਿੰਡੀ ਦੀਆਂ ਦੂਜੀਆਂ ਕਿਸਮਾਂ ਤੋਂ ਘੱਟੋ ਘੱਟ 200 ਮੀਟਰ ਦਾ ਫ਼ਾਸਲਾ ਰੱਖਣਾ ਜ਼ਰੂਰੀ ਹੈ। ਇਕ ਏਕੜ ਵਾਸਤੇ 5-6 ਕਿਲੋ ਬੀਜ ਦੀ ਮਾਤਰਾ ਦੀ ਲੋੜ ਹੁੰਦੀ ਹੈ। ਬੀਜ ਵਾਲੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਨੂੰ ਪੱਧਰੀ ਕਰਕੇ ਬੂਟਿਆਂ ਵਿਚ 25 ਸੈਂਟੀਮੀਟਰ ਅਤੇ ਕਤਾਰਾਂ ਵਿਚ 60 ਸੈਂਟੀਮੀਟਰ ਦਾ ਫ਼ਾਸਲਾ ਰੱਖਣਾ ਚਾਹੀਦਾ ਹੈ। ਸ਼ੁੱਧ ਬੀਜ ਦੀ ਪ੍ਰਾਪਤੀ ਲਈ ਖੇਤ ਦਾ ਪਹਿਲਾ ਨਿਰੀਖਣ ਫ਼ੁੱਲ ਆਉਣ ਤੋਂ ਪਹਿਲਾਂ, ਦੂਜਾ ਫ਼ੁੱਲ ਆਉਣ ਤੇ ਅਤੇ ਤੀਜਾ ਫ਼ਸਲ ਦੀ ਤੁੜਾਈ ਸਮੇਂ ਕਰਨਾ ਜ਼ਰੂਰੀ ਹੈ। ਵਾਧੂ ਅਤੇ ਬੀਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਬੀਜ ਵਾਲੀ ਫ਼ਸਲ 90 – 100 ਦਿਨਾਂ ਦੇ ਵਿਚ ਤਿਆਰ ਹੋ ਜਾਂਦੀ ਹੈ ਅਤੇ ਇਸ ਤੋਂ 3-4 ਤੁੜਾਈਆਂ ਲਈ ਜਾ ਸਕਦੀਆਂ ਹਨ। ਪੱਕੇ ਹੋਏ ਫ਼ਲਾਂ ਨੂੰ ਤੋੜ ਕੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ। ਬੀਜਾਂ ਨੂੰ ਫ਼ਲਾਂ ਤੋਂ ਕੱਢ ਕੇ ਸਾਫ਼ ਕਰ ਕੇ ਨਮੀ ਰਹਿਤ ਜਗ੍ਹਾ ‘ਤੇ ਸਾਂਭ ਕੇ ਰੱਖਣਾ ਚਾਹੀਦਾ ਹੈ। ਇਕ ਏਕੜ ਵਿਚੋਂ ਤਕਰੀਬਨ 5-6 ਕੁਇੰਟਲ ਬੀਜ ਦੀ ਪੈਦਾਵਾਰ ਹੁੰਦੀ ਹੈ।

ਕੀੜੇ-ਮਕੌੜੇ: ਜੈਸਿਡ: ਇਸ ਕੀੜੇ ਦਾ ਰੰਗ ਗਰਮੀਆਂ ਵਿਚ ਹਰਾ ਅਤੇ ਸਰਦੀਆਂ ਵਿਚ ਲਾਲ ਭੂਰਾ ਹੁੰਦਾ ਹੈ। ਛੋਟੇ ਕੀੜੇ ਖੰਭਾਂ ਰਹਿਤ ਹੁੰਦੇ ਹਨ ਜਿਸ ਕਾਰਨ ਇਹ ਉੱਡ ਨਹੀਂ ਸਕਦੇ। ਜਵਾਨ ਕੀੜੇ ਦੀ ਲੰਬਾਈ 3 ਮਿਲੀਮੀਟਰ ਹੁੰਦੀ ਹੈ। ਇਸ ਕੀੜੇ ਦਾ ਹਮਲਾ ਮਈ ਤੋਂ ਸਤੰਬਰ ਮਹੀਨੇ ਦੌਰਾਨ ਹੁੰਦਾ ਹੈ। ਇਸ ਕੀੜੇ ਦੇ ਬੱਚੇ ਅਤੇ ਜਵਾਨ ਤੇਲੇ ਪੱਤਿਆਂ ਦੇ ਹੇਠਲੇ ਪਾਸੇ ਬੈਠ ਕੇ ਰਸ ਚੂਸਦੇ ਹਨ ਜਿਸ ਕਾਰਨ ਪੱਤੇ ਕਿਨਾਰਿਆਂ ਤੋਂ ਪੀਲੇ ਹੋ ਕੇ ਤਾਂਬੇ ਵਰਗੇ ਹੋ ਜਾਂਦੇ ਹਨ ਅਤੇ ਬਾਅਦ ਵਿਚ ਉਪਰ ਵੱਲ ਮੁੜ ਕੇ ਠੂਠੀ ਬਣ ਜਾਂਦੇ ਹਨ। ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿਚ ਪੱਤੇ ਝੜ ਜਾਂਦੇ ਹਨ।

ਰੋਕਥਾਮ: 15 ਦਿਨ ਦੇ ਫਰਕ ਨਾਲ ਇਕ ਜਾਂ ਦੋ ਵਾਰੀ 560 ਮਿਲੀਲਿਟਰ ਮੈਲਾਥੀਆਨ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਜੇਕਰ ਭਿੰਡੀ ਨੂੰ ਬੀਜ ਪਕਾਉਣ ਲਈ ਰੱਖਿਆ ਹੋਵੇ ਤਾਂ ਬਿਜਾਈ ਸਮੇਂ 8 ਕਿਲੋ ਥੀਮਟ 10 ਜੀ ਸਿਆੜਾਂ ਵਿਚ ਪਾ ਦਿਉ ਜਾਂ 15 ਦਿਨਾਂ ਦੇ ਬਾਅਦ 250 ਮਿਲੀਲਿਟਰ ਰੋਗਰ 30 ਈ. ਸੀ. (ਡਾਈਮੈਥੋਏਟ) ਜਾਂ 20 ਗ੍ਰਾਮ ਪ੍ਰਾਈਡ 20 ਐਸ. ਪੀ. (ਅੇਸਿਟਾਮੀਪਰਿਡ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ 15 ਦਿਨਾਂ ਦੇ ਫਰਕ ਨਾਲ ਸਪਰੇਅ ਕਰੋ।
ਨੋਟ : 1. ਦਾਣੇਦਾਰ ਜ਼ਹਿਰਾਂ ਦਸਤਾਨੇ ਪਹਿਨ ਕੇ ਵਰਤੋ। 2. ਬੀਜ ਵਾਲੀ ਫ਼ਸਲ ਲਈ ਦੱਸੀਆਂ ਜ਼ਹਿਰਾਂ ਦੀ ਵਰਤੋਂ ਸ਼ਬਜੀ ਵਾਲੀ ਫ਼ਸਲ ‘ਤੇ ਨਾ ਕਰੋ।

ਚਿਤਕਬਰੀ ਸੁੰਡੀ: ਇਸ ਦਾ ਹਮਲਾ ਉਪਰਲੀਆਂ ਟਾਹਣੀਆਂ ਅਤੇ ਫ਼ਲ ਲੱਗਣ ਤੋਂ ਬਾਅਦ ਇਹ ਸੁੰਡੀ ਫ਼ਲਾਂ ਵਿਚ ਮੋਰੀਆਂ ਕਰ ਦਿੰਦੀ ਹੈ। ਹਮਲੇ ਕਾਰਨ ਫ਼ਲਾਂ ਦਾ ਆਕਾਰ ਵਿਗੜ ਜਾਂਦਾ ਹੈ ਜਿਸ ਕਾਰਨ ਮੰਡੀ ਵਿਚ ਸਹੀ ਮੁੱਲ ਨਹੀ ਮਿਲਦਾ।

ਰੋਕਥਾਮ
ਸਬਜ਼ੀ ਵਾਲੀ ਭਿੰਡੀ ਉੱਪਰ : ਫ਼ੁੱਲ ਪੈਣ ਉਪਰੰਤ 500 ਗ੍ਰਾਮ ਸੇਵਿਨ/ ਹੈਕਸਾਵਿਨ 50 ਡਬਲਯੂ ਪੀ (ਕਾਰਬੇਰਿਲ) ਜਾਂ 350 ਮਿਲੀ ਲਿਟਰ ਥਾਇਓਡਾਨ 35 ਈ ਸੀ (ਐਂਡੋਸਲਫਾਨ) ਜਾਂ 100 ਮਿਲੀਲਿਟਰ ਸੁਮੀਸਿਡੀਨ 20 ਈ. ਸੀ. (ਫੈਨਵੈਲਰੇਟ), ਜਾਂ 80 ਮਿਲੀਲਿਟਰ ਸਿੰਬੁਸ਼ 25 ਈ. ਸੀ. (ਸਾਈਪਰਮੈਥਰਿਨ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ 15 -15 ਦਿਨਾਂ ਦੇ ਵਕਫੇ ਨਾਲ ਸਪਰੇਅ ਕਰੋ ।

ਬੀਜ ਵਾਲੀ ਭਿੰਡੀ ਉੱਪਰ: ਜਦੋਂ 20-30 ਪ੍ਰਤੀਸ਼ਤ ਬੂਟਿਆਂ ਦੀਆਂ ਕਰੂੰਬਲਾਂ ਮੁਰਝਾਅ ਜਾਣ ਤਾਂ 100 ਮਿਲੀਲਿਟਰ ਸੁਮੀਸਿਡੀਨ 20 ਈ. ਸੀ. (ਫੈਨਵੈਲਰੇਟ), ਜਾਂ 80 ਮਿਲੀਲਿਟਰ ਸਿੰਬੁਸ਼ 25 ਈ. ਸੀ. (ਸਾਈਪਰਮੈਥਰਿਨ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਮਕੋੜਾ ਜੂੰ: ਇਹ ਜੂੰ ਪੱਤਿਆਂ ਦੇ ਹੇਠਾਂ ਜਾਲੇ ਬਣਾ ਕੇ ਰਸ ਚੂਸਦੀ ਹੈ ਜਿਸ ਕਾਰਨ ਪੱਤੇ ਸੁੱਕ ਕੇ ਝੜ ਜਾਂਦੇ ਹਨ।

ਰੋਕਥਾਮ : ਹਮਲਾ ਹੋਣ ਦੀ ਸੂਰਤ ਵਿਚ 250 ਮਿਲੀ ਲਿਟਰ ਮੈਟਾਸਿਸਟਾਕਸ 25 ਈ. ਸੀ. (ਔਕਸੀਡੈਮੇਟੋਨ ਮੀਥਾਈਲ) ਜਾਂ ਰੋਗਰ 30 ਈ. ਸੀ. (ਡਾਈਮੈਥੋਏਟ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ
ਸਬਜ਼ੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!