Breaking News
Home / ਅੰਨਦਾਤਾ ਲਈ / ਬਾਸਮਤੀ ਦੀ ਫ਼ਸਲ ਤੋਂ ਪੂਰਾ ਲਾਭ ਲਓ।

ਬਾਸਮਤੀ ਦੀ ਫ਼ਸਲ ਤੋਂ ਪੂਰਾ ਲਾਭ ਲਓ।

60131923ਪੰਜਾਬ ‘ਚ ਝੋਨੇ ਦੀ ਕਾਸ਼ਤ ਲਗਭਗ 27.75 ਲੱਖ ਹੈਕਟੇਅਰ ਰਕਬੇ ‘ਤੇ ਮੁਕੰਮਲ ਹੋ ਚੁੱਕੀ ਹੈ। ਇਸ ਵਿਚੋਂ 6.5 ਲੱਖ ਹੈਕਟੇਅਰ ਦੇ ਕਰੀਬ ਰਕਬਾ ਬਾਸਮਤੀ ਕਿਸਮਾਂ ਦੀ ਕਾਸ਼ਤ ਥੱਲੇ ਹੈ। ਇਸ ਵਿਚੋਂ ਇਕ ਅਨੁਮਾਨ ਅਨੁਸਾਰ 80 ਫੀਸਦੀ ਤੋਂ ਵੱਧ ਰਕਬੇ ‘ਤੇ ਪੂਸਾ ਬਾਸਮਤੀ 1121 ਤੇ ਪੂਸਾ ਪੰਜਾਬ ਬਾਸਮਤੀ 1509 ਜਿਹੀਆਂ ਅੱਧ-ਮਧਰੀਆਂ ਕਿਸਮਾਂ ਬੀਜੀਆਂ ਗਈਆਂ ਹਨ। ਇਕ-ਚੌਥਾਈ ਰਕਬੇ ਦਾ ਬਾਸਮਤੀ ਦੀ ਕਾਸ਼ਤ ਥੱਲੇ ਆਉਣਾ ਇਕ ਖੁਸ਼ਗਵਾਰ ਕਦਮ ਹੈ। ਇਸ ਨਾਲ ਰਾਜ ਦੀ ਖੇਤੀ ‘ਚ ਫ਼ਸਲੀ ਵਿਭਿੰਨਤਾ ਤੇ ਵੰਨ-ਸੁਵੰਨਤਾ ਆਈ ਹੈ। ਬਾਸਮਤੀ ਦੀ ਕਾਸ਼ਤ ਵਧਣਾ ਪੰਜਾਬ ਲਈ ਗੌਰਵ ਵਾਲੀ ਗੱਲ ਹੈ। ਪੰਜਾਬ ਦੀ ਬਾਸਮਤੀ ਨੂੰ ਅੰਤਰਰਾਸ਼ਟਰੀ ਮੰਡੀ ‘ਚ ਸਨਮਾਨ ਹਾਸਲ ਹੈ ਭਾਵੇਂ ਪਿਛਲੇ ਕੁਝ ਸਮੇਂ ਦੌਰਾਨ ਜ਼ਹਿਰਾਂ ਦੇ ਅੰਨ੍ਹੇਵਾਹ ਪ੍ਰਯੋਗ ਨਾਲ ਵਿਦੇਸ਼ਾਂ ‘ਚ ਭੇਜੀ ਜਾ ਰਹੀ ਬਾਸਮਤੀ ਸਬੰਧੀ ਬਰਾਮਦਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਅਣਗੌਲਿਆਂ ਕਰਕੇ ਵਧੇਰੇ ਉਤਪਾਦਕਤਾ ਦੀ ਤਾਂਘ ਨਾਲ ਕਿਸਾਨ ਜ਼ਹਿਰ ਵੱਧ ਇਸਤੇਮਾਲ ਕਰਦੇ ਹਨ। ਪਿਛਲੇ ਸਾਲ ਭਾਰਤ ‘ਚੋਂ 19000 ਕਰੋੜ ਰੁਪਏ ਦੀ ਬਾਸਮਤੀ ਖਾੜੀ ਦੇ ਤੇ ਹੋਰ ਦੂਜੇ ਮੁਲਕਾਂ ਨੂੰ ਨਿਰਯਾਤ ਕੀਤੀ ਗਈ। ਇਸ ਵਿਚੋਂ ਤਕਰੀਬਨ 75-80 ਫੀਸਦੀ ਚੌਲ ਭਾਰਤੀ ਖੇਤੀ ਖੋਜ ਸੰਸਥਾਨ (ਪੂਸਾ) ਵੱਲੋਂ ਵਿਕਸਿਤ ਕੀਤੀਆਂ ਗਈਆਂ ਪੂਸਾ ਬਾਸਮਤੀ 1121, ਪੂਸਾ ਬਾਸਮਤੀ 6 (ਪੂਸਾ 1401) ਤੇ ਇੰਪਰੂਵਡ ਪੂਸਾ ਬਾਸਮਤੀ 1460 (ਪੀ.ਬੀ. 1) ਆਦਿ ਕਿਸਮਾਂ ਦਾ ਸੀ। ਨਿਰਯਾਤ ‘ਚ ਭਾਰਤ ਦੇ ਮੁਕਾਬਲੇ ‘ਚ ਕੇਵਲ ਪਾਕਿਸਤਾਨ ਹੈ।
ਬਾਸਮਤੀ ਦੀ ਕਾਸ਼ਤ ਦੇ ਰਾਜ ਅਤੇ ਇਸ ਦੇ ਕਿਸਾਨਾਂ ਨੂੰ ਬੜੇ ਫਾਇਦੇ ਹਨ। ਹੁਣ ਸੱਤ ਫੀਸਦੀ ਮੰਡੀ ਕਰ ਖਤਮ ਕੀਤੇ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਘੱਟੋ-ਘੱਟ ਖਰੀਦ ਕੀਮਤ ਮੁਕਰਰ ਕਰਨ ਦੇ ਫੈਸਲੇ ਉਪਰੰਤ ਬਾਸਮਤੀ ਆਰਥਿਕ ਤੌਰ ਤੇ ਉਤਪਾਦਕਾਂ ਲਈ ਲਾਹੇਵੰਦ ਮੰਨੀ ਜਾਣ ਲੱਗ ਪਈ ਹੈ। ਨਵੀਆਂ ਕਿਸਮਾਂ ਦੇ ਵਿਕਸਿਤ ਹੋਣ ਨਾਲ ਅਤੇ ਪੰਜਾਬ ਦਾ ਵਾਤਾਵਰਨ ਤੇ ਭੌਂ ਇਸ ਦੇ ਉਗਾਉਣ ਲਈ ਅਨੁਕੂਲ ਹੋਣ ਕਾਰਨ ਉਤਪਾਦਕਤਾ ਵੀ ਰਵਾਇਤੀ ਬਾਸਮਤੀ ਨਾਲੋਂ ਢਾਈ ਗੁਣਾ ਦੇ ਕਰੀਬ ਹੈ। ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੇ ਸੇਤੀਆ ਅਨੁਸਾਰ ਇਸ ਸਾਲ ਬਾਸਮਤੀ ਦੀ ਨਿਰਯਾਤ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੋਣ ਦੀ ਸੰਭਾਵਨਾ ਹੈ। ਬਰਾਮਦਕਾਰਾਂ ਤੇ ਸ਼ੈਲਰਾਂ ਕੋਲ ਪਿਛਲੇ ਸਾਲ ਦਾ ਸਟਾਕ ਨਾਮਾਤਰ ਹੀ ਹੈ। ਪਿਛਲੇ ਸਾਲ ਵਪਾਰੀਆਂ ਨੇ ਖੱਟਿਆ, ਇਸ ਸਾਲ ਕਿਸਾਨਾਂ ਨੂੰ ਵਧੇਰੇ ਲਾਭ ਹੋਣ ਦੀ ਸੰਭਾਵਨਾ ਹੈ। ਪੀ. ਬੀ. 1121 ਤੇ 1509 ਕਿਸਮਾਂ 3000 ਰੁਪਏ ਕੁਇੰਟਲ ਤੀਕ ਵਿਕਣ ਦੀ ਆਸ ਹੈ। ਜਦੋਂ ਕਿ ਪਿਛਲੇ ਸਾਲ ਕੁਝ ਕਿਸਾਨਾਂ ਨੂੰ 2000 ਰੁਪਏ ਕੁਇੰਟਲ ਤੋਂ ਵੀ ਘੱਟ ਭਾਅ ‘ਤੇ ਆਪਣੀ ਪੈਦਾਵਾਰ ਵੇਚਣੀ ਪਈ ਸੀ।
ਭਾਰਤੀ ਖੇਤੀ ਖੋਜ ਸੰਸਥਾਨ ਦੇ ਚੌਲਾਂ ਦੇ ਮੁਖੀ ਬਰੀਡਰ ਡਾ: ਏ. ਕੇ. ਸਿੰਘ ਕਹਿੰਦੇ ਹਨ ਕਿ ਪੂਰਾ ਫਾਇਦਾ ਲੈਣ ਲਈ ਕਿਸਾਨਾਂ ਨੂੰ ਬਾਸਮਤੀ ਕਿਸਮਾਂ ਦੀ ਸਮੇਂ ਸਿਰ ਬਿਜਾਈ ਕਰਨੀ ਚਾਹੀਦੀ ਹੈ। ਪੂਸਾ ਬਾਸਮਤੀ 1121 ਕਿਸਮ ਪੱਕਣ ਨੂੰ 137 ਤੋ 145 ਦਿਨ ਲੈਂਦੀ ਹੈ ਅਤੇ ਪੂਸਾ ਪੰਜਾਬ ਬਾਸਮਤੀ 1509 ਕਿਸਮ 110 ਤੋਂ 115 ਦਿਨ। ਕਿਸਾਨਾਂ ਨੂੰ ਪੂਸਾ ਪੰਜਾਬ ਬਾਸਮਤੀ 1509 ਕਿਸਮ 20 ਜੁਲਾਈ ਤੋਂ ਬਾਅਦ ਟਰਾਂਸਪਲਾਂਟ ਕਰਨੀ ਚਾਹੀਦੀ ਸੀ ਅਤੇ ਟਰਾਂਸਪਲਾਂਟਿੰਗ ਵੇਲੇ ਪਨੀਰੀ 25-30 ਦਿਨਾਂ ਤੋਂ ਵੱਧ ਨਹੀਂ ਸੀ ਹੋਣੀ ਚਾਹੀਦੀ। ਇਹ ਦੋਵੇਂ ਕਿਸਮਾਂ ਦਾ ਬੀਜ ਬਾਵਿਸਟਨ + ਸਟ੍ਰੈਪਟੋਸਾਈਕਲੀਨ + ਐਮਾਸੀਨ 6 ਨਾਲ ਸ਼ੋਧ ਲੈਣਾ ਜ਼ਰੂਰੀ ਸੀ। ਫੇਰ ਪਨੀਰੀ ਪੁੱਟ ਕੇ ਇਸ ਦੀਆਂ ਜੜ੍ਹਾਂ ਨੂੰ ਬਾਵੀਸਟਿਨ ਤੇ ਪਾਣੀ ਦੇ ਘੋਲ ‘ਚ 8 ਘੰਟੇ ਤੀਕ ਰੱਖਣਾ ਲੋੜੀਂਦਾ ਸੀ। ਡਾ: ਏ. ਕੇ. ਸਿੰਘ ਅਨੁਸਾਰ ਕਈ ਉਤਪਾਦਕਾਂ ਨੇ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਅਣਗੌਲਿਆਂ ਕਰ ਛੱਡਿਆਂ ਅਤੇ ਪੂਸਾ ਪੰਜਾਬ ਬਾਸਮਤੀ 1509 (ਜੋ ਨਵੀਂ ਕਿਸਮ ਸੀ) ਦਾ ਅਸ਼ੁੱਧ ਬੀਜ ਕਾਸ਼ਤ ਕਰ ਦਿੱਤਾ। ਹੁਣ ਫ਼ਸਲ ‘ਬਕਾਨਾ’ ਰੋਗ (ਫੁੱਟ ਰੌਟ) ਦਾ ਸ਼ਿਕਾਰ ਹੋ ਗਈ। ਇਸ ਉੱਲੀ ਦੇ ਰੋਗ ਕਾਰਨ ਬਿਮਾਰ ਬੂਟੇ ਪੀਲੇ ਪੈ ਗਏ ਅਤੇ ਥੱਲੇ ਤੋਂ ਉੱਪਰ ਵੱਧ ਕੇ ਮੁਰਝਾ ਕੇ ਸੁੱਕ ਗਏ। ਡਾ: ਸਿੰਘ ਵੱਲੋਂ ਕੀਤੇ ਗਏ ਸਰਵੇਖਣ ਤੋਂ ਪ੍ਰਤੱਖ ਹੋਇਆ ਕਿ ਕਿਸਾਨ ਬਕਾਨੇ ਦੀ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਡੀਲਰਾਂ ਦੀ ਸਿਫਾਰਿਸ਼ਾਂ ਤੇ ਅਣਲੋੜੀਂਦੀਆਂ ਮਹਿੰਗੀਆਂ ਦਵਾਈਆਂ ਫ਼ਸਲ ‘ਤੇ ਪਾਈ ਜਾ ਰਹੇ ਹਨ। ਜਿਨ੍ਹਾਂ ਦਾ ਕੋਈ ਲਾਭ ਨਹੀਂ ਹੋ ਰਿਹਾ। ਕਿਸਾਨਾਂ ਨੂੰ ਇਹ ਬੂਟੇ ਪੁੱਟ ਕੇ ਦਬਾ ਦੇਣੇ ਚਾਹੀਦੇ ਹਨ ਅਤੇ ਫ਼ਸਲ ‘ਚ ਬਾਵਿਸਟੀਨ ਜਾਂ ‘ਸਾਫ਼’ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਭਾਵੇਂ ਛਿੜਕਾਅ ਦਾ ਹੁਣ ਬਹੁਤਾ ਫ਼ਾਇਦਾ ਨਾ ਹੋਵੇ ਪਰ ਬਿਮਾਰੀ ਰਹਿਤ ਦਾਣਾ ਬਣਨ ਦੀ ਸੰਭਾਵਨਾ ਹੋ ਜਾਵੇਗੀ। ਜੇ ਫ਼ਸਲ ਤੋਂ ਬੀਜ ਬਣਾਉਣਾ ਹੋਵੇ ਤਾਂ ਨਿੱਸਰਨ ਵੇਲੇ ਟਿਲਟ 25 ਈ. ਸੀ. 200 ਮਿਲੀਲਿਟਰ 200 ਲਿਟਰ ਪਾਣੀ ‘ਚ ਮਿਲਾ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਵਧੀਆ ਗੁਣਵੱਤਾ ਵਾਲੀ ਬਾਸਮਤੀ ਲਈ ਇਸ ਫ਼ਸਲ ਨੂੰ ਕੁਝ ਠੰਢੇ ਤਾਪਮਾਨ ‘ਚ ਪਕਾਉਣਾ ਚਾਹੀਦਾ ਹੈ। ਦਾਣੇ ਪੈਣ ਸਮੇਂ ਜੇ ਤਾਪਮਾਨ ਵੱਧ ਹੋਵੇਗਾ ਤਾਂ ਬਾਸਮਤੀ ਦੇ ਗੁਣ ਘਟ ਜਾਣਗੇ, ਖੁਸ਼ਬੂ ਨਹੀਂ ਪਵੇਗੀ ਅਤੇ ਚੌਲ ਪਕਾਉਣ ਨਾਲ ਘੱਟ ਲੰਮੇ ਹੋਣਗੇ ਤੇ ਜੁੜ ਜਾਣਗੇ। ਸ੍ਰੀ ਵਿਜੇ ਸੇਤੀਆ ਅਨੁਸਾਰ ਅਜਿਹੇ ਉਤਪਾਦਕਾਂ ਨੂੰ ਮੰਡੀ ‘ਚ ਭਾਅ ਵੀ ਘੱਟ ਮਿਲੇਗਾ।
ਪੂਸਾ ਬਾਸਮਤੀ 1121 ਦੀ ਫ਼ਸਲ ਨੂੰ 37 ਕਿਲੋ ਯੂਰੀਆ ਪ੍ਰਤੀ ਏਕੜ ਦੋ ਕਿਸ਼ਤਾਂ ਵਿਚ ਪਾਉਣਾ ਚਾਹੀਦਾ ਹੈ। ਪਹਿਲੀ ਕਿਸ਼ਤ ਖੇਤ ‘ਚ ਪਨੀਰੀ ਲਾਉਣ ਤੋਂ ਤਿੰਨ ਹਫ਼ਤੇ ਬਾਅਦ ਅਤੇ ਦੂਜੀ ਛੇ ਹਫ਼ਤੇ ਪਿੱਛੋਂ ਪਾਓ। ਯੂਰੀਆ ਪਾਉਣ ਤੋਂ ਪਹਿਲਾਂ ਖੇਤ ਦਾ ਪਾਣੀ ਬਾਹਰ ਕੱਢ ਦਿਓ ਅਤੇ ਤੀਜੇ ਦਿਨ ਪਾਣੀ ਦਿਓ। ਪੂਸਾ ਪੰਜਾਬ ਬਾਸਮਤੀ 1509 ਦੀ ਫ਼ਸਲ ਨੂੰ, ਜੇ ਫ਼ਸਲ ਬੀਜਣ ਤੋਂ ਪਹਿਲਾਂ ਸਬਜ਼ ਖਾਦ ਨਾ ਦਿੱਤਾ ਹੋਵੇ, 100 ਕਿਲੋ ਯੂਰੀਆ ਪ੍ਰਤੀ ਏਕੜ ਤੀਕ ਪਾਇਆ ਜਾ ਸਕਦਾ ਹੈ। ਇਸ ਕਿਸਮ ਦਾ ਪੱਕਣ ਦਾ ਸਮਾਂ ਥੋੜ੍ਹਾ ਹੋਣ ਕਾਰਨ ਯੂਰੀਏ ਦੀ ਪਹਿਲੀ ਕਿਸ਼ਤ ਖੇਤ ‘ਚ ਪਨੀਰੀ ਲਾਉਣ ਤੋਂ 10 ਦਿਨ ਬਾਅਦ ਅਤੇ ਦੂਜੀ 25 ਦਿਨ ਬਾਅਦ ਪਾ ਦੇਣੀ ਚਾਹੀਦੀ ਹੈ। ਜਦੋਂ ਫ਼ਸਲ ਪੱਕ ਜਾਵੇ ਵਾਢੀ ਫੌਰਨ ਕਰ ਲੈਣੀ ਚਾਹੀਦੀ ਹੈ। ਵਾਢੀ ‘ਚ ਦੇਰ ਕਰਨ ਨਾਲ ਦਾਣੇ ਕਿਰਨ ਲੱਗ ਜਾਣਗੇ। ਹੱਥਾਂ ਨਾਲ ਵੱਢੀ ਹੋਈ ਫ਼ਸਲ ਵੱਧ ਤੋਂ ਵੱਧ ਦੂਜੇ ਦਿਨ ਝਾੜ ਲੈਣੀ ਚਾਹੀਦੀ ਹੈ। ਜੇ ਕੁਝ ਦੇਰ ਪਈ ਰਹੇ ਤਾਂ ਝਾੜ ਵੀ ਘਟ ਜਾਂਦਾ ਹੈ ਅਤੇ ਗੁਣਵੱਤਾ ਘੱਟਣ ਕਾਰਨ ਮੁੱਲ ਵੀ ਮੰਡੀ ‘ਚ ਘੱਟ ਮਿਲਦਾ ਹੈ।

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!