Breaking News
Home / ਉੱਭਰਦੀਆਂ ਕਲਮਾਂ / ਪ੍ਰੋ.(ਡਾ.)ਬਲਬੀਰ ਸਿੰਘ ਮੋਮੀ

ਪ੍ਰੋ.(ਡਾ.)ਬਲਬੀਰ ਸਿੰਘ ਮੋਮੀ

balbir singh momiਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦਾ ਇਤਿਹਾਸਕ ਪਿਛੋਕੜ
ਗੁਰਦੁਆਰਾ ਦਮਦਮਾ ਸਾਹਿਬ ਠੱਟਾ ਬਾਬ ਬੀਰ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਬਾਬਾ ਬੀਰ ਸਿੰਘ ਜੀ ਸਿੱਖ ਰਾਜ ਸਮੇਂ ਬੜੇ ਵੱਡੇ ਤਪੱਸਵੀ, ਸੂਰਬੀਰ, ਭਜਨੀਕ, ਸੁਧਾਰਕ ਤੇ ਕੁਰਬਾਨੀ ਦੇ ਪੁੰਜ ਹੋਏ ਹਨ। ਆਪ ਜੀ ਦਾ ਜਨਮ ਸਾਵਣ ਸੁਦੀ ਤੀਜ ਸੰਮਤ 1823 ਬਿਕਰਮੀ ਮੁਤਾਬਿਕ 1768 ਈ. ਨੂੰ ਨਗਰ ਗੱਗੋਬੂਹਾ ਜਿਲ੍ਹਾ ਅੰਮਿ੍ਤਸਰ ਵਿੱਚ ਪਿਤਾ ਸ.ਸੇਵਾ ਸਿੰਘ ਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਸ. ਨਿਹਾਲ ਸਿੰਘ ਅਟਾਰੀ ਵਾਲੇ ਦੀ ਫੌਜ ਵਿੱਚ ਨੌਕਰੀ ਕਰਦੇ ਸਨ, ਮੁਲਤਾਨ ਦੇ ਜੰਗ ਵਿੱਚ ਉਹ ਸ਼ਹੀਦ ਹੋ ਗਏ। ਉਹਨਾਂ ਦੀ ਥਾਂ ਬਾਬਾ ਬੀਰ ਸਿੰਘ ਜੀ ਨੂੰ ਫੌਜ ਵਿੱਚ ਭਰਤੀ ਕਰ ਲਿਆ ਗਿਆ। ਲਗਭਗ ਚਾਰ ਸਾਲ ਨੌਕਰੀ ਕਰਦਿਆਂ ਹੋ ਗਏ ਸਨ ਆਪ ਆਪਣੇ ਪਿੰਡ ਛੁੱਟੀ ਕੱਟਣ ਆਏ ਤਾਂ ਪਿੰਡ ਵਿੱਚ ਡਾਕਾ ਪੈ ਗਿਆ। ਆਪ ਜੀ ਨੇ ਬੜੀ ਬਹਾਦਰੀ ਨਾਲ ਡਾਕੂਆਂ ਦਾ ਮੁਕਾਬਲਾ ਕੀਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਵਿਸ਼ੇਸ਼ ਤੌਰ ਤੇ ਆਪ ਜੀ ਨੂੰ ਸਨਮਾਨਤ ਕੀਤਾ। ਬਾਬਾ ਬੀਰ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਮਾਝੇ ਦੁਆਬੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਇਹੀ ਕਾਰਨ ਹੈ ਕਿ ਇਹਨਾਂ ਇਲਾਕਿਆਂ ਵਿੱਚ ਆਪ ਜੀ ਦੇ 360 ਅਸਥਾਨ ਮੌਜੂਦ ਹਨ। ਇਹਨਾਂ ਵਿੱਚੋਂ ਨੌਰੰਗਾਬਾਦ, ਰੱਤੋ ਕੀ, ਮੁਠਿਆਵਾਲਾ ਤੇ ਦਮਦਮਾ ਸਾਹਿਬ ਠੱਟਾ ਵੱਡੇ ਕੇਂਦਰ ਹਨ। ਬਾਬਾ ਬੀਰ ਸਿੰਘ ਜੀ ਢਿਲਵਾਂ ਤੋਂ ਖੀਰਾਂਵਾਲ ਤੇ ਪਿੱਛੋਂ ਕਪੂਰਥਲਾ ਵਿੱਚ ਪਹੁੰਚੇ। ਬਾਹਰੇ ਦੀ ਸੰਗਤ ਨੇ ਇਕੱਠਿਆਂ ਹੋ ਕੇ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਕੱਲਰ ਵਾਲੀ ਜ਼ਮੀਨ ਹੈ, ਪਾਣੀ ਨਹੀਂ ਹੈ, ਅਸੀਂ ਕੀ ਕਰੀਏ? ਬਾਬਾ ਜੀ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲੇ ਅਸਥਾਨ ਤੇ ਪਹੁੰਚੇ। ਆਪ ਜੀ ਨੇ ਏਥੇ ਆ ਕੇ ਚਾਰ ਪਰਕਰਮਾਂ ਕੀਤੀਆਂ ਤੇ ਸੰਗਤ ਨੂੰ ਕਿਹਾ ਭਾਈ ਦੱਸੋ ਕੀ ਚਾਹੁੰਦੇ ਹੋ? ਸੰਗਤ ਨੇ ਕਿਹਾ ਮਹਾਰਾਜ ਅਸੀਂ ਆਪਣੀ ਬੇਨਤੀ ਪਿੱਛੋਂ ਕਰਾਂਗੇ, ਪਹਿਲਾਂ ਇਹ ਦੱਸੋ, ਤੁਸੀਂ ਇਸ ਅਸਥਾਨ ਦੀਆਂ ਚਾਰ ਪ੍ਰਕਰਮਾ ਕਿਉਂ ਕੀਤੀਆਂ ਹਨ? ਤਾਂ ਬਾਬਾ ਜੀ ਨੇ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਆਖਿਆ, ਜਦੋਂ ਗੁਰੂ ਨਾਨਕ ਦੇਵ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲੇ ਗਈ ਤਾਂ ਇਸ ਥਾਂ ਰਾਤ ਪੈ ਗਈ। ਬਰਾਤ ਨੇ ਏਥੇ ਇਕ ਥੜ੍ਹੇ ਉੱਪਰ ਬਿਸਰਾਮ ਕੀਤਾ। ਇਹ ਥੜ੍ਹਾ ਪਸ਼ੂ ਚਾਰਨ ਵਾਲੇ ਵਾਗੀਆਂ ਨੇ ਬਣਾਇਆ ਹੋਇਆ ਸੀ। ਆਸ ਪਾਸ ਸਭ ਤੰਬਾਕੂ ਦੇ ਖੇਤ ਹੀ ਹੁੰਦੇ ਸਨ। ਬਾਬਾ ਜੀ ਨੇ ਅੱਗੇ ਜਾ ਕੇ ਦੱਸਿਆ ਕਿ ਇਸ ਅਸਥਾਨ ਉੱਤੇ ਗੁਰੂ ਨਾਨਕ ਸਾਹਿਬ ਦੀ 13ਵੀਂ ਸੰਤਾਨ ਬਾਬਾ ਸਾਹਿਬ ਸਿੰਘ ਜੀ ਬੇਦੀ ਵੀ ਆਏ। ਇਸੇ ਕਰਕੇ ਅਸੀਂ ਇਸ ਅਸਥਾਨ ਦੀਆਂ ਚਾਰ ਪ੍ਰਕਰਮਾਂ ਕੀਤੀਆਂ ਹਨ। ਬਾਹਰੇ ਦੀ ਸੰਗਤ ਨੇ ਬਾਬਾ ਜੀ ਨੂੰ ਕਿਹਾ ਕਿ ਮਹਾਰਾਜ ਏਥੇ ਚਾਰ ਚੁਫੇਰੇ ਨਜ਼ਰ ਮਾਰੋ। ਹਰ ਪਾਸੇ ਕੱਲਰ ਹੀ ਨਜ਼ਰ ਆਉਂਦਾ ਹੈ, ਪਾਣੀ ਨਹੀਂ ਹੈ, ਅਸੀਂ ਕੀ ਖਾਈਏ? ਬਾਬਾ ਜੀ ਨੇ ਸਾਰੀ ਸੰਗਤ ਨੂੰ ਕਿਹਾ ਕਿ ਪਹਿਲਾਂ ਅੰਮਿ੍ਤਪਾਨ ਕਰੋ ਸਿੰਘ ਸੱਜੋ ਇਸ ਪਿੱਛੋਂ ਤੁਹਾਡੇ ਕੀਤੇ ਬਚਨਾਂ ਦਾ ਉੱਤਰ ਦਿੱਤਾ ਜਾਵੇਗਾ। ਬਾਬਾ ਜੀ ਨੇ ਕੁੱਝ ਦਿਨਾਂ ਵਿੱਚ ਹੀ ਹਜ਼ਾਰਾਂ ਸੰਗਤਾਂ ਨੂੰ ਅੰਮਿ੍ਤਪਾਨ ਕਰਵਾਇਆ। ਇਸ ਤੋਂ ਪਹਿਲਾਂ ਇਸ ਇਲਾਕੇ ਦੇ ਕੰਬੋਜ ਬਰਾਦਰੀ ਦੇ ਬਹੁਤੇ ਲੋਕ ਸਖੀ ਸਰਵਰ ਨੂੰ ਮੰਨਦੇ ਸਨ ਤੇ ਤੰਬਾਕੂ ਦਾ ਸੇਵਨ ਵੀ ਕਰਦੇ ਸਨ। ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਅੰਮਿ੍ਤਪਾਨ ਕਰਕੇ ਗੁਰੂ ਨਾਨਕ ਦੀ ਸਿੱਖੀ ਨੂੰ ਅਪਣਾ ਲਿਆ ਤਾਂ ਬਾਬਾ ਜੀ ਨੇ ਆਖਿਆ ਖਾਲਸਾ ਜੀ, ਮੰਗੋ ਕੀ ਮੰਗਦੇ ਹੋ? ਤਾਂ ਸਾਰੀ ਸੰਗਤ ਨੇ ਕਿਹਾ ਕਿ ਮਹਾਰਾਜ ਜਮੀਨ ਤੇ ਪਾਣੀ ਦੀ ਸਾਨੂੰ ਜਰੂਰਤ ਹੈ। ਬਾਬਾ ਜੀ ਨੇ ਕਿਹਾ ਤੁਸੀਂ ਅੰਮਿ੍ਤਪਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਪ੍ਰਵਾਨ ਕੀਤੀ ਹੈ, ਅਸੀਂ ਤੁਹਾਨੂੰ ਮਹਾਰਾਜ ਦੇ ਖਜਾਨੇ ਵਿੱਚੋਂ ਜਮੀਨ ਤੇ ਪਾਣੀ ਲੈ ਦਿੱਤਾ ਹੈ। ਕੁੱਝ ਸਿੰਘਾਂ ਨੇ ਕਿਹਾ ਕਿ ਮਹਾਰਾਜ ਸਾਡਾ ਕਾਲ ਨਹੀਂ ਗਿਆ। ਬਾਬਾ ਜੀ ਨੇ ਆਖਿਆ ਬਿਆਸ ਦਰਿਆ ਵਿੱਚੋਂ ਇਕ ਨਦੀ ਆਵੇਗੀ ਉਸ ਨਦੀ ਦਾ ਨਾਂ ਵੀ ‘ਕਾਲਣਾ’ ਹੀ ਪ੍ਰਸਿੱਧ ਹੋਵੇਗਾ। ਇਸ ਉਪਰੰਤ ਬਿਆਸ ਦਰਿਆ ਵਿੱਚੋਂ ਕਾਲਣਾ ਨਦੀ ਵਿੱਚ ਐਸਾ ਹੜ੍ਹ ਆਇਆ ਕਿ ਇਸ ਇਲਾਕੇ ਦਾ ਸਾਰਾ ਕੱਲਰ ਰੋੜ੍ਹ ਕੇ ਲੈ ਗਿਆ ਤੇ ਜਮੀਨ ਉਪਜਾਊ ਬਣ ਗਈ। ਸੰਗਤ ਨੇ ਬਾਬਾ ਜੀ ਨੂੰ ਕਿਹਾ ਕੋਈ ਹੁਕਮ ਕਰੋ ਤਾਂ ਬਾਬਾ ਬੀਰ ਸਿੰਘ ਨੇ ਕਿਹਾ ਵਧੋ ਫੁੱਲੋ ਤੇ ਗੁਰਦੁਆਰੇ ਦੀ ਸੇਵਾ ਕਰਦੇ ਰਹਿਣਾ। ਜਦੋਂ ਤੱਕ ਤੁਸੀਂ ਸਿੱਖੀ ਧਾਰਨ ਕਰਕੇ ਗੁਰਦੁਆਰੇ ਦੀ ਸੇਵਾ ਕਰਦੇ ਰਹੋਗੇ, ਤੁਹਾਨੂੰ ਕੋਈ ਪ੍ਰਵਾਹ ਨਹੀਂ ਰਹੇਗੀ। ਪਰ ਜਦੋਂ ਸਿੱਖੀ ਤੋਂ ਬੇਮੁਖ ਹੋ ਗਏ ਤਾਂ ਤੁਹਾਡਾ ਪਹਿਲਾਂ ਵਾਲਾ ਹੀ ਹਾਲ ਹੋਵੇਗਾ। ਐਸੇ ਪਰਉਪਕਾਰੀ ਮਹਾਂਪੁਰਸ਼ ਬਾਬਾ ਬੀਰ ਸਿੰਘ ਜੀ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਡੋਗਰਿਆਂ ਅਤੇ ਸੰਧਾਵਾਲੀਆ ਨੇ ਲਹੌਰ ਦਰਬਾਰ ਵਿੱਚ ਤਾਕਤ ਹਾਸਲ ਕਰਨ ਲਈ ਜੋ ਸਾਜਿਸ਼ਾਂ ਰਚੀਆਂ, ਉਸ ਦਾ ਸ਼ਿਕਾਰ ਮਹਾਂਪੁਰਸ਼ ਬਾਬਾ ਬੀਰ ਸਿੰਘ ਜੀ ਹੋਏ ਅਤੇ ਇਹਨਾਂ ਕੁਟਲ ਚਾਲਾਂ ਨੇ ਸਿੱਖ ਰਾਜ ਨੂੰ ਤਬਾਹ ਕਰਕੇ ਰੱਖ ਦਿੱਤਾ। ਅਤਰ ਸਿੰਘ ਸੰਧਾਵਾਲੀਆ, ਕੰਵਰ ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਤੇ ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਬਾਬਾ ਬੀਰ ਸਿੰਘ ਜੀ ਪਾਸ ਪੁੱਜ ਗਏ। ਹੀਰਾ ਸਿੰਘ ਡੋਗਰੇ ਦੇ ਕਹਿਣ ਤੇ ਸਿੱਖ ਫੌਜਾਂ ਨੇ ਹਰੀ ਕੇ ਪੱਤਣ ਦੇ ਨੇੜੇ ਤੋਪਾਂ ਅਤੇ ਬੰਦੂਕਾਂ ਨਾਲ ਬਾਬਾ ਬੀਰ ਸਿੰਘ ਸਮੇਤ ਹਜ਼ਾਰਾਂ ਸਿੰਘਾਂ ਨੂੰ 27 ਵਿਸਾਖ 1901 ਬਿਕਰਮੀ ਨੂੰ ਸ਼ਹੀਦ ਕਰ ਦਿੱਤਾ।
ਗੁਰਦੁਆਰਾ ਦਮਦਮਾ ਸਾਹਿਬ ਦੀ ਉਸਾਰੀ ਦਾ ਕਾਰਜ ਬਾਬਾ ਖੜਕ ਸਿੰਘ ਜੀ ਨੇ ਆਰੰਭ ਕਰਵਾਇਆ ਸੀ। ਬਾਬਾ ਖੜਕ ਸਿੰਘ ਜੀ ਦਾ ਜਨਮ 1913
ਬਿਕਰਮੀ ਮੁਤਾਬਿਕ 1856 ਈ. ਨੂੰ ਪਿੰਡ ਦੰਦੂਪੁਰ ਕਪੂਰਥਲਾ ਵਿੱਚ ਪਿਤਾ ਸ. ਤੇਗਾ ਸਿੰਘ ਤੇ ਮਾਤਾ ਦਇਆ ਕੌਰ ਦੇ ਗ੍ਰਹਿ ਵਿਖੇ ਹੋਇਆ। ਬਾਬਾ ਖੜਕ ਸਿੰਘ ਜੀ ਨੂੰ ਉਹਨਾਂ ਦੇ ਪਿਤਾ ਜੀ ਪਿੰਡ ਠੱਟਾ ਨਵਾਂ ਵਿਖੇ ਬਾਬਾ ਕਾਹਨ ਸਿੰਘ ਜੀ ਪਾਸ ਛੱਡ ਗਏ। ਇਸ ਉਪਰੰਤ ਬਾਬਾ ਖੜਕ ਸਿੰਘ ਜੀ ਗੁਰਦੁਆਰਾ ਠੱਟਾ ਨਵਾਂ ਦੇ ਮੁੱਖ ਸੇਵਾਦਾਰ ਬਣੇ। ਬਾਬਾ ਭਾਗ ਸਿੰਘ ਜੀ ਅਤੇ ਸੰਤ ਬਾਬਾ ਵਰਿਆਮ ਸਿੰਘ ਜੀ ਵੀ ਆਪ ਜੀ ਨਾਲ ਸੇਵਾ ਕਰਦੇ ਰਹੇ। ਬਾਬਾ ਖੜਕ ਸਿੰਘ ਜੀ ਨੇ ਹਜ਼ਾਰਾਂ ਸਿੱਖਾਂ ਨੂੰ ਅੰਮਿ੍ਤਪਾਨ ਕਰਵਾਇਆ। 1949 ਬਿਕਰਮੀ ਮੁਤਾਬਿਕ 1892 ਈ. ਵਿੱਚ ਬਾਬਾ ਖੜਕ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਪੱਕੀ ਇਮਾਰਤ ਬਣਾਉਣ ਦੀ ਯੋਜਨਾ ਬਣਾਈ। ਭਾਈ ਜਵਾਲਾ ਸਿੰਘ ਰਾਗੀ ਸਮੇਤ ਇਲਾਕੇ ਦੀ ਸੰਗਤ ਇਕੱਤਰ ਹੋਈ। ਸਮੂਹ ਸੰਗਤਾਂ ਨੇ ਤਨ ਮਨ ਧਨ ਨਾਲ ਹਿੱਸਾ ਪਾਉਣ ਦਾ ਪ੍ਰਣ ਕੀਤਾ। ਬਾਬਾ ਜੀ ਨੇ ਟਿੱਬੇ ਨਗਰ ਦੇ ਦੋ ਭਰਾਵਾਂ ਲੱਲੂ ਤੇ ਰੂੜੇ ਨੂੰ ਇੱਟਾਂ ਪਾਉਣ ਲਈ ਕਹਿ ਦਿੱਤਾ। ਤਿੰਨ ਲੱਖ ਇੱਟ ਤਿਆਰ ਹੋ ਗਈ। ਇਹਨਾਂ ਇੱਟਾਂ ਨਾਲ 1951 ਬਿਕਰਮੀ ਮੁਤਾਬਿਕ 1894 ਈ. ਨੂੰ ਖੂਹੀ, ਲੰਗਰ ਵਾਸਤੇ ਕੋਠੜੀ, ਪ੍ਰਕਾਸ਼ ਵਾਸਤੇ ਚੁਬਾਰਾ, ਸੰਗਤਾਂ ਲਈ ਦਲਾਨ ਤੇ ਖੇਤੀ ਦੀ ਸਿੰਚਾਈ ਕਰਨ ਵਾਲਾ ਖੂਹ ਲੱਗਾ। 1958 ਬਿਕਰਮੀ ਮੁਤਾਬਿਕ 1901 ਈ. ਨੂੰ ਦੂਸਰੇ ਭੱਠੇ ਦੀ ਤਿਆਰੀ ਕੀਤੀ ਗਈ। ਇਸ ਸਮੇਂ ਬਾਬਾ ਭਾਗ ਸਿੰਘ ਜੀ ਨੇ ਬਹੁਤ ਸੇਵਾ ਕੀਤੀ। ਬਾਬਾ ਖੜਕ ਸਿੰਘ ਜੀ ਨੇ ਲੱਲੂ ਅਤੇ ਰੂੜੇ ਨੂੰ ਇੱਟਾਂ ਪੱਥਣ ਲਈ ਕਹਿ ਦਿੱਤਾ। ਇਸ ਸਮੇਂ ਜੋ ਇੱਟਾਂ ਤਿਆਰ ਹੋਈਆਂ ਇਹਨਾਂ ਨਾਲ 1962 ਬਿਕਰਮੀ ਮੁਤਾਬਿਕ 1905 ਈ, ਨੂੰ ਗੁਰਦੁਆਰਾ ਦਮਦਮਾ ਸਾਹਿਬ ਦੀ ਇਮਾਰਤ ਤਿਆਰ ਹੋ ਗਈ। 1961 ਬਿਕਰਮੀ ਮੁਤਾਬਿਕ 1904 ਈ. ਵਿੱਚ ਬਾਬਾ ਜਗਤ ਸਿੰਘ ਜੀ ਤੇ ਦੋ ਮਹੀਨੇ ਪਿੱਛੋਂ ਬਾਬਾ ਹੀਰਾ ਸਿੰਘ ਜੀ ਇਸ ਅਸਥਾਨ ਤੇ ਆ ਗਏ। ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਈ ਜਾਣ ਲੱਗੀ। ਗੁਰੂ ਦਾ ਅਤੁੱਟ ਲੰਗਰ ਵਰਤਦਾ ਰਹਿੰਦਾ। ਬਾਬਾ ਖੜਕ ਸਿੰਘ ਨੇ ਏਥੇ ਅੰਬ, ਜਾਮਨੂੰ, ਨਿੰਬੂ, ਗਲਗਲਾਂ ਤੇ ਹੋਰ ਫਲਦਾਰ ਬੂਟੇ ਲਗਵਾ ਦਿੱਤੇ। ਇਸ ਅਸਥਾਨ ਤੇ ਪਹਿਲਾਂ ਸ਼ਹੀਦੀ ਜੋੜ ਮੇਲਾ 27 ਵਿਸਾਖ 1963 ਬਿਕਰਮੀ ਮੁਤਾਬਿਕ ਮਈ 1906 ਨੂੰ ਮਨਾਇਆ ਗਿਆ। ਇਸ ਸਮੇਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਸੈਂਕੜੇ ਸਾਧੂ ਸੰਤ ਆਇਆ ਕਰਦੇ ਸਨ। ਅਜਿਹੇ ਪਰਉਪਕਾਰੀ ਸੇਵਾ ਦੇ ਪੁੰਜ ਬਾਬਾ ਖੜਕ ਸਿੰਘ ਜੀ 29 ਵਿਸਾਖ 1983 ਬਿ. ਮੁਤਾਬਿਕ 1926 ਈ. ਨੂੰ ਸੱਚਖੰਡ ਜਾ ਬਿਰਾਜੇ। ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਸੰਤ ਬਾਬਾ ਜਗਤ ਸਿੰਘ ਜੀ ਨੇ 1926 ਈ. ਤੋਂ 1957 ਈ. ਤੱਕ ਸੇਵਾ ਕੀਤੀ। ਉਹਨਾਂ ਸੰਗਤਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਲਈ ਬਹੁਤ ਯਤਨ ਕੀਤੇ। 1957 ਈ. ਤੋਂ 17 ਅਕਤੂਬਰ 1994 ਈ. ਤੱਕ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਰਹੇ। ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਹਜ਼ੂਰ ਸਾਹਿਬ, ਸੁਲਤਾਨਪੁਰ ਲੋਧੀ ਤੇ ਗੋਇੰਦਵਾਲ ਸਾਹਿਬ ਵਿਖੇ ਕਾਰ ਸੇਵਾ ਕਰਵਾਈ। 1994 ਈ. ਤੋਂ 2004 ਈਸਵੀ ਤੱਕ ਬਾਬਾ ਤਰਲੋਚਨ ਸਿੰਘ ਜੀ ਇਸ ਅਸਥਾਨ ਤੇ ਸੇਵਾ ਕਰਦੇ ਰਹੇ। ਹੁਣ ਸ੍ਰੂੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਹਨ। ਉਹਨਾਂ ਦੇ ਪਰਿਵਾਰ ਤੇ ਵੀ ਬਾਬਾ ਬੀਰ ਸਿੰਘ ਜੀ ਨੇ ਬੜੀ ਬਖਸ਼ਿਸ਼ ਕੀਤੀ ਸੀ। ਉਸ ਸਮੇਂ ਠੱਟੇ ਦੇ ਨੰਬਰਦਾਰ ਪ੍ਰਧਾਨ ਸਿੰਘ ਦੇ ਕੋਈ ਔਲਾਦ ਨਹੀਂ ਸੀ। ਠੱਟੇ ਦੀ ਪੰਚਾਇਤ ਨੇ ਬਾਬਾ ਬੀਰ ਸਿੰਘ ਜੀ ਨੂੰ ਬੇਨਤੀ ਕੀਤੀ, ਮਹਾਰਾਜ ਪ੍ਰਧਾਨ ਸਿੰਘ ਦੇ ਕੋਈ ਔਲਾਦ ਨਹੀਂ, ਬਖਸ਼ਿਸ਼ ਕਰੋ। ਬਾਬਾ ਜੀ ਘੋੜੇ ਤੇ ਜਾ ਰਹੇ ਸਨ, ਅੱਗੋਂ ਇੱਕ ਤਿੱਤਰ ਉੱਡਿਆ ਤੇ ਡਿੱਗ ਕੇ ਮਰ ਗਿਆ। ਬਾਬਾ ਜੀ ਨੇ ਕਿਹਾ ਕਿ ਪ੍ਰਧਾਨ ਸਿੰਹਾਂ ਤੇਰੇ ਘਰ ਪੁੱਤਰ ਪੈਦਾ ਹੋਵੇਗਾ ਪਰ ਜਵਾਨੀ ਵਿੱਚ ਚੱਲ ਵੱਸੇਗਾ। ਪ੍ਰਧਾਨ ਸਿੰਘ ਦੇ ਘਰ ਪੁੱਤਰ ਹਰੀ ਸਿੰਘ ਪੈਦਾ ਹੋਇਆ ਪਰ 24 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ। ਬਾਬਾ ਗੁਰਚਰਨ ਸਿੰਘ ਜੀ ਉਸੇ ਵੰਸ਼ ਵਿੱਚੋਂ ਹਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!