Breaking News
Home / ਅੰਨਦਾਤਾ ਲਈ / ਝੋਨੇ ਦੀ ਲੁਆਈ ਲਗਭਗ ਖ਼ਤਮ – ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰਕੇ ਕਮਾ ਸਕਦੇ ਹਨ ਵਧੇਰੇ ਮੁਨਾਫ਼ਾ

ਝੋਨੇ ਦੀ ਲੁਆਈ ਲਗਭਗ ਖ਼ਤਮ – ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰਕੇ ਕਮਾ ਸਕਦੇ ਹਨ ਵਧੇਰੇ ਮੁਨਾਫ਼ਾ

images

ਪਿਛਲੇ ਹਫ਼ਤੇ ਹੋਈ ਬਾਰਿਸ਼ ਨਾਲ ਝੋਨਾ ਉਤਪਾਦਕਾਂ ਨੂੰ ਕੁਝ ਰਾਹਤ ਮਿਲੀ ਹੈ | ਝੋਨੇ ਦੀ ਅੰਤਮ ਲੁਆਈ ਲਗਭਗ ਪਿਛਲੇ ਹਫ਼ਤੇ ਖਤਮ ਹੋ ਗਈ ਅਤੇ ਬਾਸਮਤੀ ਕਿਸਮਾਂ ਦੀ ਲੁਆਈ ਤੇਜ਼ੀ ਨਾਲ ਹੋ ਰਹੀ ਹੈ | ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ: ਮੰਗਲ ਸਿੰਘ ਸੰਧੂ ਅਨੁਸਾਰ ਪੰਜਾਬ ‘ਚ 26 ਲੱਖ ਹੈਕਟੇਅਰ ਰਕਬੇ ‘ਤੇ ਝੋਨਾ ਤੇ ਬਾਸਮਤੀ ਲਾਈ ਜਾ ਚੁੱਕੀ ਹੈ | ਟੀਚਾ 26.5 ਲੱਖ ਹੈਕਟੇਅਰ ਰਕਬੇ ‘ਤੇ ਫ਼ਸਲ ਲਾਉਣ ਦਾ ਸੀ ਪਰ ਰਕਬਾ ਬਾਸਮਤੀ ਦੀ ਕਾਸ਼ਤ ਥੱਲੇ ਜ਼ਿਆਦਾ ਆਉਣ ਕਾਰਨ ਵਧ ਜਾਣ ਦੀ ਸੰਭਾਵਨਾ ਹੈ | ਡਾ: ਸੰਧੂ ਅਨੁਸਾਰ ਝੋਨਾ, ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਪਿਛਲੇ ਸਾਲ ਦੇ 27.5 ਲੱਖ ਹੈਕਟੇਅਰ ਤੋਂ ਜੇ ਵਧੇਗਾ ਨਹੀਂ ਤਾਂ ਉਸ ਨਾਲੋਂ ਘਟਣ ਦੀ ਵੀ ਸੰਭਾਵਨਾ ਨਹੀਂ | ਲਗਭਗ 27–28 ਲੱਖ ਹੈਕਟੇਅਰ ਰਕਬਾ ਇਸ ਫ਼ਸਲ ਦੀ ਕਾਸ਼ਤ ਥੱਲੇ ਆਉਣ ਦੀ ਆਸ ਹੈ |

ਡਾਇਰੈਕਟਰ ਖੇਤੀਬਾੜੀ ਵਿਭਾਗ ਅਨੁਸਾਰ ਪਿਛਲੇ ਸਾਲ ਸਭ ਤੋਂ ਵੱਧ ਮੁਨਾਫਾ ਦੇਣ ਵਾਲੀ ਤੇ ਥੋੜ੍ਹੇ ਸਮੇਂ ‘ਚ ਪੱਕਣ ਵਾਲੀ ਪੂਸਾ ਬਾਸਮਤੀ 1509 ਕਿਸਮ ਕਿਸਾਨਾਂ ਨੇ ਜ਼ਿਆਦਾ ਰਕਬੇ ‘ਤੇ ਲਾ ਲਈ ਪਰ ਉਨ੍ਹਾਂ ਵੱਲੋਂ ਮਾਹਰਾਂ ਦੀਆਂ ਕੀਤੀਆਂ ਗਈਆਂ ਸਿਫ਼ਾਰਸ਼ਾਂ ‘ਤੇ ਅਮਲ ਨਾ ਕੀਤੇ ਜਾਣ ਵਜੋਂ ਜਿਨ੍ਹਾਂ ਕਿਸਾਨਾਂ ਨੇ ਅਗੇਤੀ ਲੁਆਈ ਕਰ ਲਈ, ਉਸ ਨਾਲ ‘ਬਕਾਨੇ’ ਬਿਮਾਰੀ (ਜਿਸ ਨੂੰ ਪੈਰ ਗਲਣ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ) ਦੀ ਸ਼ਿਕਾਇਤ ਹੋ ਗਈ | ਇਸ ਬਿਮਾਰੀ ਵਜੋਂ ਬੂਟੇ ਪੀਲੇ ਪੈ ਜਾਂਦੇ ਅਤੇ ਮੁਰਝਾ ਕੇ ਸੁੱਕਣ ਲੱਗ ਜਾਂਦੇ ਹਨ | ਬਿਮਾਰੀ ਵਾਲੇ ਬੂਟੇ ਦੂਜਿਆਂ ਨਾਲੋਂ ਉੱਚੇ ਹੁੰਦੇ ਹਨ | ਇਸ ਬਿਮਾਰੀ ਦਾ ਦੂਜਾ ਕਾਰਨ ਇਸ ਕਿਸਮ ਦਾ ਅਗੇਤੀ ਲਾਇਆ ਜਾਣਾ ਅਤੇ ਮੰਡੀ ‘ਚ ਕਿਸਾਨਾਂ ਨੂੰ ਸ਼ੁੱਧ ਬੀਜ ਉਪਲਬਧ ਨਾ ਹੋਣਾ ਤੇ ਰੋਗ ਰਹਿਤ ਬੀਜ ਦਾ ਨਾ ਬੀਜਿਆ ਜਾਣਾ ਹੈ | ਇਸ ਕਿਸਮ ਦੇ ਬਰੀਡਰ ਡਾ: ਏ. ਕੇ. ਸਿੰਘ ਪ੍ਰੋਫੈਸਰ ਤੇ ਪ੍ਰਮੁੱਖ ਵਿਗਿਆਨੀ ਭਾਰਤੀ ਖੇਤੀ ਖੋਜ ਸੰਸਥਾਨ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਬੀਜ ਨੂੰ ਬਾਵਿਸਟਨ ਦਵਾਈ ਨਾਲ ਨਾ ਸੋਧਣਾ ਅਤੇ ਲਾਉਣ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ ਬਾਵਿਸਟਨ ਦੇ ਘੋਲ ‘ਚ 6–8 ਘੰਟੇ ਭਿਉਂ ਕੇ ਨਾ ਲਾਉਣਾ ਵੀ ਹੈ | ਪੂਸਾ ਬਾਸਮਤੀ 1509 ਕਿਸਮ ਦੀ ਲੁਆਈ ਦਾ ਹੁਣ (20 ਜੁਲਾਈ ਤੋਂ ਬਾਅਦ) ਯੋਗ ਸਮਾਂ ਹੈ | ਇਹ ਕਿਸਮ 120–150 ਕਿਲੋ ਪ੍ਰਤੀ ਏਕੜ ਤੱਕ ਯੂਰੀਆ ਬਰਦਾਸ਼ਤ ਕਰ ਲੈਂਦੀ ਹੈ ਅਤੇ 20–22 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ, ਜਦੋਂ ਕਿ ਬਾਸਮਤੀ ਦੀਆਂ ਦੂਜੀਆਂ ਕਿਸਮਾਂ ਜਿਵੇਂ ਕਿ ਬਾਸਮਤੀ 386, ਬਾਸਮਤੀ 370, ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਆਦਿ 36–37 ਕਿਲੋ ਯੂਰੀਆ ਪ੍ਰਤੀ ਏਕੜ ਤੋਂ ਵੱਧ ਨਹੀਂ ਲੈਂਦੀਆਂ |
ਦੇਖਣ ‘ਚ ਆਇਆ ਹੈ ਕਿ ਆਮ ਤੌਰ ‘ਤੇ ਕਿਸਾਨ ਡੀ. ਏ. ਪੀ. ਪਾ ਕੇ ਫਜ਼ੂਲ ਖਰਚ ਕਰੀ ਜਾਂਦੇ ਹਨ, ਜਦੋਂ ਕਿ ਉਨ੍ਹਾਂ ਨੇ ਪਹਿਲਾਂ ਕਣਕ ‘ਚ ਪੂਰੀ ਫਾਸਫੋਰਸ ਡੀ. ਏ. ਪੀ. ਜਾਂ ਸੁਪਰਫਾਸਫੇਟ ਦੇ ਰਾਹੀਂ ਜ਼ਮੀਨ ‘ਚ ਪਾਈ ਹੋਈ ਹੁੰਦੀ ਹੈ | ਇਸ ਉਪਰੰਤ ਸਾਉਣੀ ਦੀ ਫ਼ਸਲ ਨੂੰ ਫਾਸਫੋਰਸ ਪਾਉਣ ਦੀ ਲੋੜ ਨਹੀਂ | ਜ਼ਿੰਕ ਸਲਫੇਟ ਤੇ ਪੋਟਾਸ਼ (ਐਮ. ਓ. ਪੀ.) ਉਤਪਾਦਕ ਭੂਮੀ ਪਰਖ ਦੇ ਆਧਾਰ ‘ਤੇ ਕੱਦੂ ਕਰਨ ਤੋਂ ਪਹਿਲਾਂ ਪਾ ਸਕਦੇ ਹਨ | ਯੂਰੀਏ ਦੀ ਪਹਿਲੀ ਕਿਸ਼ਤ ਖੇਤ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਹਫ਼ਤੇ ਬਾਅਦ ਅਤੇ ਦੂਜੀ 6 ਹਫ਼ਤੇ ਬਾਅਦ ਪਾਉਣੀ ਚਾਹੀਦੀ ਹੈ | ਯੂਰੀਆ ਪਾਉਣ ਤੋਂ ਪਹਿਲਾਂ ਖੇਤ ਦਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਯੂਰੀਏ ਦਾ ਛੱਟਾ ਦੇਣ ਤੋਂ ਤੀਜੇ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ | ਨਦੀਨਨਾਸ਼ਕ ਬਾਸਮਤੀ ਦੀ ਪਨੀਰੀ ਖੇਤ ‘ਚ ਲਾਉਣ ਦੇ ਦੂਜੇ ਜਾਂ ਤੀਜੇ ਦਿਨ ਪਾ ਦੇਣੇ ਚਾਹੀਦੇ ਹਨ | ਜੋ ਨਦੀਨਨਾਸ਼ਕ ਪਿਛਲੇ ਸਾਲ ਵਰਤਿਆ ਹੋਵੇ, ਉਸ ਤੋਂ ਬਦਲਵਾਂ ਪਾਉਣਾ ਚਾਹੀਦਾ ਹੈ ਜਾਂ ਫਿਰ ਨਵਾਂ ਨਦੀਨਨਾਸ਼ਕ ਜਿਵੇਂ ਕਿ ‘ਇਰੋਜ਼’ ਜਿਨ੍ਹਾਂ ਕਿਸਾਨਾਂ ਨੇ ਇਸ ਦੀ ਅਜ਼ਮਾਇਸ਼ ਕਰਕੇ ਸਫ਼ਲ ਪਾਇਆ ਹੋਵੇ, ਉਨ੍ਹਾਂ ਨੂੰ ਵਰਤ ਲੈਣਾ ਚਾਹੀਦਾ ਹੈ |
ਕਿਸਾਨਾਂ ਨੂੰ ਖੇਤੀ ਤੋਂ ਵਧੇਰੇ ਵੱਟਤ ਤੇ ਮੁਨਾਫਾ ਲੈਣ ਦੀ ਉਤਸੁਕਤਾ ਹੁੰਦੀ ਹੈ | ਜੋ ਕਿਸਾਨ ਬਾਸਮਤੀ ਜਾਂ ਝੋਨਾ ਜਾਂ ਮੱਕੀ ਦੀ ਕਾਸ਼ਤ ਨਹੀਂ ਕਰ ਸਕੇ, ਉਹ ਹੁਣ ਸਬਜ਼ੀਆਂ ਲਾ ਕੇ ਆਪਣਾ ਮੁਨਾਫ਼ਾ ਵਧਾ ਸਕਦੇ ਹਨ | ਹੁਣ ਬੈਂਗਣਾਂ ਦੀ ਪੂਸਾ ਸ਼ਿਆਮਲਾ ਕਿਸਮ ਜਿਸ ਦਾ ਝਾੜ 150 ਕੁਇੰਟਲ ਪ੍ਰਤੀ ਏਕੜ ਤੱਕ ਹੈ ਅਤੇ ਪਹਿਲੀ ਤੁੜਾਈ ਲਗਾਉਣ ਤੋਂ 50–55 ਦਿਨ ਤੱਕ ਹੋ ਜਾਂਦੀ ਹੈ, ਲਗਾ ਸਕਦੇ ਹਨ | ਦੂਜੀਆਂ 60 ਦਿਨ ‘ਚ 150 ਕੁਇੰਟਲ ਪ੍ਰਤੀ ਏਕੜ ਤੱਕ ਫ਼ਲ ਉਪਲੱਬਧ ਕਰਨ ਵਾਲੀ ਪੂਸਾ ਉੱਤਮ, ਪੂਸਾ ਹਾਈਬਿ੍ਡ 5, ਪੂਸਾ ਹਾਈਬਿ੍ਡ 6 ਅਤੇ ਪੂਸਾ ਹਾਈਬਿ੍ਡ 9 ਕਿਸਮਾਂ ਹਨ | ਹਾਈਬਿ੍ਡ ਕਿਸਮਾਂ ਦਾ ਝਾੜ ਦੂਜੀਆਂ ਕਿਸਮਾਂ ਨਾਲੋਂ ਵੱਧ ਹੈ | ਕਿਸਾਨ ਗੋਭੀ ਦੀਆਂ ਅਗੇਤੀਆਂ ਕਿਸਮਾਂ ਵੀ ਲਾ ਸਕਦੇ ਹਨ | ਇਸ ਸ਼ੇ੍ਰਣੀ ‘ਚ ਪੂਸਾ ਮੇਘਨਾ ਜੋ 95 ਦਿਨ ‘ਚ ਤਿਆਰ ਹੋ ਜਾਂਦੀ ਹੈ ਅਤੇ 45–50 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਦਿੰਦੀ ਹੈ, ਸ਼ਾਮਿਲ ਹੈ |
ਇਸ ਮੌਸਮ ‘ਚ ਇਹ ਕਿਸਮ ਲਾਹੇਵੰਦ ਸਾਬਤ ਹੋਈ ਹੈ | ਕਿਸਾਨ ਗੋਭੀ ਦੀ ‘ਪੂਸਾ ਕਾਰਤਿਕ ਸ਼ੰਕਰ’ ਕਿਸਮ ਵੀ ਲਾ ਸਕਦੇ ਹਨ, ਜੋ ਸਤੰਬਰ ‘ਚ ਤਿਆਰ ਹੋ ਜਾਵੇਗੀ ਅਤੇ 55 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਦੇਵੇਗੀ | ਇਹ ਹਾਈਬਿ੍ਡ ਕਿਸਮ ਹੈ | ਇਸ ਮੌਸਮ ‘ਚ ਲਾਉਣ ਵਾਲੀ ਅਤੇ ਵਧੇਰੇ ਮੁਨਾਫ਼ਾ ਦੇਣ ਵਾਲੀ ਅਗੇਤੀ ਗਾਜਰ ਦੀ ਕਿਸਮ ‘ਪੂਸਾ ਵਰਿਸ਼ਤੀ’ ਵਿਕਸਿਤ ਹੋਈ ਹੈ, ਜੋ ਅਗਲੇ ਮਹੀਨੇ 20 ਅਗਸਤ ਤੱਕ ਵੀ ਲੱਗ ਸਕਦੀ ਹੈ | ਇਹ ਤਿੰਨ ਮਹੀਨੇ ‘ਚ ਪੱਕ ਕੇ ਤਿਆਰ ਹੋ ਜਾਵੇਗੀ ਅਤੇ ਖਪਤਕਾਰਾਂ ਨੂੰ ਉਦੋਂ ਉਪਲਬਧ ਹੋਵੇਗੀ ਜਦੋਂ ਕਿ ਗਾਜਰ ਮੰਡੀ ‘ਚ ਵਿਕਣ ਲਈ ਹੀ ਨਾ ਆਈ ਹੋਵੇ | ਇਸ ਕਿਸਮ ਦੇ ਲਾਉਣ ਦਾ ਹੁਣ ਅਨੁਕੂਲ ਸਮਾਂ ਹੈ | ਇਸ ਕਿਸਮ ਦੀ ਉਤਪਾਦਕਤਾ 80 ਕੁਇੰਟਲ ਪ੍ਰਤੀ ਏਕੜ ਤੱਕ ਹੈ | ਇਸ ਕਿਸਮ ਦਾ ਬੀਜ ਅਜੇ ਮੰਡੀ ‘ਚ ਆਮ ਉਪਲਬਧ ਨਹੀਂ | ਵਿਗਿਆਨੀਆਂ ਵੱਲੋਂ ਕੀਤੀ ਗਈ ਇਹ ਵੱਡਮੁੱਲੀ ਖੋਜ ਹੈ, ਜੋ ਸਬਜ਼ੀ ਉਤਪਾਦਕਾਂ ਲਈ ਬੜੀ ਲਾਹੇਵੰਦ ਹੈ | ਚਾਹਵਾਨ ਉਤਪਾਦਕਾਂ ਨੂੰ ਭਾਰਤੀ ਖੇਤੀ ਖੋਜ ਸੰਸਥਾਨ ਦੇ ਖੇਤਰੀ ਕੇਂਦਰ ਕਰਨਾਲ ਤੋਂ ਇਸ ਕਿਸਮ ਦਾ ਬੀਜ ਉਪਲਬਧ ਹੋ ਸਕਦਾ ਹੈ |
ਪਿਆਜ਼ ਬੜੇ ਮਹਿੰਗੇ ਵਿਕ ਰਹੇ ਹਨ | ਕਿਸਾਨ ਪਿਆਜ਼ਾਂ ਦੀ ਸਾਉਣੀ ਦੀ ਫ਼ਸਲ ਵੀ ਲੈ ਸਕਦੇ ਹਨ | ਸਾਉਣੀ ‘ਚ ਲਾਉਣ ਵਾਲੀਆਂ ਸਫ਼ਲ ਕਿਸਮਾਂ ਐਨ 53 ਤੇ ਐਗਰੀਫਾਊਾਡ ਡਾਰਕ–ਰੈੱਡ ਬੜੀਆਂ ਸਫ਼ਲ ਹਨ | ਇਹ ਦੋਵੇਂ ਕਿਸਮਾਂ ਦਾ ਰੰਗ ਗੂੜ੍ਹਾ ਸੁਰਖ ਹੈ ਅਤੇ ਮੰਡੀ ‘ਚ ਇਨ੍ਹਾਂ ਕਿਸਮਾਂ ਦੇ ਪਿਆਜ਼ਾਂ ਨੂੰ ਖਪਤਕਾਰ ਲਾਹੇਵੰਦ ਭਾਅ ਦੇ ਕੇ ਖਰੀਦਦੇ ਹਨ | ਇਹ ਕਿਸਮਾਂ ਦੀ ਪਨੀਰੀ ਮੱਧ–ਅਗਸਤ ਤੱਕ ਲਾਈ ਜਾ ਸਕਦੀ ਹੈ | ਪਿਆਜ਼ਾਂ ਦੀ ਫ਼ਸਲ ‘ਚ ਘੱਟੋ-ਘੱਟ ਦੋ, ਤਿੰਨ ਗੋਡੀਆਂ ਕਰਨੀਆਂ ਜ਼ਰੂਰੀ ਹਨ | ਇਨ੍ਹਾਂ ‘ਚ ਥਰਿਪਸ ਜਾਂ ਪਰਪਲ ਬਲੌਚ ਦੀਆਂ ਬਿਮਾਰੀਆਂ ਆਉਂਦੀਆਂ ਹਨ | ਫ਼ਸਲ ਨੂੰ ਇਨ੍ਹਾਂ ਤੋਂ ਬਚਾਉਣ ਲਈ ‘ਡਾਇਥੇਨ’ ਤੇ ‘ਮੈਟਾਸਿਸਟਾਕਸ’ ਵਰਗੇ ਉੱਲੀਨਾਸ਼ਕਾਂ ਦਾ ਛਿੜਕਾਅ ਕਰਨ ਦੀ ਲੋੜ ਹੈ | ਪੂਰੀ ਸਾਵਧਾਨੀ ਤੇ ਮਾਹਰਾਂ ਦੀਆਂ ਸਿਫਾਰਸ਼ਾਂ ਦਾ ਪ੍ਰਯੋਗ ਕਰਕੇ ਇਨ੍ਹਾਂ ਕਿਸਮਾਂ ਤੋਂ 50 ਕੁਇੰਟਲ ਪ੍ਰਤੀ ਏਕੜ ਤੱਕ ਪਿਆਜ਼ਾਂ ਦੀ ਫ਼ਸਲ ਲਈ ਜਾ ਸਕਦੀ ਹੈ | ਇਸ ਤਰ੍ਹਾਂ ਕਿਸਾਨ ਝੋਨੇ ਨਾਲੋਂ ਵੱਧ ਮੁਨਾਫ਼ਾ ਕਮਾ ਸਕਦੇ ਹਨ |

ਭਗਵਾਨ ਦਾਸ
ਮੋਬਾ: 98152-36307

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!