Breaking News
Home / ਅੰਨਦਾਤਾ ਲਈ / ਝੋਨੇ ਦਾ ਰੰਗ ਗੂੜ੍ਹਾ ਹਰਾ ਕਰਨ ਦੇ ਇਲਾਵਾ ਨੁਕਸਾਨ ਵੀ ਕਰਦੀ ਹੈ ਬੇਲੋੜੀ ਖਾਦ

ਝੋਨੇ ਦਾ ਰੰਗ ਗੂੜ੍ਹਾ ਹਰਾ ਕਰਨ ਦੇ ਇਲਾਵਾ ਨੁਕਸਾਨ ਵੀ ਕਰਦੀ ਹੈ ਬੇਲੋੜੀ ਖਾਦ

603494__choona1

ਪੰਜਾਬ ਅੰਦਰ ਕਿਸਾਨਾਂ ਵੱਲੋਂ ਵੱਖ-ਵੱਖ ਫ਼ਸਲਾਂ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਪ੍ਰਤੀ ਕੀਤੀ ਜਾ ਰਹੀ ਲਾਪਰਵਾਹੀ ਸਦਕਾ ਇਸ ਸੂਬੇ ਅੰਦਰ ਖਾਦਾਂ ਦੀ ਕੁੱਲ ਜ਼ਰੂਰਤ ਨਾਲੋਂ ਢਾਈ ਗੁਣਾ ਜ਼ਿਆਦਾ ਖਾਦਾਂ ਖੇਤਾਂ ਵਿਚ ਪੈ ਰਹੀਆਂ ਹਨ | ਇਹ ਬੇਲੋੜੀਆਂ ਖਾਦਾਂ ਨਾ ਸਿਰਫ਼ ਕਿਸਾਨਾਂ ਦੇ ਖੇਤੀ ਖ਼ਰਚੇ ਵਧਾਉਣ ਦੇ ਨਾਲ-ਨਾਲ ਮਿੱਟੀ ਤੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ | ਸਗੋਂ ਇਨ੍ਹਾਂ ਦਾ ਫ਼ਸਲਾਂ ਦੀ ਪੈਦਾਵਾਰ ‘ਤੇ ਵੀ ਉਲਟਾ ਅਸਰ ਪੈ ਰਿਹਾ ਹੈ | ਖ਼ਾਸ ਤੌਰ ‘ਤੇ ਝੋਨੇ ਤੇ ਬਾਸਮਤੀ ਵਿਚ ਨਾਈਟ੍ਰੋਜਨ ਤੱਤ ਵਾਲੀਆਂ ਖਾਦਾਂ ਦੀ ਬੇਲੋੜੀ ਵਰਤੋਂ ਫ਼ਸਲ ‘ਤੇ ਕਈ ਬਿਮਾਰੀਆਂ ਦੇ ਹਮਲੇ ਦਾ ਕਾਰਨ ਬਣਨ ਦੇ ਇਲਾਵਾ ਕੀੜਿਆਂ ਦੇ ਹਮਲੇ ਨੂੰ ਵੀ ਉਤਸ਼ਾਹਿਤ ਕਰਦੀ ਹੈ | ਖੇਤੀ ਮਾਹਿਰਾਂ ਅਨੁਸਾਰ ਨਾਈਟ੍ਰੋਜਨ ਦੀ ਬੇਹਿਸਾਬੀ ਵਰਤੋਂ ਕਾਰਨ ਫ਼ਸਲ ‘ਤੇ ਝੁਲਸ ਰੋਗ ਭੂਰੇ ਧੱਬਿਆਂ ਦਾ ਰੋਗ, ਤਣੇ ਦੁਆਲੇ ਪੱਤਿਆਂ ਦਾ ਝੁਲਸ ਰੋਗ, ਤਣੇ ਦੇ ਗਲਣ ਦਾ ਰੋਗ, ਝੂਠੀ ਕਾਂਗਿਆਰੀ ਅਤੇ ਬੰਟ ਵਰਗੀਆਂ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ | ਏਨਾ ਹੀ ਨਹੀਂ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਾਰਨ ਫ਼ਸਲ ਦੇ ਪੱਤੇ ਨਰਮ ਹੋ ਜਾਂਦੇ ਹਨ ਜਿਸ ਕਾਰਨ ਇਨ੍ਹਾਂ ਦੇ ਕੀੜਿਆਂ ਮਕੌੜਿਆਂ ਦਾ ਹਮਲਾ ਵੀ ਵਧਦਾ ਹੈ | ਇਸ ਤੋਂ ਇਲਾਵਾ ਖੇਤੀ ਵਿਗਿਆਨੀਆਂ ਵੱਲੋਂ ਇਹ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ ਜੇਕਰ ਕਣਕ ਨੂੰ ਫਾਸਫੋਰਸ ਖਾਦ ਪਾਈ ਹੋਵੇ ਤਾਂ ਉਸੇ ਖੇਤ ਵਿਚ ਬੀਜੇ ਜਾਣ ਵਾਲੇ ਝੋਨੇ ਜਾਂ ਬਾਸਮਤੀ ਦੀ ਫ਼ਸਲ ਨੂੰ ਫਾਸਫੋਰਸ ਤੱਤ ਵਾਲੀਆਂ ਖਾਦਾਂ ਦੀ ਜ਼ਿਆਦਾ ਲੋੜ ਨਹੀਂ ਹੁੰਦੀ | ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਪ੍ਰਤੀ ਏਕੜ 1 ਬੋਰੀ ਤੋਂ ਵੀ ਜ਼ਿਆਦਾ ਡੀ. ਏ. ਪੀ. ਖਾਦ ਪਾਈ ਜਾ ਰਹੀ ਹੈ | ਜਿੱਥੇ ਤੱਕ ਯੂਰੀਆ ਦਾ ਸਵਾਲ ਹੈ ਤਾਂ ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਕਿਸਾਨ ਦੇਖੋ-ਦੇਖੀ ਆਪਣੀ ਫ਼ਸਲ ਦਾ ਰੰਗ ਗੂੜ੍ਹਾ ਹਰਾ ਕਰਨ ਦੇ ਲਾਲਚ ਵਿਚ ਯੂਰੀਆ ਦੀ ਬੇਹਿਸਾਬੀ ਵਰਤੋਂ ਕਰਦੇ ਹਨ | ਜਦੋਂ ਕਿ ਕਿਸਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਨਾਈਟ੍ਰੋਜਨ ਖਾਦ ਬੂਟੇ ਦਾ ਰੰਗ ਹਰਾ ਜ਼ਰੂਰ ਕਰ ਦਿੰਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਕਾਰਨ ਬੂਟਾ ਬਹੁਤ ਜਲਦੀ ਵਧਦਾ ਹੈ | ਦੂਜੇ ਪਾਸੇ ਨਾਈਟ੍ਰੋਜਨ ਖਾਦ ਬੂਟੇ ਦੀਆਂ ਜੜ੍ਹਾਂ ਦਾ ਵਿਕਾਸ ਨਹੀਂ ਕਰਦੀ ਅਤੇ ਬੂਟੇ ਦਾ ਤਣਾ ਕਮਜ਼ੋਰ ਰਹਿ ਜਾਣ ਕਾਰਨ ਫ਼ਸਲ ਥੋੜ੍ਹੀ ਜਿਹੀ ਹਨੇਰੀ ਆਉਣ ‘ਤੇ ਹੀ ਫ਼ਸਲ ਵਿਛ ਜਾਂਦੀ ਹੈ | ਇਸ ਲਈ ਨਾਈਟ੍ਰੋਜਨ ਖਾਦ ਦੀ ਵਰਤੋਂ ਮਿੱਟੀ ਪਰਖ ਕਰਵਾ ਕੇ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਕਰਨੀ ਚਾਹੀਦੀ ਹੈ |
ਪੀ. ਏ. ਯੂ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਮੁਤਾਬਿਕ ਝੋਨੇ ਦੇ ਖੇਤ ਵਿਚ ਆਖ਼ਰੀ ਕੱਦੂ ਕਰਨ ਸਮੇਂ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਉਪਰੰਤ ਝੋਨਾ ਲਗਾਉਣ ਦੇ ਦੋ-ਦੋ ਹਫ਼ਤਿਆਂ ਬਾਅਦ ਉੱਪਰੋਂ ਖੁੱਲ੍ਹੇ ਹੋਏ ਦੂਜੇ ਅਤੇ ਰੋਗ ਰਹਿਤ ਪੱਤੇ ਦਾ ਰੰਗ ਚਾਰਟ ਨਾਲ ਮਿਲਾ ਕੇ ਫ਼ਸਲ ਵਿਚ ਨਾਈਟ੍ਰੋਜਨ ਖਾਦ ਦੀ ਲੋੜ ਦਾ ਪਤਾ ਲਗਾਇਆ ਜਾ ਸਕਦਾ ਹੈ | ਜਿਸ ਹਫ਼ਤੇ 10 ਵਿਚੋਂ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦੇਣਾ ਚਾਹੀਦਾ ਹੈ | ਜੇਕਰ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ 4 ਨੰਬਰ ਟਿੱਕੀ ਤੋਂ ਗੂੜ੍ਹਾ ਹੋਵੇ ਤਾਂ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਰੰਗ ਮਿਲਾਉਣ ਵੇਲੇ ਪੱਤਿਆਂ ਨੂੰ ਬੂਟੇ ਨਾਲੋਂ ਤੋੜਨਾ ਨਹੀਂ ਚਾਹੀਦਾ ਅਤੇ ਹਰ ਵਾਰੀ ਰੰਗ ਮਿਲਾਉਣ ਸਮੇਂ ਇਕੋ ਹੀ ਸਮਾਂ ਰੱਖਣਾ ਚਾਹੀਦਾ ਹੈ ਜਿਸ ਵਿਚ ਸਵੇਰੇ 9-10 ਵਜੇ ਜਾਂ ਸ਼ਾਮ 4-5 ਵਜੇ ਸਮੇਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ | ਰੰਗ ਮਿਲਾਉਣ ਵਾਲੇ ਵਿਅਕਤੀ ਦਾ ਪਰਛਾਵਾਂ ਪੱਤੇ ਅਤੇ ਚਾਰਟ ‘ਤੇ ਪੈਣਾ ਚਾਹੀਦਾ ਹੈ | ਜਦੋਂ ਝੋਨਾ ਨਿੱਸਰ ਜਾਵੇ ਤਾਂ ਇਸ ਚਾਰਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਖੇਤ ਵਿਚ ਹੋਰ ਖਾਦ ਪਾਉਣੀ ਚਾਹੀਦੀ ਹੈ | ਝੋਨੇ ਦੀ ਫ਼ਸਲ ਵਿਚ ਨਾਈਟਰੋਜਨ ਦੀ ਲੋੜ ਨੂੰ ਜਾਣਨ ਲਈ ਪੱਤਾ ਰੰਗ ਚਾਰਟ ਇਕ ਸਫਲ ਯੰਤਰ ਹੈ | ਇਸ ਲਈ ਝੋਨੇ ਵਿਚ ਬਿਜਾਈ ਤੋਂ 21 ਅਤੇ 42 ਦਿਨਾਂ ਬਾਅਦ ਖਾਦ ਪਾਉਣ ਦੀ ਬਜਾਏ ਇਸ ਚਾਰਟ ਦੀ ਵਰਤੋਂ ਕਰਕੇ ਸਹੀ ਸਮੇਂ ਅਤੇ ਸਹੀ ਮਿਕਦਾਰ ਵਿਚ ਹੀ ਨਾਈਟ੍ਰੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਚਾਰਟ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਸਾਰੀਆਂ ਪ੍ਰਮਾਣਿਤ ਕਿਸਮਾਂ ਲਈ ਕੀਤੀ ਜਾ ਸਕਦੀ ਹੈ | ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਵਿਚ ਫਾਸਫੋਰਸ ਦੀ ਵਰਤੋਂ ਪ੍ਰਤੀ ਵੀ ਕਿਸਾਨਾਂ ਨੂੰ ਸੁਚੱਜੀ ਜਾਣਕਾਰੀ ਨਹੀਂ ਹੈ ਜਿਸ ਤਹਿਤ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਵਿਚ ਫਾਸਫੋਰਸ ਪਾਉਣ ਦੇ ਬਾਅਦ ਝੋਨੇ ਵਿਚ ਵੀ ਫਾਸਫੋਰਸ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿ ਪੀ. ਏ. ਯੂ ਦੀ ਸਿਫ਼ਾਰਸ਼ਾਂ ਅਨੁਸਾਰ ਜੇਕਰ ਕਣਕ ਵਾਲੇ ਖੇਤ ਵਿਚ ਡੀ. ਏ. ਪੀ ਪੂਰੀ ਮਾਤਰਾ ਵਿਚ ਪਾਈ ਗਈ ਹੋਵੇ ਤਾਂ ਉਸੇ ਖੇਤ ਵਿਚ ਬੀਜੇ ਜਾਣ ਵਾਲੇ ਝੋਨੇ ਦੀ ਫ਼ਸਲ ਨੂੰ ਡੀ. ਏ. ਪੀ ਖਾਦ ਦੀ ਕੋਈ ਜ਼ਰੂਰਤ ਨਹੀਂ ਹੁੰਦੀ | ਪੰਜਾਬ ਦੀਆਂ ਲਗਭਗ 75 ਫ਼ੀਸਦੀ ਜ਼ਮੀਨਾਂ ਵਿਚ ਪੋਟਾਸ਼ੀਅਮ ਵਾਲੀਆਂ ਧਾਤਾਂ ਮੌਜੂਦ ਹਨ | ਪਰ ਫਿਰ ਵੀ ਜੇਕਰ ਕਿਸੇ ਜ਼ਮੀਨ ਵਿਚ ਪੋਟਾਸ਼ੀਅਮ ਦੀ ਕਮੀ ਮਹਿਸੂਸ ਹੋਵੇ ਤਾਂ 20 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾ ਕੇ ਝੋਨੇ ਦਾ ਪੂਰੀ ਗੁਣਵੱਤਾ ਵਾਲਾ ਝਾੜ ਲਿਆ ਜਾ ਸਕਦਾ ਹੈ | ਖੇਤੀ ਵਿਗਿਆਨੀਆਂ ਦੇ ਤਜਰਬੇ ਅਨੁਸਾਰ ਝੋਨੇ ਨੂੰ 6 ਟਨ ਰੂੜੀ ਪ੍ਰਤੀ ਏਕੜ ਪਾ ਕੇ ਇਕ ਤਿਹਾਈ ਯੂਰੀਆ ਦੀ ਵਰਤੋਂ ਘਟਾਈ ਜਾ ਸਕਦੀ ਹੈ | ਜੇਕਰ ਪਨੀਰੀ ਲਗਾਉਣ ਤੋਂ ਬਾਅਦ 2-3 ਹਫ਼ਤਿਆਂ ਤੱਕ ਬੂਟੇ ਗਿੱਠੇ ਰਹਿਣ ਅਤੇ ਪੱਤੇ ਜੰਗਾਲੇ ਅਤੇ ਭੂਰੇ ਹੋਣ ਤੋਂ ਇਲਾਵਾ ਵਿਚਕਾਰਲੀ ਨਾੜੀ ਦਾ ਰੰਗ ਬਦਲ ਜਾਵੇ ਅਤੇ ਪੱਤੇ ਸੁੱਕਣੇ ਸ਼ੁਰੂ ਹੋ ਜਾਣ ਤਾਂ ਖੇਤ ਵਿਚ ਜ਼ਿੰਕ ਦੀ ਘਾਟ ਪੈਦਾ ਹੁੰਦੀ ਹੈ | ਜੇਕਰ ਖੇਤ ਵਿਚ ਪਾਣੀ ਦੀ ਘਾਟ ਹੋਵੇ ਅਤੇ ਪਨੀਰੀ ਲਗਾਉਣ ਤੋਂ ਬਾਅਦ ਕੁੱਝ ਦਿਨ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਣ ਅਤੇ ਬੂਟੇ ਮਰਨੇ ਸ਼ੁਰੂ ਹੋ ਜਾਣ ਤਾਂ ਖੇਤ ਨੂੰ ਜਲਦੀ ਹੀ ਭਰਵਾਂ ਪਾਣੀ ਦੇਣਾ ਚਾਹੀਦਾ ਹੈ ਅਤੇ ਇਕ ਹਫ਼ਤੇ ਦੇ ਫ਼ਰਕ ਨਾਲ ਇਕ ਕਿੱਲੋ ਫੈਰਸ ਸਲਫ਼ੇਟ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰਨਾ ਚਾਹੀਦਾ ਹੈ |

-ਗੁਰਦਾਸਪੁਰ |

(source Ajit)

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!