Breaking News
Home / ਅੰਨਦਾਤਾ ਲਈ / ਗਾਜਰ ਘਾਹ-ਇਕ ਖ਼ਤਰਨਾਕ ਨਦੀਨ

ਗਾਜਰ ਘਾਹ-ਇਕ ਖ਼ਤਰਨਾਕ ਨਦੀਨ

291916__fਗਾਜਰ ਘਾਹ ਇਕ ਗਾਜਰ ਜਿਹਾ ਦਿਖਣ ਵਾਲਾ ਨਦੀਨ ਹੈ ਜਿਸਦਾ ਵਿਗਿਆਨਿਕ ਨਾਂਅ ‘ਪਾਰਥੇਨਿਅਮ ਹਿਮਟੋਫੋਰਸ’ ਹੈ। ਇਸ ਨਦੀਨ ਦਾ ਮੂਲ ਜਨਮ ਸਥਾਨ ਵੈਸਟ ਇੰਡੀਜ਼ ਅਤੇ ਉੱਤਰੀ ਅਮਰੀਕਾ ਮੰਨਿਆ ਜਾਂਦਾ ਹੈ। ਭਾਰਤ ਵਿਚ ਸਭ ਤੋਂ ਪਹਿਲਾਂ ਇਹ ਘਾਹ ਸੰਨ 1956 ਵਿਚ ਪੂਨਾ (ਮਹਾਰਾਸ਼ਟਰ) ਵਿਚ ਦੇਖਿਆ ਗਿਆ। ਅੱਜ ਪੂਰੇ ਭਾਰਤ ਵਿਚ ਲਗਭਗ 35 ਹਜ਼ਾਰ ਮਿਲੀਅਨ ਹੈਕਟੇਅਰ ਰਕਬੇ ਵਿਚ ਇਹ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਗਾਜਰ ਘਾਹ ਨੂੰ ਪਾਰਥੀਨੀਅਮ/ ਸਫੈਦ ਟੋਪੀ/ ਕਾਂਗਰਸ ਘਾਹ/ ਗੰਦੀ ਬੂਟੀ/ ਚੱਤਕ ਚਾਂਦਨੀ ਆਦਿ ਵੀ ਕਿਹਾ ਜਾਂਦਾ ਹੈ । ਇਹ ਖੁੱਲ੍ਹੇ ਥਾਵਾਂ ‘ਤੇ ਪਾਇਆ ਜਾਣ ਵਾਲਾ ਮੁੱਖ ਨਦੀਨ ਹੈ । ਇਹ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਕੁਦਰਤੀ ਸੋਮਿਆਂ ਦਾ ਨੁਕਸਾਨ ਕਰਨ ਤੋਂ ਇਲਾਵਾ ਇਹ ਨਦੀਨ ਕਾਫ਼ੀ ਆਰਥਿਕ ਨੁਕਸਾਨ ਵੀ ਕਰਦਾ ਹੈ । ਇਸ ਦੀ ਰੋਕਥਾਮ ਵਿਚ ਲਾਪ੍ਰਵਾਹੀ ਦੇ ਕਾਰਨ, ਇਹ ਨਦੀਨ ਪਿਛਲੇ 15-20 ਸਾਲਾਂ ਤੋਂ ਸਾਰੇ ਜਡੋਨਕਧਕ ਵਿਚ ਖਾਲੀ ਥਾਂਵਾਂ, ਸੜਕਾਂ ਦੇ ਆਲੇ-ਦੁਆਲੇ, ਨਹਿਰਾਂ ਦੀਆਂ ਪਟੜੀਆਂ, ਰੇਲ ਦੀਆਂ ਲਾਈਨਾਂ ਦੇ ਦੁਆਲੇ, ਰਿਹਾਇਸ਼ੀ ਕਾਲੋਨੀਆਂ, ਸ਼ਾਮਲਾਟ ਜ਼ਮੀਨਾਂ, ਪੱਕੀਆਂ ਵੱਟਾਂ ਅਤੇ ਹੋਰ ਖੁੱਲ੍ਹੀਆਂ ਥਾਂਵਾਂ ਵਿਚ ਪਾਇਆ ਜਾਂਦਾ ਹੈ । ਇਹ ਨਦੀਨ ਜੋ ਕਿ ਸਿਰਫ਼ ਖਾਲੀ ਥਾਵਾਂ ‘ਤੇ ਹੀ ਉੱਗਦਾ ਸੀ, ਅੱਜਕਲ੍ਹ ਬਹੁਤ ਸਾਰੀਆਂ ਫ਼ਸਲਾਂ ਅਤੇ ਬਾਗਾਂ ਵਿਚ ਵੀ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ। ਇਸ ਲਈ ਮਨੁੱਖਾਂ ਅਤੇ ਪਸ਼ੂਆਂ ਦੀ ਚੰਗੀ ਸਿਹਤ ਅਤੇ ਕੁਦਰਤੀ ਸੋਮਿਆਂ ਦੀ ਸੁਰੱਖਿਆ ਲਈ ਗਾਜਰ ਘਾਹ ਨੂੰ ਜੜ੍ਹੋਂ ਖਤਮ ਕਰਨਾ ਬੇਹੱਦ ਜ਼ਰੂਰੀ ਹੈ ।
ਗਾਜਰ ਘਾਹ ਦੀ ਪਛਾਣ ਕਿਵੇਂ ਕਰੀਏ?
ਗਾਜਰ ਘਾਹ ਡੂੰਘੀਆਂ ਜੜ੍ਹਾਂ, ਸਿੱਧੇ ਅਤੇ ਸਖ਼ਤ ਤਣੇ ਵਾਲਾ, ਤੇਜ਼ੀ ਨਾਲ ਵਧਣ ਵਾਲਾ ਬੂਟਾ ਹੈ, ਜਿਸਦੀ ਔਸਤਨ ਉਚਾਈ 3 ਤੋਂ 4 ਫੁੱਟ ਹੁੰਦੀ ਹੈ । ਇਸਦੇ ਪੱਤੇ ਗਾਜਰ ਦੇ ਪੱਤਿਆਂ ਵਾਂਗ ਚੀਰਵੇਂ ਹੁੰਦੇ ਹਨ ਅਤੇ ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਬਹੁਤ ਗਿਣਤੀ ਵਿਚ ਆਉਂਦੇ ਹਨ । ਇਸ ਦੇ ਬੀਜ ਬਹੁਤ ਬਰੀਕ ਅਤੇ ਹਲਕੇ ਹੁੰਦੇ ਹਨ। ਇਹ ਨਦੀਨ ਫ਼ਰਵਰੀ ਵਿਚ ਉੱਗਣਾ ਸ਼ੂਰੁ ਹੁੰਦਾ ਹੈ ਅਤੇ ਬਰਸਾਤਾਂ ਦੇ ਅਧਾਰ ਤੇ ਇਕ ਸਾਲ ਵਿਚ ਤਕਰੀਬਨ ਚਾਰ ਤੋਂ ਪੰਜ ਵਾਰੀ ਉਗੱਦਾ ਹੈ । ਗਾਜਰ ਘਾਹ ਦੀ ਸਮੱਸਿਆ ਬਰਸਾਤਾਂ ਦੇ ਮਹੀਨਿਆਂ (ਜੁਲਾਈ-ਅਗਸਤ) ਵਿਚ ਬਹੁਤ ਹੁੰਦੀ ਹੈ ਅਤੇ ਇਸ ਮੌਸਮ ਵਿਚ ਗਾਜਰ ਘਾਹ ਦੁਆਰਾ ਕੁਦਰਤੀ ਸੋਮਿਆਂ, ਮਨੁੱਖਾਂ ਅਤੇ ਪਸ਼ੂਆਂ ਤੇ ਮਾੜਾ ਅਸਰ ਵੀ ਵੱਧ ਹੁੰਦਾ ਹੈ।
ਗਾਜਰ ਘਾਹ ਦੇ ਤੇਜ਼ੀ ਨਾਲ ਵਧਣ ਦੇ ਮੁੱਖ ਕਾਰਨ : ਗਾਜਰ ਘਾਹ ਨੂੰ ਪਾਣੀ ਦੀ ਲੋੜ ਬਹੁਤ ਘੱਟ ਹੈ। ਇਸ ਲਈ ਇਹ ਬਰਾਨੀ ਹਾਲਤਾਂ ਵਿਚ ਵੀ ਉੱਗ ਜਾਂਦਾ ਹੈ ਅਤੇ ਬੀਜ ਬਣਾ ਲੈਂਦਾ ਹੈ। ਗਾਜਰ ਘਾਹ ਦਾ ਇਕ ਬੂਟਾ 5000 ਤੋਂ 25000 ਬੀਜ ਪੈਦਾ ਕਰ ਸਕਦਾ ਹੈ ਜਿਹੜੇ ਕਿ ਹਵਾ ਜਾਂ ਪਾਣੀ, ਖਾਦਾਂ ਨਾਲ ਰਲ ਕੇ, ਰੇਲਾਂ ਜਾਂ ਗੱਡੀਆਂ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਹਨ ਅਤੇ ਜ਼ਮੀਨ ਅੰਦਰ ਥੋੜ੍ਹੀ ਨਮੀ ਮਿਲਣ ਨਾਲ ਹੀ ਉੱਗ ਪੈਂਦੇ ਹਨ । ਗਾਜਰ ਘਾਹ ਆਪਣੇ ਟੁੱਟੇ ਅਤੇ ਕੱਟੇ ਹੋਏ ਹਿੱਸਿਆਂ ਨਾਲ ਵੀ ਵਧ-ਫੁੱਲ ਸਕਦਾ ਹੈ। ਬਹੁਤ ਜ਼ਿਆਦਾ ਠੰਡ ਪੈਣ ਸਮੇਂ ਇਸਦੇ ਪੱਤੇ ਸੁੱਕ ਜਾਂਦੇ ਹਨ ਪਰੰਤੂ ਤਣਾ ਅਤੇ ਜੜ੍ਹ ਹਰੇ ਹੀ ਰਹਿੰਦੇ ਹਨ ਜੋ ਬਹਾਰ ਰੁੱਤ ਦੇ ਆਉਣ ਨਾਲ ਫਿਰ ਵਧਣਾ ਸ਼ੁਰੂ ਕਰ ਦਿੰਦੇ ਹਨ। ਛਾਂ ਵਾਲੀ ਜਗ੍ਹਾ ‘ਤੇ ਭਾਵੇਂ ਇਸ ਦਾ ਵਾਧਾ ਰੁੱਕ ਜਾਂਦਾ ਹੈ ਪਰੰਤੂ ਬੂਟਾ ਹਰਾ ਹੀ ਰਹਿੰਦਾ ਹੈ।
ਗਾਜਰ ਘਾਹ ਇਕ ਸਮੱਸਿਆਜਨਕ ਬੂਟੀ ਕਿਉਂ ?
1. ਮਨੁੱਖੀ ਸਿਹਤ ਤੇ ਅਸਰ : ਗਾਜਰ ਘਾਹ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਕੁਝ ਵਿਅਕਤੀਆਂ ਦੀ ਸਿਹਤ ਦੀ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਨਦੀਨ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਜੇਕਰ ਇਸ ਨਦੀਨ ਨਾਲ ਬਹੁਤ ਵਾਹ ਪਿਆ ਰਹੇ ਤਾਂ ਕਈ ਤਰ੍ਹਾਂ ਦੇ ਰੋਗ ਜਿਵੇਂ ਕਿ ਦਮਾ, ਨਜ਼ਲਾ, ਜੁਕਾਮ, ਚਮੜੀ ਦੀ ਸੋਜਿਸ਼, ਖੁਜ਼ਲੀ/ਖਾਰਸ਼, ਕਈ ਤਰ੍ਹਾਂ ਦੀ ਅਲਰਜ਼ੀ ਆਦਿ ਹੋ ਜਾਂਦੇ ਹਨ। ਜਿਹੜੇ ਵਿਅਕਤੀ ਘੱਟ ਕੱਪੜੇ ਪਾ ਕੇ ਗਾਜਰ ਘਾਹ ਦੇ ਬੂਟਿਆਂ ਵਿਚ ਫਿਰਦੇ ਹਨ ਉਹ ਇਨ੍ਹਾਂ ਬਿਮਾਰੀਆਂ ਦਾ ਜ਼ਿਆਦਾ ਸ਼ਿਕਾਰ ਹੁੰਦੇ ਹਨ। ਗਾਜਰ ਘਾਹ ਦੇ ਪਰਾਗਕਣ ਜੇਕਰ ਸਾਹ ਰਾਹੀਂ ਅੰਦਰ ਚਲੇ ਜਾਣ ਤਾਂ ਵੀ ਇਹ ਬਿਮਾਰੀਆਂ ਲੱਗ ਸਕਦੀਆਂ ਹਨ। ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਵਿਅਕਤੀਆਂ ਦੇ ਸ਼ਰੀਰ ‘ਤੇ ਲਾਲ ਧਾਰੀਆਂ ਪੈ ਜਾਂਦੀਆਂ ਹਨ, ਖ਼ਾਰਸ਼ ਬਹੁਤ ਹੁੰਦੀ ਹੈ, ਛਿੱਕਾਂ ਆਉਂਦੀਆਂ ਹਨ ਅਤੇ ਸਾਹ ਲੈਣ ਵਿਚ ਵੀ ਸਮੱਸਿਆ ਆ ਜਾਂਦੀ ਹੈ। ਬਿਮਾਰੀ ਵਧਣ ‘ਤੇ ਪਾਣੀ ਵੀ ਸਿੰਮਣ ਲੱਗ ਜਾਂਦਾ ਹੈ ਅਤੇ ਕਈ ਵਾਰ ਮਰੀਜ਼ ਨੂੰ ਹਸਪਤਾਲ ਵਿਚ ਵੀ ਦਾਖਲ ਕਰਵਾਉਣਾ ਪੈ ਜਾਂਦਾ ਹੈ।
2. ਪਸ਼ੂਆਂ ਦੀ ਸਿਹਤ ‘ਤੇ ਅਸਰ : ਗਾਜਰ ਘਾਹ ਦਾ ਪਸ਼ੂਆਂ ਦੀ ਸਿਹਤ ਤੇ ਵੀ ਬਹੁਤ ਮਾੜਾ ਅਸਰ ਵੇਖਿਆ ਗਿਆ ਹੈ। ਜੇਕਰ ਇਸ ਨਦੀਨ ਨੂੰ ਦੁੱਧ ਦੇਣ ਵਾਲੇ ਪਸ਼ੂ ਖਾ ਲੈਣ ਤਾਂ ਦੁੱਧ ਦਾ ਸੁਆਦ ਬਦਲ ਜਾਂਦਾ ਹੈ ਕਿਉਂਕਿ ਪਾਰਥੀਨਿਨ ਨਾਂਅ ਦੇ ਜ਼ਹਿਰ ਦੀ ਮਾਤਰਾ ਦੁੱਧ ਵਿਚ ਵੱਧ ਜਾਂਦੀ ਹੈ ਜੋ ਕਿ ਮਨੁੱਖੀ ਸਿਹਤ ਵਾਸਤੇ ਬਹੁਤ ਖਤਰਨਾਕ ਹੈ। ਜੇਕਰ ਪਸ਼ੂ ਇਸ ਨੂੰ ਜ਼ਿਆਦਾ ਮਾਤਰਾ ਵਿਚ ਖਾ ਲੈਣ ਤਾਂ ਪਸ਼ੂਆਂ ਦੇ ਸਰੀਰ ‘ਤੇ ਲਾਲ ਧਾਰੀਆਂ ਪੈਣਾ, ਵਾਲਾਂ ਦਾ ਡਿੱਗਣਾ, ਚਮੜੀ ਖਰਾਬ ਹੋ ਜਾਣਾ, ਮੂੰਹ ਵਿਚ ਛਾਲੇ ਪੈ ਜਾਣੇ ਆਦਿ ਰੋਗ ਲੱਗ ਜਾਂਦੇ ਹਨ, ਪਸ਼ੂਆਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਅਤੇ ਪਸ਼ੂ ਮਰ ਵੀ ਸਕਦੇ ਹਨ।
3. ਵਾਤਾਵਰਨ ਅਤੇ ਫ਼ਸਲਾਂ ਨੂੰ ਨੁਕਸਾਨ : ਗਾਜਰ ਘਾਹ ਜ਼ਮੀਨ ਵਿਚ ਜ਼ਹਿਰੀਲੇ ਰਸਾਇਣ ਛੱਡਦਾ ਹੈ ਅਤੇ ਆਪਣੇ ਆਲੇ-ਦੁਆਲੇ ਕਿਸੇ ਵੀ ਬੂਟੇ ਨੂੰ ਉੱਗਣ ਨਹੀਂ ਦਿੰਦਾ। ਇਸ ਕਰਕੇ ਗਾਜਰ ਘਾਹ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ ।
ਮੀਲੀ ਬੱਗ ਜੋ ਕਿ ਨਰਮੇ-ਕਪਾਹ ਦਾ ਖ਼ਤਰਨਾਕ ਕੀੜਾ ਹੈ, ਗਾਜਰ ਘਾਹ ਉੱਤੇ ਪਲਦਾ ਹੈ ਅਤੇ ਬਾਅਦ ਵਿਚ ਨਰਮੇ-ਕਪਾਹ ਦੀ ਫ਼ਸਲ ਤੇ ਆਉਂਦਾ ਹੈ। ਵੱਧ ਹਮਲੇ ਦੀ ਸੂਰਤ ਵਿਚ ਇਹ ਨਰਮੇ ਦੀ ਫ਼ਸਲ ਦਾ ਬਹੁਤ ਨੁਕਸਾਨ ਕਰ ਦਿੰਦਾ ਹੈ ।
ਇਹ ਨਦੀਨ ਜੋ ਕਿ ਸਿਰਫ਼ ਖਾਲੀ ਥਾਵਾਂ ਤੇ ਹੀ ੳੱਗਦਾ ਸੀ, ਅੱਜ-ਕੱਲ੍ਹ ਬਹੁਤ ਸਾਰੀਆਂ ਫ਼ਸਲਾਂ ਅਤੇ ਬਾਗਾਂ ਵਿਚ ਵੀ ਬਹੁਤ ਗੰਭੀਰ ਸਮੱਸਿਆ ਬਣ ਗਿਆ ਹੈ । ਇਹ ਕਮਾਦ, ਨਰਮਾ-ਕਪਾਹ, ਬਰਸੀਮ ਦੀ ਬੀਜ ਵਾਲੀ ਫ਼ਸਲ, ਪੱਠੇ, ਅਤੇ ਸਬਜ਼ੀਆਂ ਆਦਿ ਵਿਚ ਵੀ ਆਉਣ ਲੱਗਾ ਹੈ ਅਤੇ ਝਾੜ ‘ਤੇ ਵੀ ਮਾੜਾ ਅਸਰ ਪਾਉਂਦਾ ਹੈ।
(ਬਾਕੀ ਅਗਲੇ ਅੰਕ ‘ਚ)

ਡਾ: ਸਤਬੀਰ ਸਿੰਘ ਪੂਨੀਆਂ
-ਸੀਨੀਅਰ ਸਾਇੰਸਦਾਨ (ਫ਼ਸਲ ਵਿਗਿਆਨ), ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ-125004.

(source Ajit)

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!