Breaking News
Home / ਅੰਨਦਾਤਾ ਲਈ / ਕਣਕ ਦੇ ਨਾੜ ਨੂੰ ਸਾੜਨ ਤੋਂ ਬਗੈਰ ਵੀ ਕੀਤਾ ਜਾ ਸਕਦਾ ਹੈ ਨਸ਼ਟ

ਕਣਕ ਦੇ ਨਾੜ ਨੂੰ ਸਾੜਨ ਤੋਂ ਬਗੈਰ ਵੀ ਕੀਤਾ ਜਾ ਸਕਦਾ ਹੈ ਨਸ਼ਟ

545901__kharka

ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਨ ਦੇ ਭਾਵੇਂ ਅਨੇਕਾਂ ਕਾਰਨ ਹਨ ਪ੍ਰੰਤੂ ਇਸ ਦਾ ਇਕੋ ਕਾਰਨ (ਭਾਵੇਂ ਥੋੜ੍ਹੇ ਸਮੇਂ ਲਈ) ਕਿਸਾਨਾਂ ਵੱਲੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਜਲਾਉਣਾ ਵੀ ਹੈ, ਭਾਵੇਂ ਕਿ ਵਾਤਾਵਰਨ ਨੂੰ ਗੰਧਲਾ ਕਰਨ ਵਿਚ ਫੈਕਟਰੀਆਂ ਦੀਆਂ ਚਿਮਨੀਆਂ ਦੀ ਕਾਲਖ, ਮੋਟਰ ਗੱਡੀਆਂ ਦਾ ਧੂੰਆਂ, ਏ. ਸੀ., ਫਰਿੱਜ਼ਾਂ ਦੀ ਗੈਸ ਤੇ ਸ਼ਹਿਰਾਂ ਦੀ ਗੰਦਗੀ ਆਦਿ ਵੀ ਹਨ ਪਰ ਜ਼ਿਆਦਾਤਰ ਇਸ ਲਈ ਕਿਸਾਨ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਜੋ ਕਿਸੇ ਹੱਦ ਤੱਕ ਠੀਕ ਹੈ। ਦੇਸ਼ ਦਾ ਅਨਾਜ ਦੇ ਖੇਤਰ ਵਿਚ ਢਿੱਡ ਭਰਨਵਾਲੇ ਕਿਸਾਨ ਨੂੰ ਸਿਰਫ਼ ਫੋਕੀ ਸ਼ਾਬਾਸ਼ ਦੇ ਕੇ ਹੀ ਨਿਵਾਜ਼ਿਆ ਜਾਂਦਾ ਹੈ ਜਦੋਂ ਕਿ ਉਸ ਨੂੰ ਖੇਤੀ ਵਿਚ ਆਉਂਦੀਆਂ ਮੁਸ਼ਕਿਲਾਂ ਬਾਰੇ ਦਫਤਰਾਂ ਵਿਚ ਬੈਠ ਕੇ ਕਾਗਜ਼ੀ ਸਮਾਧਾਨ ਦੇ ਕੇ ਸਾਰ ਦਿੱਤਾ ਜਾਂਦਾ ਹੈ। ਖੇਤਾਂ ਵਿਚ ਕੰਬਾਈਨਾਂ ਨਾਲ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਈ ਜਾਂਦੀ ਹੈ ਜੋ ਪਸ਼ੂਆਂ ਲਈ ਚਾਰੇ ਦਾ ਕੰਮ ਦਿੰਦੀ ਹੈ, ਉਸ ਤੋਂ ਬਾਅਦ ਖੇਤਾਂ ਨੂੰ ਝੋਨੇ ਦੀ ਬਿਜਾਈ ਲਈ ਤਿਆਰ ਕਰਨਾ ਹੁੰਦਾ ਹੈ। ਨਾੜ ਨੂੰ ਨਸ਼ਟ ਕੀਤੇ ਬਗੈਰ ਕੱਦੂ ਨਹੀਂ ਕੀਤਾ ਜਾ ਸਕਦਾ ਜੋ ਝੋਨੇ ਦੀ ਬਿਜਾਈ ਲਈ ਅਤਿ ਜ਼ਰੂਰੀ ਹੈ। ਬੇਸ਼ੱਕ ਨਾੜ ਦੀ ਰਹਿੰਦ-ਖੂੰਹਦ ਜਲਾਉਣ ਨਾਲ ਜ਼ਮੀਨ ਵਿਚਲੇ ਉਪਜਾਊ ਤੱਤ, ਮਿੱਤਰ ਕੀੜੇ ਤੇ ਰੁੱਖਾਂ ਸਮੇਤ ਪੰਛੀਆਂ ਦੇ ਆਲ੍ਹਣੇ ਵੀ ਸੜ ਜਾਂਦੇ ਹਨ ਪ੍ਰੰਤੂ ਕਿਸਾਨ ਇਸ ਪ੍ਰਤੀ ਜਾਗਰੂਕ ਹੁੰਦਾ ਹੋਇਆ ਵੀ ਬੇਵਸ ਹੁੰਦਾ ਹੈ ਕਿਉਂਕਿ ਨਾੜ ਨੂੰ ਸਿਰਫ਼ ਵਹਾਈ ਕਰਕੇ ਖੇਤਾਂ ਵਿਚ ਗਾਲਿਆ ਜਾ ਸਕਦਾ ਹੈ ਜੋ ਪਾਣੀ ਤੋਂ ਬਿਨਾਂ ਸੰਭਵ ਨਹੀਂ। ਇਸ ਸਮੇਂ ਖੇਤੀ ਸੈਕਟਰ ਨੂੰ ਲਗਾਤਾਰ ਨਿਰਵਿਘਨ ਤੇ ਸਮਾਂਬੱਧ ਬਿਜਲੀ ਸਪਲਾਈ ਦੀ ਲੋੜ ਹੋਵੇਗੀ, ਜਿਸ ਨਾਲ ਖੇਤਾਂ ਵਿਚ ਵਹਾਈ ਉਪਰੰਤ ਨਾੜ ਨੂੰ ਗਾਲਿਆ ਜਾ ਸਕੇ। ਪ੍ਰੰਤੂ ਸਰਕਾਰਾਂ ਦੇ ਦਾਅਵੇ ਦੇ ਉਲਟ ਸਿਰਫ਼ ਝੋਨੇ ਦੇ ਸੀਜ਼ਨ ਵਿਚ ਛੇ ਘੰਟੇ ਬਿਜਲੀ ਤੋਂ ਇਲਾਵਾ ਸਾਰਾ ਸਾਲ 3-4 ਘੰਟੇ ਉਹ ਵੀ ਬਿਨਾਂ ਕਿਸੇ ਪੱਕੇ ਸਮਾਂ ਬੱਧ ਨਿਯਮ ਤੋਂ ਹੀ ਦਿੱਤੀ ਜਾਂਦੀ ਹੈ। ਇਸ ਨਾਲ ਤਾਂ ਪਸ਼ੂਆਂ ਦਾ ਚਾਰਾ ਵੀ ਨਹੀਂ ਤਿਆਰ ਹੁੰਦਾ, ਬਾਕੀ ਫਸਲਾਂ ਜਿਵੇਂ ਗੰਨਾ, ਮੈਂਥਾ, ਸੂਰਜਮੁਖੀ ਤੇ ਮੱਕੀ ਆਦਿ ਨੂੰ ਕਿਸਾਨ ਜਨਰੇਟਰਾਂ ਦੁਆਰਾ ਮਹਿੰਗਾ ਡੀਜ਼ਲ ਫੂਕ ਕੇ ਹੀ ਸਿੰਜਦੇ ਹਨ। ਨਾੜ ਨੂੰ ਅੱਗ ਲਗਾਉਣ ਤੋਂ ਬਗੈਰ ਖੇਤਾਂ ਵਿਚ ਦਫਨਾ ਕੇ ਗਾਲਿਆ ਜਾ ਸਕਦਾ ਹੈ, ਜਿਸ ਨਾਲ ਆਰਗੈਨਿਕ ਖਾਦ ਬਣ ਕੇ ਖੇਤ ਉਪਜਾਊ ਬਣਨਗੇ ਜਿਸ ਨਾਲ ਕੀੜੇ ਮਾਰ ਜ਼ਹਿਰਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘਟੇਗੀ। ਕਿਸਾਨ ਮੁਫ਼ਤ ਬਿਜਲੀ ਦੀ ਬਜਾਏ ਸਸਤੇ ਦਰਾਂ ‘ਤੇ ਬਿਜਲੀ ਦੀ ਮੰਗ ਕਰਦੇ ਹਨ ਤੇ ਨਿਰਵਿਘਨ ਤੇ ਸਮਾਂਬੱਧ ਸਪਲਾਈ ਹੀ ਕਿਸਾਨਾਂ ਦੀ ਮੁੱਖ ਮੰਗ ਹੈ। ਇਸ ਲਈ ਕਿਸਾਨ ਵੀਰ ਵੀ ਸਰਕਾਰਾਂ ਤੋਂ ਟੇਕ ਤੋਂ ਇਲਾਵਾ ਆਪਣੀ ਮਾਨਸਿਕਤਾ ਵਿਚ ਤਬਦੀਲੀ ਲਿਆ ਕੇ ਕੁਝ ਖੇਤੀ ਜ਼ਮੀਨ ਦਾ ਕੁਝ ਹਿੱਸਾ ਹੀ ਨਾੜ ਨੂੰ ਜ਼ਮੀਨ ਵਿਚ ਦਫਨਾ ਕੇ ਇਹ ਸਿੱਧ ਕਰਨ ਕਿ ਕਿਸਾਨ ਵਾਤਾਵਰਨ ਦਾ ਦੁਸ਼ਮਣ ਨਹੀਂ ਬਸ ਉਸ ਕੋਲ ਲੋੜੀਂਦੇ ਸਾਧਨ ਨਹੀਂ। ਅਜੇ ਤੱਕ ਖੇਤੀ ਮਾਹਿਰਾਂ ਵੱਲੋਂ ਇਸ ਦੇ ਹੱਲ ਲਈ ਕੋਈ ਮਸ਼ੀਨਰੀ ਵੀ ਤਿਆਰ ਨਹੀਂ ਹੋ ਸਕੀ ਜੋ ਸਹਿਕਾਰੀ ਸਭਾਵਾਂ ਦੁਆਰਾ ਖੇਤਾਂ ਵਿਚ ਅਜਿਹੇ ਪ੍ਰਯੋਗ ਕਰਕੇ ਇਸ ਸਮੱਸਿਆ ਤੋਂ ਨਿਜ਼ਾਤ ਦਿਵਾ ਸਕੇ।

ਅਮਰੀਕ ਸਿੰਘ ਢੀਂਡਸਾ
-ਮੋਬਾਈਲ : 94635-39590.

(source Ajit)

About admin_th

Check Also

ਸਟ੍ਰਾਬੇਰੀ ਦੀ ਸਫ਼ਲਤਾ ਨਾਲ ਕਾਸ਼ਤ ਕਰ ਰਿਹਾ ਹੈ ਪਿੰਡ ਸਵਾਲ ਦਾ ਕਿਸਾਨ ਬਲਕਾਰ ਸਿੰਘ

ਰਵਾਇਤੀ ਖੇਤੀ ਦਿਨੋਂ ਦਿਨ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਕਿਸਾਨ ਦੂਜੀਆਂ …

error: Content is protected !!