ਸੋਰਠਿ ਮਹਲਾ ੫ ॥ ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ ਹੋਈ ਰਾਜੇ ਰਾਮ ਕੀ ਰਖਵਾਲੀ ॥ ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ {ਅੰਗ 620}
ਪਦਅਰਥ: ਦੁਰਤੁ—{दुरित} ਪਾਪ। ਪ੍ਰਭਿ—ਪ੍ਰਭੂ ਨੇ। ਆਪੇ—ਆਪ ਹੀ। ਸਭੁ—ਸਾਰਾ। ਉਬਾਰਿਆ—(ਪਾਪਾਂ ਤੋਂ) ਬਚਾਇਆ ਹੈ। ਪਾਰਬ੍ਰਹਮਿ—ਪਾਰਬ੍ਰਹਮ ਨੇ। ਬਿਰਦੁ—ਮੁੱਢ—ਕਦੀਮਾਂ ਦਾ ਸੁਭਾਉ। ਸਮਾਰਿਆ—ਚੇਤੇ ਰੱਖਿਆ ਹੈ।੧।
ਰਾਜੇ ਰਾਮ ਕੀ—ਰਾਮ ਰਾਜੇ ਕੀ, ਪ੍ਰਭੂ—ਪਾਤਿਸ਼ਾਹ ਦੀ। ਰਖਵਾਲੀ—ਰਾਖੀ, ਸਹਾਇਤਾ। ਸਹਜ—ਆਤਮਕ ਅਡੋਲਤਾ। ਸੁਖਾਲੀ—ਸੁਖੀ।ਰਹਾਉ।
ਪਤਿਤ ਉਧਾਰਣੁ—ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ—ਮੈਨੂੰ। ਤਿਸ ਕਾ—{ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ}। ਭਰਵਾਸਾ—ਆਸਰਾ। ਸਭਿ—ਸਾਰੇ। ਸੁਣਿ—ਸੁਣੈ, ਸੁਣਦਾ ਹੈ।੨।
ਅਰਥ: ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ, ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ।ਰਹਾਉ।
(ਹੇ ਭਾਈ! ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ, (ਉਸ ਨੂੰ ਗੁਰੂ ਮਿਲਾ ਕੇ) ਪ੍ਰਭੂ ਨੇ ਉਸ ਦਾ ਪਿਛਲਾ ਕੀਤਾ) ਪਾਪ (ਉਸ ਦੇ ਅੰਦਰੋਂ) ਦੂਰ ਕਰ ਦਿੱਤਾ। (ਇਸ ਤਰ੍ਹਾਂ) ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ। ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਚੇਤੇ ਰੱਖਦਾ ਹੈ।੧।
ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ। ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ), ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ।੨।੧੭।੪੫।
Check Also
Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib
Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ …